ਫਗਵਾੜਾ: ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਗੱਠਜੋੜ ਵੱਲੋਂ ਫਗਵਾੜਾ ਤੋਂ ਐਲਾਨੇ ਗਏ ਹਲਕਾ ਇੰਚਾਰਜ ਅਤੇ ਬਸਪਾ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਦੇ ਹੱਕ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਭਰਵੀਂ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਅਕਾਲੀ ਦਲ ਦੇ ਵਰਕਰਾਂ ਦੇ ਜੋਸ਼ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਕਿ ਮੀਟਿੰਗ ਨੇ ਰੈਲੀ ਦਾ ਰੂਪ ਧਾਰ ਲਿਆ ਅਤੇ ਵਰਕਰਾਂ ਦੇ ਠਾਠਾਂ ਮਾਰਦੇ ਇਕੱਠ ਨੇ ਪਾਰਟੀ ਆਗੂਆਂ ਦਾ ਜੋਸ਼ ਅਤੇ ਉਤਸ਼ਾਹ ਪਹਿਲਾਂ ਨਾਲੋਂ ਵੀ ਦੁੱਗਣਾ ਕਰ ਦਿੱਤਾ।
ਇਸ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਬਸਪਾ ਸੂਬਾ ਪ੍ਰਧਾਨ ਗੜ੍ਹੀ ਨੇ 9 ਅਕਤੂਬਰ ਦਿਨ ਸ਼ਨੀਵਾਰ ਨੂੰ ਜਲੰਧਰ ਦੀ ਡੀਏਵੀ ਯੂਨੀਵਰਸਿਟੀ ਨੇੜੇ ਹੋਣ ਵਾਲੀ ਭੁੱਲ ਸੁਧਾਰ ਰੈਲੀ ਵਿੱਚ ਸਾਰੇ ਵਰਕਰਾਂ ਨੂੰ ਹੁੰਮ-ਹੁਮਾ ਕੇ ਪਹੁੰਚਣ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਨੇ ਸਾਲ 2001 ਵਿੱਚ ਪੰਜਾਬ ‘ਚ ਪਹਿਲੀ ਵਾਰ ‘ਭੁੱਲ ਸੁਧਾਰ ਰੈਲੀ’ ਕੀਤੀ ਸੀ ਜਿਸ ਵਿੱਚ ਸਾਹਿਬ ਕਾਂਸ਼ੀ ਰਾਮ ਜੀ ਨੇ ਕਿਹਾ ਸੀ ਕਿ ਸਮੇਂ-ਸਮੇਂ ‘ਤੇ ਅਨੇਕਾਂ ਮਹਾਂਪੁਰਸ਼ ਆਏ ਜਿਨ੍ਹਾਂ ਨੇ ਨਿਮਾਣੇ, ਨਿਆਸਰੇ ਬਹੁਜਨ ਸਮਾਜ ਨੂੰ ਸੱਤਾ ਦੀ ਚਾਬੀ ਆਪਣੇ ਹੱਥ ਵਿੱਚ ਲੈਣ ਲਈ ਪ੍ਰੇਰਿਆ। ਇਸ ਤਹਿਤ ਸ੍ਰੀ ਗੁਰੂ ਰਵਿਦਾਸ ਜੀ ਨੇ ‘ਐਸਾ ਚਾਹੁੰ ਰਾਜ ਮੇਂ’ ਅਤੇ ਬੇਗਮਪੁਰਾ ਦਾ ਸੰਕਲਪ ਦਿੱਤਾ, ਸ੍ਰੀ ਗੁਰੁ ਨਾਨਕ ਦੇਵ ਜੀ ਨੇ ਸ਼ੇਰਾਂ, ਬਘਿਆੜਾਂ ਵਰਗੇ ਹਾਕਮਾਂ ਨੂੰ ਬਦਲਕੇ ਲਾਇਕ ਹੁਕਮਰਾਨ ਪੈਦਾ ਕਰਨ ਲਈ ਲਾਮਬੰਦੀ ਕੀਤੀ, ਛੇਵੀਂ ਪਾਤਸ਼ਾਹੀ ਨੇ ਪੀਰੀ ਦੇ ਨਾਲ ਮੀਰੀ ਦੀ ਕਿਰਪਾਨ ਪਾ ਕੇ ਸੱਤਾ ਚੰਗੇ ਹੱਥਾਂ ਵਿੱਚ ਲੈਣ ਦੀ ਕੋਸ਼ਿਸ਼ ਕੀਤੀ, ਦਸ਼ਮੇਸ਼ ਪਿਤਾ ਨੇ ਇਨ ਗਰੀਬ ਸਿੱਖਨ ਕੋ ਦੂੰ ਪਾਤਸ਼ਾਹੀ ਦੇ ਸੰਕਲਪ ਤਹਿਤ 14 ਜੰਗਾਂ ਲੜੀਆਂ।
