Young Akali leader Sukhan : ਬਠਿੰਡਾ ਵਿਖੇ ਬੀਤੇ ਸ਼ਨੀਵਾਰ ਨੂੰ ਹੋਈ ਯੂਥ ਅਕਾਲੀ ਦਲ ਦੇ ਆਗੂ ਸੁਖਨਪ੍ਰੀਤ ਸਿੰਘ ਸੰਧੂ ਦੀ ਗੋਲੀ ਮਾਰ ਕੇ ਕੀਤੇ ਗਏ ਕਤਲ ਦੇ ਮਾਮਲੇ ਵਿੱਚ ਸੋਮਵਾਰ ਨੂੰ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀ ਦੀ ਪਛਾਣ ਸੰਜੇ ਠਾਕੁਰ ਵਜੋਂ ਹੋਈ ਹੈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦੋਸ਼ੀ ਨੇ ਸੁਖਨਪ੍ਰੀਤ ਨਾਲ ਲੈਣ ਦੇ ਵਿਵਾਦ ਵਿੱਚ ਉਸੇ ਦੀ ਹੀ ਲਾਇਸੈਂਸੀ ਰਿਵਾਲਵਰ ਨਾਲ ਗੋਲੀ ਮਾਰੀ ਸੀ। ਪੁਲਿਸ ਨੇ ਦੋਸ਼ੀ ਤੋਂ ਮ੍ਰਿਤਕ ਦਾ ਰਿਵਾਲਵਰ ਵੀ ਬਰਾਮਦ ਕਰ ਲਿਆ ਹੈ।
ਐੱਸਐੱਸਪੀ ਭੁਪਿੰਦਰਜੀਤ ਸਿੰਘ ਵਿਰਕ ਨੇ ਸੋਮਵਾਰ ਨੂੰ ਪ੍ਰੈੱਸ ਕਾਨਫਰੰਸ ਵਿੱਚ ਦੱਸਿਆ ਕਿ ਯੂਥ ਅਕਾਲੀ ਨੇਤਾ ਸੁਖਨਪ੍ਰੀਤ ਸਿੰਘ ਨੇ ਫਾਈਨਾਂਸ ਦਾ ਕੰਮ ਕਰਨ ਵਾਲੇ ਦੋਸ਼ੀ ਸੰਜੇ ਠਾਕੁਰ ਤੋਂ ਲਗਭਗ ਤਿੰਨ ਸਾਲ ਪਹਿਲਾਂ ਤਿੰਨ ਲੱਖ ਰੁਪਏ ਦਾ ਲੋਨ ਲਿਆ ਸੀ। ਇਸ ਸੰਬੰਧ ਵਿੱਚ ਦੋਸ਼ੀ ਅਤੇ ਯੂਥ ਅਕਾਲੀ ਨੇਤਾ ਨੇ ਆਪਸ ਵਿੱਚ ਬੈਠ ਕੇ ਸਮਝੌਤਾ ਕਰ ਲਿਆ ਸੀ। ਸਮਝੌਤੇ ਅਧੀਨ ਸੁਖਨਪ੍ਰੀਤ ਨੂੰ ਦੋਸ਼ੀ ਨੂੰ ਇਕ ਲੱਖ ਚਾਲ੍ਹੀ ਹਜ਼ਾਰ ਰੁਪਏ ਵਾਪਿਸ ਕਰਨੇ ਸਨ। ਐੱਸਐੱਸਪੀ ਨੇ ਦੱਸਿਆ ਕਿ ਸ਼ਨੀਵਾਰ ਨੂੰ ਸੁਖਨਪ੍ਰੀਤ ਸੰਜੇ ਠਾਕੁਰ ਨੂੰ ਚਾਲ੍ਹੀ ਹਜ਼ਾਰ ਰੁਪਏ ਦੇਣ ਲਈ ਐਕਟਿਵਾ ’ਤੇ ਠੰਡੀ ਸੜਕ ’ਤੇ ਗਿਆ ਸੀ।
ਦੱਸਣਯੋਗ ਹੈ ਕਿ ਸੁਖਨ ਸੰਧੂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਸੀ ਕਿ ਕਤਲ ਤੋਂ ਕੁੱਝ ਸਮਾਂ ਪਹਿਲਾਂ ਸੁਖਨ ਸੰਧੂ ਨੂੰ ਕਿਸੇ ਦਾ ਫ਼ੋਨ ਆਇਆ ਸੀ ਤੇ ਉਹ ਰਾਤ ਕਰੀਬ ਸਵਾ 9 ਵਜੇ ਘਰੋਂ 40 ਹਜ਼ਾਰ ਰੁਪਏ ਲੈ ਕੇ ਐਕਟਿਵਾ ‘ਤੇ ਨਿਕਲਿਆ ਸੀ ਪਰ ਕੁਝ ਹੀ ਸਮੇਂ ਬਾਅਦ ਉਸਦੇ ਕਤਲ ਹੋਣ ਦੀ ਸੂਚਨਾ ਮਿਲ ਗਈ। ਦੋਸ਼ੀ ਸੁਖਨ ਸਿੰਘ ਕੋਲ ਮੌਜੂਦ 40 ਹਜ਼ਾਰ ਰੁਪਏ ਅਤੇ ਉਸ ਦੀ ਰਿਵਾਲਵਰ ਲੈ ਕੇ ਫਰਾਰ ਹੋ ਗਿਆ ਸੀ।