ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਧੰਨ ਧੰਨ ਬਾਬਾ ਜੀਵਨ ਸਿੰਘ ਜੀ ‘ਰੰਗਰੇਟਾ ਗੁਰੂ ਕਾ ਬੇਟਾ’ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਮਜੀਠਾ ਹਲਕੇ ਦੇ ਪਿੰਡ ਅਬਦਾਲ ਤੋਂ ਤਖ਼ਤ ਸ਼੍ਰੀ ਅਨੰਦਪੁਰ ਸਾਹਿਬ ਰਵਾਨਾ ਹੋਣ ਵਾਲੇ ਨਗਰ ਕੀਰਤਨ ਵਿੱਚ ਸ਼ਾਮਿਲ ਹੋਏ ਅਤੇ ਸਾਧ ਸੰਗਤ ਦੇ ਦਰਸ਼ਨ ਕਰਕੇ ਗੁਰੂ ਸਾਹਿਬ ਦੀ ਅਸੀਸ ਪ੍ਰਾਪਤ ਕੀਤੀ।
ਮਜੀਠੀਆ ਨੇ ਕਿਹਾ ਕਿ ਬਾਬਾ ਜੀਵਨ ਸਿੰਘ ਜੀ ਦਾ ਸਮੁੱਚਾ ਜੀਵਨ ਗੁਰੂ ਦੇ ਇੱਕ ਸੱਚੇ, ਸਿਰੜੀ ਸਿੱਖ ਦਾ ਜੀਵਨ ਹੈ ਜੋ ਕਿ ਸਾਡੇ ਸਭ ਲਈ ਪ੍ਰੇਰਨਾ ਦਾ ਸਰੋਤ ਹੈ।
ਦੱਸ ਦੇਈਏ ਕਿ ਸ਼ਹੀਦ ਬਾਬਾ ਜੀਵਨ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਬਹੁਤ ਹੀ ਪਿਆਰੇ ਸਿੱਖ ਸਨ। ਜਦ ਗੁਰੂ ਗੋਬਿੰਦ ਸਿੰਘ ਜੀ ਨੇ 1699 ਈ: ਦੀ ਵਿਸਾਖੀ ਨੂੰ ‘ਖਾਲਸਾ’ ਸਾਜਿਆ ਤਾਂ ਭਾਈ ਜੈਤਾ ਜੀ ਵੀ ਅੰਮ੍ਰਿਤ ਦੀ ਪਵਿੱਤਰ ਦਾਤ ਪ੍ਰਾਪਤ ਕਰਕੇ ਭਾਈ ਜੈਤਾ ਤੋਂ ਬਾਬਾ ਜੀਵਨ ਸਿੰਘ ਬਣ ਗਏ ਸਨ।
ਬਾਬਾ ਜੀਵਨ ਸਿੰਘ ਜੀ ਦਾ ਬਚਪਨ ਗੋਬਿੰਦ ਰਾਏ ਜੀ ਦੇ ਨਾਲ ਖੇਡਦਿਆਂ ਬੀਤਿਆ। ਗੋਬਿੰਦ ਰਾਏ ਜੀ ਤੇ ਬਾਬਾ ਜੀਵਨ ਸਿੰਘ ਜੀ ਨੇ ਇੱਕਠਿਆਂ ਵਿੱਦਿਆ ਤੇ ਸਸ਼ਤਰ ਵਿੱਦਿਆ ਵਿੱਚ ਨਿਪੁੰਨਤਾ ਹਾਸਿਲ ਕੀਤੀ।
ਇਹ ਵੀ ਪੜ੍ਹੋ : ਖੰਨਾ : ਫਿਲਮੀ ਸਟਾਈਲ ‘ਚ ਕਿਸਾਨ ਤੋਂ ਲੁੱਟੇ 25 ਲੱਖ, ਇਨਕਮ ਟੈਕਸ ਅਧਿਕਾਰੀ ਬਣ ਕੇ ਆਏ ਲੁਟੇਰੇ
ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ‘ਤੇ ਉਨ੍ਹਾਂ ਦਾ ਸੀਸ ਉਠਾ ਕੇ ਅਨੰਦਪੁਰ ਸਾਹਿਬ ਪਹੁੰਚੇ ਤਾਂ ਸ੍ਰੀ ਗੁਰੂ ਗੋਬਿੰਦ ਜੀ ਨੇ ‘ਰੰਘਰੇਟੇ ਗੁਰੂ ਕੇ ਬੇਟੇ’ ਦੇ ਖਿਤਾਬ ਨਾਲ ਨਿਵਾਜ਼ ਕੇ ਛਾਤੀ ਨਾਲ ਲਾਇਆ।
ਬਾਬਾ ਜੀਵਨ ਸਿੰਘ ਜੀ ਚਮਕੌਰ ਦੀ ਜੰਗ ਸਮੇਂ ਗੁਰੂ ਜੀ ਦੇ ਮੋਢੇ ਨਾਲ ਮੋਢਾ ਜੋੜ ਕੇ ਵੈਰੀ ਨਾਲ ਲੜੇ। ਬਾਬਾ ਜੀਵਨ ਸਿੰਘ ਜੀ ਨੇ ਇਸ ਜੰਗ ਵਿੱਚ ਵੀ ਆਪਣੀ ਬਹਾਦਰੀ ਦੇ ਜੌਹਰ ਵਿਖਾਏ। ਜਦ ਦੋਵੇਂ ਸਾਹਿਬਜ਼ਾਦੇ ਸ਼ਹੀਦੀਆਂ ਪ੍ਰਾਪਤ ਕਰ ਗਏ ਤਾਂ ਬਾਕੀ ਬਚੇ ਹੋਏ ਸਿੰਘਾਂ ਨੇ ਗੁਰੂ ਜੀ ਨੂੰ ਉਥੋਂ ਨਿਕਲ ਜਾਣ ਲਈ ਕਿਹਾ ਤਾਂ ਗੁਰੂ ਸਾਹਿਬ ਜੀ ਨੇ ਇਨਕਾਰ ਕਰਨ ਤੇ ਤਦ ਪੰਜ ਸਿੰਘਾਂ ਨੇ ਹੁਕਮ ਕੀਤਾ ਕਿ ਆਪ ਇੱਥੋ ਚਲੇ ਜਾਉ ਤੇ ਬਾਹਰ ਜਾ ਕੇ ਪੰਥ ਦੀ ਸੰਭਾਲ ਕਰੋ’ ਤਾਂ ਗੁਰੂ ਸਾਹਬ ਬਾਹਰ ਚਲੇ ਗਏ।
ਗੁਰੂ ਸਾਹਬ ਜੀ ਦੇ ਜਾਣ ਪਿੱਛੋਂ ਯੁੱਧ ਦੀ ਕਮਾਨ ਭਾਈ ਜੀਵਨ ਸਿੰਘ ਜੀ ਨੇ ਸੰਭਾਲੀ। ਇਸ ਯੁੱਧ ਵਿੱਚ ਭਾਈ ਜੀਵਨ ਸਿੰਘ ਜੀ ਦੇ ਦੋ ਵੱਡੇ ਸਪੁੱਤਰ ਭਾਈ ਸੁੱਖਾ ਸਿੰਘ, ਭਾਈ ਸੇਵਾ ਸਿੰਘ ਤੇ ਛੋਟਾ ਭਰਾ ਭਾਈ ਸੰਗਤ ਸਿੰਘ ਜੀ ਵੀ ਸ਼ਹੀਦ ਹੋ ਗਏ। ਅੰਤ ਵੈਰੀ ਨਾਲ ਲੋਹਾ ਲੈਂਦੇ ਹੋਏ ਭਾਈ ਜੀਵਨ ਸਿੰਘ ਜੀ 23 ਦਸੰਬਰ 1704 ਦੀ ਸਵੇਰ ਨੂੰ ਸ਼ਹੀਦੀ ਪ੍ਰਾਪਤ ਕੀਤੀ।
ਵੀਡੀਓ ਲਈ ਕਲਿੱਕ ਕਰੋ -: