ਮੋਹਾਲੀ ਪੁਲਿਸ ਨੇ IPS ਅਫਸਰਾਂ ਅਤੇ ਵੱਡੀਆਂ ਸ਼ਖਸੀਅਤਾਂ ਦੇ ਫਰਜ਼ੀ ਫੇਸਬੁੱਕ ਖਾਤੇ ਬਣਾ ਕੇ ਲੋਕਾਂ ਤੋਂ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ। ਫੜੇ ਗਏ ਦੋਸ਼ੀ ਦੀ ਪਛਾਣ ਮੁਹੰਮਦ ਕੈਫ ਉਰਫ ਕੈਫ ਵਾਸੀ ਪਿੰਡ ਛੀਨਾਵਾੜਾ, ਰਾਜਸਥਾਨ ਵਜੋਂ ਹੋਈ ਹੈ। ਪੁਲਿਸ ਨੇ ਦੋਸ਼ੀ ਕੋਲੋਂ ਇੱਕ ਮੋਬਾਈਲ ਫ਼ੋਨ ਅਤੇ ਇੱਕ ਸਿਮ ਕਾਰਡ ਬਰਾਮਦ ਕੀਤਾ ਹੈ।
ਮੁਹਾਲੀ ਦੇ ਐਸਐਸਪੀ ਸੰਦੀਪ ਗਰਗ ਨੇ ਦੱਸਿਆ ਕਿ ਦੋਸ਼ੀ ਫਰਜ਼ੀ ਫੇਸਬੁੱਕ ਆਈਡੀ ਬਣਾ ਕੇ ਉਸ ’ਤੇ ਆਈਪੀਐਸ ਅਫ਼ਸਰਾਂ ਅਤੇ ਵੱਡੀਆਂ ਸ਼ਖ਼ਸੀਅਤਾਂ ਦੀਆਂ ਫੋਟੋਆਂ ਪਾ ਕੇ ਉਸ ’ਤੇ ਸੰਦੇਸ਼ ਭੇਜਦਾ ਸੀ ਕਿ ਉਸ ਦੇ ਦੋਸਤਾਂ ਦਾ ਟਰਾਂਸਫਰ ਹੋਰ ਜ਼ਿਲ੍ਹਿਆਂ ਵਿੱਚ ਹੋ ਗਿਆ ਹੈ ਅਤੇ ਘਰ ਵਿੱਚ ਜੋ ਕੀਮਤੀ ਫਰਨੀਚਰ ਤੇ ਹੋਰ ਸਾਮਾਨ ਹੈ ਉਹ ਸਸਤੀਆਂ ਕੀਮਤਾਂ ‘ਤੇ ਵੇਚਣਾ ਹੈ। ਦੋਸ਼ੀ ਨੇ ਇੱਕ ਅਕਾਊਂਟ ਨੰਬਰ ਵੀ ਦਿੱਤਾ ਹੋਇਆ ਸੀ। ਸਸਤੇ ਸਾਮਾਨ ਦੇ ਲਾਲਚ ਵਿੱਚ ਆ ਕੇ ਭੋਲੇ-ਭਾਲੇ ਲੋਕ ਉਸ ਦੇ ਜਾਲ ਵਿੱਚ ਫਸ ਗਏ।
ਫੜਿਆ ਗਿਆ ਦੋਸ਼ੀ ਬੀਸੀਏ ਫਾਈਨਲ ਈਅਰ ਦਾ ਵਿਦਿਆਰਥੀ ਹੈ ਅਤੇ ਉਹ ਆਪਣੀ ਕਲਾਸ ਵਿੱਚ ਅੰਗਰੇਜ਼ੀ ਵਿੱਚ ਟਾਪਰ ਸੀ ਅਤੇ ਇਸ ਦਾ ਫਾਇਦਾ ਉਠਾਉਂਦੇ ਹੋਏ ਦੋਸ਼ੀ ਲੋਕਾਂ ਨਾਲ ਜ਼ਿਆਦਾਤਰ ਅੰਗਰੇਜ਼ੀ ਵਿੱਚ ਗੱਲ ਕਰਦਾ ਸੀ, ਜਿਸ ਕਾਰਨ ਲੋਕਾਂ ਨੂੰ ਲੱਗਦਾ ਸੀ ਕਿ ਉਹ ਕਿਸੇ ਵੱਡੇ ਅਫਸਰ ਨਾਲ ਗੱਲ ਰਹੇ ਹਨ।
ਐਸਐਸਪੀ ਸੰਦੀਪ ਗਰਗ ਨੇ ਦੱਸਿਆ ਕਿ ਦੋਸ਼ੀ ਮੁਹੰਮਦ ਆਪਣੇ ਪਿੰਡ ਦੇ ਜੰਗਲ ਵਿੱਚ ਬੈਠ ਕੇ ਮੋਬਾਈਲ ਰਾਹੀਂ ਓਐਲਐਕਸ ’ਤੇ ਜਾਅਲੀ ਆਈਡੀ ਬਣਾਉਂਦਾ ਸੀ। ਆਈਡੀ ਬਣਾਉਣ ਤੋਂ ਬਾਅਦ ਉਹ ਉਸ ‘ਤੇ ਮੋਟਰਸਾਈਕਲ, ਫਰਨੀਚਰ ਅਤੇ ਹੋਰ ਸਮਾਨ ਵੇਚਣ ਲਈ ਇਸ਼ਤਿਹਾਰ ਦਿੰਦਾ ਸੀ।
ਇਸ ਤੋਂ ਬਾਅਦ ਜੇਕਰ ਕੋਈ ਵਿਅਕਤੀ ਸਾਮਾਨ ਖਰੀਦਣ ਲਈ ਮੈਸੇਜ ਭੇਜਦਾ ਸੀ ਤਾਂ ਦੋਸ਼ੀ ਉਸ ਨੂੰ ਮੋਬਾਈਲ ਨੰਬਰ ਭੇਜਦਾ ਸੀ ਅਤੇ ਇੰਟਰਨੈੱਟ ਰਾਹੀਂ ਕਿਸੇ ਵੀ ਡਿਵਾਈਸ ਤੋਂ ਵੀਆਈਪੀ ਅਤੇ ਆਈਪੀਐਸ ਅਧਿਕਾਰੀਆਂ ਦੇ ਆਈਡੀ ਕਾਰਡ ਡਾਊਨਲੋਡ ਕਰਕੇ ਲੋਕਾਂ ਨੂੰ ਭੇਜਦਾ ਸੀ ਅਤੇ ਉਨ੍ਹਾਂ ਨਾਲ ਅਫਸਰ ਬਣ ਕੇ ਗੱਲ ਕਰਦਾ ਸੀ।
ਇਹ ਵੀ ਪੜ੍ਹੋ : ਕੈਮਰੇ ਸਾਹਮਣੇ ਆਈ ਸ਼ਹੀਦ ਕਿਸਾਨ ਦੀ ਮਾਂ, ਕਹਿੰਦੀ,”ਮੈਂ ਪੁੱਤ ਦਾ ਆਖਰੀ ਵਾਰ ਮੂੰਹ ਦੇਖਣ ਆਈ ਹਾਂ’
ਪੁਲਿਸ ਜਾਂਚ ‘ਚ ਸਾਹਮਣੇ ਆਇਆ ਹੈ ਕਿ ਦੋਸ਼ੀ ਮੁਹੰਮਦ ਪੁਰਾਣੇ ਸਿੱਕਿਆਂ ਦੇ ਵੀਡੀਓ ਇੰਟਰਨੈੱਟ ਤੋਂ ਡਾਊਨਲੋਡ ਕਰਕੇ ਆਪਣੇ ਯੂਟਿਊਬ ਚੈਨਲ ‘ਤੇ ਅਪਲੋਡ ਕਰਦਾ ਸੀ। ਇਸ ਤੋਂ ਬਾਅਦ ਜੇ ਕੋਈ ਵਿਅਕਤੀ ਪੁਰਾਣੇ ਸਿੱਕੇ ਲੈਣ ਲਈ ਸੰਪਰਕ ਕਰਦਾ ਹੈ ਤਾਂ ਦੋਸ਼ੀ ਪਹਿਲਾਂ ਉਸ ਤੋਂ 10 ਫੀਸਦੀ ਐਡਵਾਂਸ ਟੋਕਨ ਮਨੀ ਫੇਸਬੁੱਕ ਬੈਂਕ ਖਾਤੇ ਵਿੱਚ ਟਰਾਂਸਫਰ ਕਰਵਾ ਦਿੰਦਾ ਸੀ।
ਦੋਸ਼ੀ ਪੰਜਾਬ, ਹਰਿਆਣਾ, ਦਿੱਲੀ ਅਤੇ ਹੋਰ ਰਾਜਾਂ ਦੇ ਲੋਕਾਂ ਨੂੰ ਵੱਖ-ਵੱਖ ਮੋਬਾਈਲ ਨੰਬਰਾਂ ਤੋਂ ਫੋਨ ਕਰਕੇ ਕਹਿੰਦਾ ਸੀ ਕਿ ਜੇਕਰ ਕੋਈ 5000 ਤੋਂ 10000 ਰੁਪਏ ਵਿਆਜ ‘ਤੇ ਲੈਣਾ ਚਾਹੁੰਦਾ ਹੈ ਤਾਂ ਉਸ ਨੂੰ ਸਰਕਾਰੀ ਬੈਂਕ ਨਾਲੋਂ ਘੱਟ ਵਿਆਜ ਲੱਗੇਗਾ। ਇਸ ਤਰ੍ਹਾਂ ਦੋਸ਼ੀ ਲੋਕਾਂ ਨੂੰ ਆਪਣੀਆਂ ਗੱਲਾਂ ਵਿੱਚ ਫਸਾ ਕੇ ਠੱਗੀ ਮਾਰ ਰਿਹਾ ਸੀ।