ਇਸ ਲੜੀ ਵਿਚ ਮਹਾਤਮਾ ਜੋਤੀਬਾ ਫੂਲੇ ਤੇ ਛੱਤਰਪਤੀ ਸ਼ਾਹੂ ਜੀ ਮਹਾਰਾਜ ਤੋਂ ਬਾਅਦ ਬਾਬਾ ਸਾਹਿਬ ਡਾ. ਅੰਬੇਦਕਰ ਨੇ ‘ਸੱਤਾ ਸਾਰੀਆਂ ਮੁਸ਼ਕਲਾਂ ਦੇ ਹੱਲ ਦੀ ਕੁੰਜੀ ਹੈ’ ਦਾ ਸੰਦੇਸ਼ ਦਿੱਤਾ ਅਤੇ ਦੇਸ਼ ਦੀ ਪਾਰਲੀਮੈਂਟ ਤੇ ਸੂਬਿਆਂ ਦੀਆਂ ਵਿਧਾਨ ਸਭਾਵਾਂ ‘ਤੇ ਕਬਜ਼ਾ ਕਰਨ ਦਾ ਬਹੁਜਨ ਸਮਾਜ ਨੂੰ ਸੁਨੇਹਾ ਦਿੱਤਾ। ਪੰਜਾਬ ਵਿੱਚ ਵੀ ਦੁਆਬੇ ਦੀ ਧਰਤੀ ਤੇ ਬਾਬੂ ਮੰਗੂਰਾਮ ਮੰਗੋਵਾਲੀਆ ਜੀ ਨੇ ਆਦਿਧਰਮ ਅੰਦੋਲਨ ਦੇ ਮਾਧਿਅਮ ਤੋਂ ਸੱਤਾ ਦੇ ਭਾਗੀਦਾਰ ਬਣਨ ਦੀ ਪ੍ਰੇਰਣਾ ਦਿੱਤੀ। ਉਨ੍ਹਾਂ ਕਿਹਾ ਕਿ ਸਾਹਿਬ ਕਾਂਸ਼ੀ ਰਾਮ ਜੀ ਨੇ ਸਾਲ 2001 ਵਿੱਚ ਕੀਤੀ ਭੁੱਲ ਸੁਧਾਰ ਰੈਲੀ ਵਿੱਚ ਇਹ ਗੱਲ ਕਹੀ ਸੀ ਕਿ ਸਮੇਂ-ਸਮੇਂ ‘ਤੇ ਆਏ ਅਨੇਕਾਂ ਮਹਾਂਪੁਰਸ਼ਾਂ ਵੱਲੋਂ ਸੱਤਾ ਦੀ ਚਾਬੀ ਹੱਥ ਵਿੱਚ ਲੈਣ ਦੀ ਪ੍ਰੇਰਣਾ ਦਿੱਤੇ ਜਾਣ ਦੇ ਬਾਵਜੂਦ ਅਸੀਂ ਲੋਕ ਸੱਤਾ ਦੀ ਚਾਬੀ ਆਪਣੇ ਹੱਥ ਵਿੱਚ ਨਹੀਂ ਲੈ ਸਕੇ ਅਤੇ ਸਾਡੇ ਰਹਿਬਰਾਂ ਤੇ ਮਹਾਂਪੁਰਸ਼ਾਂ ਦੇ ਜਿਉਂਦੇ ਜੀਅ ਜਿਹੜੀ ਸੱਤਾ ਨਾ ਲੈ ਸਕਣ ਦੀ ਸਾਡੇ ਕੋਲੋਂ ਭੁੱਲ ਹੋਈ ਉਸਨੂੰ ਸੁਧਾਰਨ ਦਾ ਸੁਨਿਹਰੀ ਮੌਕਾ ਹੁਣ 2022 ਦੀਆਂ ਵਿਧਾਨਸਭਾ ਚੋਣਾਂ ਵਿੱਚ ਸਾਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਹਿਬ ਕਾਂਸ਼ੀ ਰਾਮ ਜੀ ਦੇ ਪ੍ਰੀਨਿਰਵਾਣ ਦਿਵਸ ਮੌਕੇ ਸਾਨੂੰ ਇਹ ਅਹਿਦ ਲੈਣਾ ਚਾਹੀਦਾ ਹੈ ਅਤੇ ਆਪਣੀ ਭੁੱਲ ਨੂੰ ਸੁਧਾਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ : ਜਲੰਧਰ : ਤੇਜ਼ ਰਫਤਾਰ ਟਰਾਲੀ ਨੇ ਬਾਈਕ ਨੂੰ ਮਾਰੀ ਟੱਕਰ, ਕਾਲਜ ਜਾ ਰਹੇ ਲੜਕਾ-ਲੜਕੀ ਹੋਏ ਗੰਭੀਰ ਜ਼ਖਮੀ
ਇਸ ਮੌਕੇ ਜਥੇਦਾਰ ਸਰਵਣ ਸਿੰਘ ਕੁਲਾਰ ਅਤੇ ਜਥੇਦਾਰ ਜਰਨੈਲ ਸਿੰਘ ਵਾਹਦ ਨੇ ਆਪੋ ਆਪਣੇ ਸੰਬੋਧਨ ਵਿੱਚ ਕਿਹਾ ਕਿ ਵਰਕਰਾਂ ਦੇ ਵਿੱਚ ਅਕਾਲੀ-ਬਸਪਾ ਗੱਠਜੋੜ ਨੂੰ ਲੈ ਕੇ ਭਰਪੂਰ ਜੋਸ਼ ਅਤੇ ਉਤਸ਼ਾਹ ਹੈ ਅਤੇ ਉਸੇ ਦਾ ਹੀ ਨਤੀਜਾ ਹੈ ਕਿ ਛੋਟੀ ਜਿਹੀ ਬੁਲਾਈ ਗਈ ਮੀਟਿੰਗ ਨੇ ਰੈਲੀ ਦਾ ਰੂਪ ਲੈ ਲਿਆ ਹੈ। ਉਨ੍ਹਾਂ ਕਿਹਾ ਕਿ 9 ਅਕਤੂਬਰ, ਸ਼ਨੀਵਾਰ ਨੂੰ ਜਲੰਧਰ ਵਿਖੇ ਹੋਣ ਵਾਲੀ ਅਕਾਲੀ-ਬਸਪਾ ਗੱਠਜੋੜ ਦੀ ਭੁੱਲ ਸੁਧਾਰ ਰੈਲੀ ਵਿੱਚ ਫਗਵਾੜਾ ਹਲਕੇ ਤੋਂ ਹਜ਼ਾਰਾਂ ਵਰਕਰਾਂ ਦੇ ਕਾਫਿਲੇ ਜਾਣਗੇ ਜਿਸਦੇ ਲਈ ਵਰਕਰਾਂ ਦੀਆਂ ਜ਼ਿੰਮੇਦਾਰੀਆਂ ਵੀ ਲਾ ਦਿੱਤੀਆਂ ਗਈਆਂ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਡਿਪਟੀ ਮੇਅਰ ਰਣਜੀਤ ਸਿੰਘ ਖੁਰਾਨਾ, ਬਸਪਾ ਆਗੂ ਮਾਸਟਰ ਹਰਭਜਨ ਸਿੰਘ ਬਲਾਲੋਂ, ਰਜਿੰਦਰ ਸਿੰਘ ਚੰਦੀ, ਜਤਿੰਦਰ ਪਲਾਹੀ, ਸਤਨਾਮ ਸਿੰਘ ਅਰਸ਼ੀ, ਗੁਰਦੀਪ ਸਿੰਘ ਖੇੜਾ, ਬਲਜੀਤ ਵਾਲੀਆ, ਚਰਨਜੀਤ ਸੋਢੀ, ਗੁਰਦਾਵਰ ਸਿੰਘ, ਤਜਿੰਦਰਪਾਲ ਸਿੰਘ ਪਰਮਾਰ, ਬਲਜਿੰਦਰ ਠੇਕੇਦਾਰ, ਅਵਤਾਰ ਸਿੰਘ ਭੁੰਗਰਨੀ, ਮੋਹਣ ਸਿੰਘ ਗਾਂਧੀ, ਸੰਸਾਰ ਸਿੰਘ, ਗੁਰਮੀਤ ਸਿੰਘ ਮਾਧੋਪੁਰ, ਸੰਤੋਖ ਸਿੰਘ ਬਰਨਾ, ਗਿਆਨ ਸਿੰਘ ਸਰਪੰਚ ਦੁੱਗ, ਮਹਿੰਦਰ ਸਿੰਘ ਲੱਖਪੁਰ, ਜੋਗਾ ਸਿੰਘ, ਸ਼ਿੰਗਾਰਾ ਸਿੰਘ, ਸਾਬਕਾ ਕੌਂਸਲਰ ਪਰਮਜੀਤ ਕੌਰ ਕੰਬੋਜ, ਪਰਮਜੀਤ ਸਿੰਘ ਭਾਟ, ਧਰਮਿੰਦਰ ਟੋਨੀ, ਗਿਆਨ ਸਿੰਘ ਚਾਨਾ, ਗੁਰਮੀਤ ਸਿੰਘ ਰਾਵਲਪਿੰਡੀ, ਦਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਰਣਜੀਤ ਸਿੰਘ ਬੱਬੋ ਆਦਿ ਹਾਜ਼ਰ ਸਨ।
ਦੇਖੋ ਵੀਡੀਓ : ਇਹ ਵੀ ਦੇਖੋ : Navratri Special Recipe | Sabudana Khichdi Recipe | ਸਾਬੂਦਾਣਾ ਖਿਚੜੀ |Roti Paani #navratrirecipe