ਖੰਨਾ ਦੇ ਸਿਵਲ ਹਸਪਤਾਲ ‘ਚ ਸ਼ੁੱਕਰਵਾਰ ਦੇਰ ਰਾਤ ਇਕ ਨੌਜਵਾਨ ਨੇ ਦੂਜੀ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ 35 ਸਾਲਾ ਕੁਲਵਿੰਦਰ ਸਿੰਘ ਸੋਨੀ ਵਾਸੀ ਰਸੂਲੜਾ ਵਜੋਂ ਹੋਈ ਹੈ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਕੁਲਵਿੰਦਰ ‘ਤੇ ਬੀਤੀ 2 ਮਈ ਨੂੰ ਹਮਲਾ ਹੋਇਆ ਸੀ, ਜਿਸ ਤੋਂ ਬਾਅਦ ਹਮਲਾਵਰ ਲਗਾਤਾਰ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਸਨ। ਜਦੋਂ ਉਸ ਨੂੰ ਪੁਲਿਸ ਤੋਂ ਵੀ ਇਨਸਾਫ਼ ਨਾ ਮਿਲਿਆ ਤਾਂ ਉਸ ਨੇ ਦੂਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ।
ਪਰਿਵਾਰ ਨੇ ਦੋਸ਼ ਲਾਇਆ ਕਿ ਕੁਲਵਿੰਦਰ ਸਿੰਘ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਉਸ ਦੀ ਐਮਐਲਆਰ ਕੱਟੀ ਹੋਈ ਸੀ। ਥਾਣਾ ਸਦਰ ਦੇ ਏਐਸਆਈ ਸ਼ਮਸ਼ੇਰ ਸਿੰਘ ਨੇ ਬਿਆਨ ਦਰਜ ਕਰਵਾਏ ਸਨ ਪਰ ਕੋਈ ਕਾਰਵਾਈ ਨਹੀਂ ਹੋਈ। ਇਸ ਦੇ ਨਾਲ ਹੀ ਕੁਲਵਿੰਦਰ ਸਿੰਘ ‘ਤੇ ਹਮਲਾ ਕਰਨ ਵਾਲੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਸਨ। ਇਸ ਡਰ ਕਾਰਨ ਉਹ ਸਿਵਲ ਹਸਪਤਾਲ ਦੇ ਮੇਲ ਵਾਰਡ ਵਿੱਚ ਬਾਥਰੂਮ ਵਿੱਚ ਜਾ ਕੇ ਕੁੰਡੀ ਲਾਈ ਤੇ ਖਿੜਕੀ ਤੋਂ ਛਾਲ ਮਾਰ ਦਿੱਤੀ। ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਘਟਨਾ ਤੋਂ ਬਾਅਦ ਮ੍ਰਿਤਕ ਕੁਲਵਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਪੁਲਿਸ ਮੁਲਜ਼ਮਾਂ ਨਾਲ ਮਿਲੀਭੁਗਤ ਕਰ ਰਹੀ ਹੈ। 2 ਮਈ ਨੂੰ ਜਦੋਂ ਕੁਲਵਿੰਦਰ ਪਿੰਡ ਦੀ ਇਕ ਦੁਕਾਨ ‘ਤੇ ਗਿਆ ਸੀ ਤਾਂ ਉਸੇ ਪਿੰਡ ਦੇ ਹੀ ਕੁਝ ਬੰਦਿਆਂ ਨੇ ਬਿਨਾਂ ਕਿਸੇ ਕਾਰਨ ਉਸ ਨੂੰ ਗਾਲ੍ਹਾਂ ਕੱਢੀਆਂ।
ਜਦੋਂ ਕੁਲਵਿੰਦਰ ਨੇ ਉਸ ਨੂੰ ਰੋਕਿਆ ਤਾਂ ਉਸ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਗਿਆ ਅਤੇ ਕੁਲਵਿੰਦਰ ਨੇ ਆਪਣਾ ਹੱਥ ਅੱਗੇ ਕਰ ਦਿੱਤਾ ਸੀ, ਜਿਸ ਕਾਰਨ ਉਸ ਦਾ ਹੱਥ ਬੁਰੀ ਤਰ੍ਹਾਂ ਕੱਟਿਆ ਗਿਆ, ਜਿਸ ਕਾਰਨ ਕੁਲਵਿੰਦਰ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਦੂਜੀ ਧਿਰ ਵੀ ਹਸਪਤਾਲ ਵਿੱਚ ਦਾਖ਼ਲ ਹੋ ਗਈ ਸੀ ਅਤੇ ਉੱਥੇ ਵੀ ਧਮਕੀਆਂ ਦਿੱਤੀਆਂ ਗਈਆਂ ਸਨ। ਇਲਾਜ ਦੌਰਾਨ ਕੁਲਵਿੰਦਰ ਦੇ ਹੱਥ ‘ਤੇ ਕਈ ਟਾਂਕੇ ਲੱਗੇ ਸਨ।
ਮ੍ਰਿਤਕ ਦੀ ਭੈਣ ਅਤੇ ਭਰਜਾਈ ਮੁਤਾਬਕ ਸਿਵਲ ਹਸਪਤਾਲ ਵਿੱਚ ਕੁਲਵਿੰਦਰ ਸਿੰਘ ਦੇ ਵਾਰਡ ਵਿੱਚ ਦੋ-ਤਿੰਨ ਦਿਨਾਂ ਤੋਂ ਕੁਝ ਨਸ਼ੇੜੀ ਘੁੰਮ ਰਹੇ ਸਨ। ਇਸ ਦੌਰਾਨ ਦੋਸ਼ੀ ਕੁਲਵਿੰਦਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦੇ ਰਹੇ ਸਨ। ਡਰ ਦੇ ਮਾਰੇ ਕੁਲਵਿੰਦਰ ਨੇ ਇਹ ਕਦਮ ਚੁੱਕਿਆ। ਉਹ ਇਨਸਾਫ ਚਾਹੁੰਦੇ ਹਨ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ : ਫਗਵਾੜੇ ਦੀ ਔਰਤ ਦੇ ਖਾਤੇ ਤੋਂ ਉੱਡੇ ਲੱਖਾਂ ਰੁਪਏ, 9 ਲੋਕਾਂ ਨੇ ਸਾਜ਼ਿਸ਼ ਦੇ ਤਹਿਤ ਦਿੱਤਾ ਘਟਨਾ ਨੂੰ ਅੰਜਾਮ
ਸਿਟੀ ਥਾਣਾ 2 ਦੇ ਐਸਐਚਓ ਗੁਰਮੀਤ ਸਿੰਘ ਨੇ ਦੱਸਿਆ ਕਿ ਕੁਲਵਿੰਦਰ ਸਿੰਘ ’ਤੇ ਕੁੱਟਮਾਰ ਸਬੰਧੀ ਥਾਣਾ ਸਦਰ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ ਪਰ ਕੁਲਵਿੰਦਰ ਅਜੇ ਵੀ ਹਸਪਤਾਲ ਵਿੱਚ ਦਾਖਲ ਸੀ, ਜਿਸ ਨੇ ਬਾਥਰੂਮ ਦੀ ਖਿੜਕੀ ਤੋਂ ਪਾਈਪ ਤੋਂ ਹੇਠਾਂ ਛਾਲ ਮਾਰ ਦਿੱਤੀ। ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: