ਲੁਧਿਆਣਾ ‘ਚ ਹੈਬੋਵਾਲ ਦੇ ਥਾਣਾ ਸਿਵਲ ਲਾਈਨ ਦੇ ਚੰਦਰ ਨਗਰ ‘ਚ ਇਕ ਵਿਅਕਤੀ ਨੇ ਸਬਜ਼ੀ ਵੇਚਣ ਵਾਲੇ ‘ਤੇ ਤੇਲ ਪਾ ਕੇ ਉਸ ਨੂੰ ਅੱਗ ਲਾ ਦਿੱਤੀ। ਸਬਜ਼ੀ ਵੇਚਣ ਵਾਲੇ ਦਾ ਕਸੂਰ ਸਿਰਫ ਇਹ ਸੀ ਕਿ ਉਸ ਨੇ ਦੋਸ਼ੀ ਨੂੰ ਸਬਜ਼ੀ ਦੇਣ ਤੋਂ ਬਾਅਦ ਜਿਹੜੇ ਪੈਸੇ ਵਾਪਸ ਕੀਤੇ ਸਨ, ਉਨ੍ਹਾਂ ਵਿੱਚ ਇੱਕ ਦਸ ਰੁਪਏ ਦਾ ਨੋਟ ਫਟਿਆ ਸੀ। ਇਸ ਤੋਂ ਬਾਅਦ ਬਹਿਸ ਹੋਈ ਅਤੇ ਦੋਸ਼ੀ ਨੇ ਸਬਜ਼ੀ ਵੇਚਣ ਵਾਲੇ ਨੂੰ ਕੁੱਟ ਕੇ ਉਸ ਨੂੰ ਅੱਗ ਲਾ ਦਿੱਤੀ।
ਇਸ ਘਟਨਾ ਵਿੱਚ ਜ਼ਖ਼ਮੀ ਹੋਏ ਸ਼ੇਖਰ ਵਾਸੀ ਹੈਬੋਵਾਲ ਦੇ ਮੁਹੱਲਾ ਹਰਗੋਬਿੰਦ ਨਗਰ ਨੂੰ ਉਸ ਦੇ ਭਰਾ ਰਾਜੇਸ਼ ਨੇ ਇਲਾਕਾ ਵਾਸੀਆਂ ਨਾਲ ਮਿਲ ਕੇ ਹਸਪਤਾਲ ਪਹੁੰਚਾਇਆ। ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਸੂਚਨਾ ਮਿਲਦੇ ਹੀ ਥਾਣਾ ਹੈਬੋਵਾਲ ਦੀ ਪੁਲਸ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਰਾਜੇਸ਼ ਦੀ ਸ਼ਿਕਾਇਤ ’ਤੇ ਰਵੀ ਸ਼ਰਮਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਰਾਜੇਸ਼ ਵੱਲੋਂ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਮੁਤਾਬਕ ਉਹ ਆਪਣੇ ਭਰਾ ਨਾਲ ਮਿਲ ਕੇ ਇਸੇ ਇਲਾਕੇ ਵਿੱਚ ਨਰਾਇਣ ਸਬਜ਼ੀ ਦੇ ਨਾਂ ’ਤੇ ਦੁਕਾਨ ਚਲਾਉਂਦਾ ਹੈ। ਵੀਰਵਾਰ ਸਵੇਰੇ ਜਦੋਂ ਉਹ ਸਬਜ਼ੀ ਵੇਚ ਰਿਹਾ ਸੀ ਤਾਂ ਦੋਸ਼ੀ ਨੇ ਉਸ ਕੋਲੋਂ 20 ਰੁਪਏ ਦੀ ਮੂਲੀ ਖਰੀਦੀ ਅਤੇ ਉਸ ਨੂੰ 50 ਰੁਪਏ ਦਾ ਨੋਟ ਦੇ ਦਿੱਤਾ। ਸ਼ੇਖਰ ਨੇ ਉਸ ਨੂੰ 30 ਰੁਪਏ ਵਾਪਸ ਕਰ ਦਿੱਤੇ। ਉਸ ਵਿੱਚ 10 ਰੁਪਏ ਦਾ ਨੋਟ ਫਟਿਆ ਹੋਇਆ ਸੀ। ਫਟੇ ਹੋਏ ਨੋਟ ਨੂੰ ਦੇਖ ਕੇ ਦੋਸ਼ੀ ਗੁੱਸੇ ‘ਚ ਆ ਗਿਆ ਅਤੇ ਸ਼ੇਖਰ ਦੇ ਸਾਹਮਣੇ ਨੋਟ ਨੂੰ ਪਾੜ ਦਿੱਤਾ ਅਤੇ ਗਾਲ੍ਹਾਂ ਕੱਢਣ ਲੱਗ ਗਿਆ। ਇਸ ਤੋਂ ਬਾਅਦ ਦੋਸ਼ੀ ਨੇ ਸ਼ੇਖਰ ਨੂੰ ਕੁੱਟਿਆ ਵੀ।
ਇਹ ਵੀ ਪੜ੍ਹੋ : ਭਲਕੇ ਪਟਿਆਲਾ ਜੇਲ੍ਹ ਤੋਂ ਰਿਹਾਅ ਹੋਣਗੇ ਨਵਜੋਤ ਸਿੱਧੂ, ਟਵੀਟ ਕਰ ਦਿੱਤੀ ਜਾਣਕਾਰੀ
ਇਸ ਦੌਰਾਨ ਇਲਾਕੇ ਦੇ ਲੋਕ ਇਕੱਠੇ ਹੋ ਗਏ ਅਤੇ ਦੋਵਾਂ ਨੂੰ ਰਾਜ਼ੀਨਾਮਾ ਕਰਵਾ ਦਿੱਤਾ। ਇਸ ਤੋਂ ਬਾਅਦ ਜਿਵੇਂ ਹੀ ਦੋਸ਼ੀ ਨੇ ਸ਼ੇਖਰ ਨੂੰ ਜੱਫੀ ਪਾਈ ਤਾਂ ਉਸ ਨੇ ਉਸ ਦੇ ਪਿੱਛੇ ਅਤੇ ਅੱਗੇ ਤੇਲ ਪਾ ਕੇ ਅੱਗ ਲਗਾ ਦਿੱਤੀ। ਸ਼ੇਖਰ ਨੂੰ ਬਚਾਉਣ ਲਈ ਲੋਕਾਂ ਨੇ ਉਸ ‘ਤੇ ਪਾਣੀ ਪਾ ਦਿੱਤਾ। ਇਸ ਦੌਰਾਨ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ।
ਘਟਨਾ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਪੀੜਤ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਅਜੇ ਫਰਾਰ ਹੈ, ਜਿਸ ਦੀ ਭਾਲ ‘ਚ ਛਾਪੇਮਾਰੀ ਕੀਤੀ ਜਾ ਰਹੀ ਹੈ। ਜਲਦ ਹੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: