ਲੁਧਿਆਣਾ ਦੇ ਪੌਸ਼ ਇਲਾਕੇ ਗੁਰਦੇਵ ਨਗਰ ਦੀ ਰਹਿਣ ਵਾਲੀ ਅਤੇ ਪਾਵਰਕੌਮ ਦੀ ਸੇਵਾਮੁਕਤ ਮਹਿਲਾ ਅਧਿਕਾਰੀ ਦੇ ਘਰ ਕੰਮ ਕਰਨ ਵਾਲੀ 14 ਸਾਲਾ ਲੜਕੀ ਨੂੰ ਤੰਗ ਪ੍ਰੇਸ਼ਾਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਅੱਲ੍ਹੜ ਤੋਂ ਘਰ ਦਾ ਸਾਰਾ ਕੰਮ ਕਰਾਇਆ ਜਾੰਦਾ ਸੀ। ਨਿੱਕੀ ਜਿਹੀ ਗਲਤੀ ਹੋਣ ‘ਤੇ ਉਸ ਨੂੰ ਮਾਰਿਆ-ਕੁੱਟਿਆ ਜਾਂਦਾ ਸੀ। ਉਸ ਨੂੰ ਢਿੱਡ ਭਰ ਕੇ ਖਾਣ ਨੂੰ ਵੀ ਨਹੀਂ ਦਿੱਤਾ ਜਾਂਦਾ ਸੀ, ਸਗੋਂ ਮਾਲਕਣ ਗਰਮ ਚਾਕੂ ਨਾਲ ਉਸ ਦੇ ਚਿਹਰੇ ਨੂੰ ਦਾਗਦੀ ਸੀ।
ਬੱਚੀ ਡਸਟਬਿਨ ‘ਚ ਪਿਆ ਖਾਣਾ ਖਾ ਕੇ ਢਿੱਡ ਭਰਨ ਲਈ ਮਜ਼ਬੂਰ ਸੀ। ਇਸ ਅਣਮਨੁੱਖੀ ਵਤੀਰੇ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਮਾਜਿਕ ਸੰਸਥਾ ਮਨੁੱਖਤਾ ਦੀ ਸੇਵਾ ਸੁਸਾਇਟੀ ਨੇ ਬਾਲ ਵਿਭਾਗ ਦੇ ਅਧਿਕਾਰੀਆਂ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ। ਪੁਲਿਸ ਦੀ ਮਦਦ ਨਾਲ ਅਧਿਕਾਰੀ ਉਕਤ ਘਰ ਪਹੁੰਚੇ ਅਤੇ ਬੱਚੀ ਨੂੰ ਛੁਡਵਾਇਆ। ਥਾਣਾ ਡਿਵੀਜ਼ਨ ਨੰਬਰ ਪੰਜ ਦੀ ਪੁਲਿਸ ਨੇ ਔਰਤ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਜਦੋਂਕਿ ਬੱਚੀ ਨੂੰ ਬਾਲ ਘਰ ਭੇਜ ਦਿੱਤਾ ਗਿਆ ਹੈ।
ਥਾਣਾ ਸਦਰ ਦੇ ਇੰਚਾਰਜ ਨੀਰਜ ਚੌਧਰੀ ਨੇ ਦੱਸਿਆ ਕਿ ਪਾਵਰਕੌਮ ਦੀ ਸੇਵਾਮੁਕਤ ਔਰਤ ਹਰਮੀਤ ਕੌਰ ਜੋ ਪੀਜੀ ਚਲਾ ਰਹੀ ਹੈ, ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਆਉਣ ਵਾਲੇ ਦਿਨਾਂ ਵਿੱਚ ਬਾਲ ਭਲਾਈ ਦੇ ਸਹਿਯੋਗ ਨਾਲ ਇਲਾਕੇ ਦੇ ਹੋਰ ਸੈੱਲਾਂ ਦੀ ਵੀ ਜਾਂਚ ਕੀਤੀ ਜਾਵੇਗੀ। ਜੇ ਕਿਸੇ ਨੇ ਘਰ ‘ਚ ਨਾਬਾਲਗ ਨੂੰ ਨੌਕਰੀ ‘ਤੇ ਰੱਖਿਆ ਹੈ ਤਾਂ ਤੁਰੰਤ ਕਾਰਵਾਈ ਕੀਤੀ ਜਾਵੇਗੀ।
ਪਾਵਰਕਾਮ ਦੀ ਸੇਵਾਮੁਕਤ ਸੁਪਰਡੈਂਟ ਹਰਮੀਤ ਕੌਰ ਪੇਇੰਗ ਗੈਸਟ ਚਲਾਉਂਦੇ ਹਨ। ਚਾਰ ਮਹੀਨੇ ਪਹਿਲਾਂ ਇੱਥੇ ਰਹਿਣ ਵਾਲੀ ਬਲਬੀਰ ਕੌਰ ਨੇ ਇਸ ਬੱਚੀ ਬਾਰੇ ਮਨੁੱਖਤਾ ਦੀ ਸੇਵਾ ਸੁਸਾਇਟੀ ਦੇ ਮੁਖੀ ਗੁਰਪ੍ਰੀਤ ਸਿੰਘ ਨੂੰ ਸੂਚਿਤ ਕੀਤਾ ਸੀ। ਉਸ ਨੇ ਦੱਸਿਆ ਕਿ ਬੱਚੀ ‘ਤੇ ਪੀ.ਜੀ. ਵਿੱਚ ਤਸ਼ੱਦਦ ਕੀਤਾ ਜਾਂਦਾ ਹੈ। ਇਸ ਦੌਰਾਨ ਜਦੋਂ ਵੀ ਬੱਚੀ ਨੂੰ ਕੁੱਟਿਆ ਜਾੰਦਾ ਸੀ ਤਾਂ ਉਹ ਰੋਕਦੀ ਸੀ। ਪਰ ਹਰਮੀਤ ਕੌਰ ਇਸ ਨੂੰ ਆਪਣਾ ਘਰੇਲੂ ਮਸਲਾ ਦੱਸ ਕੇ ਚੁੱਪ ਕਰਾ ਦਿੰਦੀ ਸੀ। ਉਸ ਨੇ ਦੱਸਿਆ ਕਿ ਬੱਚੀ ‘ਤੇ ਰੋਜ਼ਾਨਾ ਜ਼ੁਲਮ ਹੁੰਦੇ ਵੇਖ ਉਸ ਨੇ ਪੀਜੀ ਛੱਡ ਦਿੱਤਾ ਸੀ।
ਬੱਚੀ ਨੇ ਦੱਸਿਆ ਕਿ ਉਸ ਨੂੰ ਸਾਰਾ ਦਿਨ ਰਸੋਈ ਵਿਚ ਕੰਮ ਕਰਨਾ ਪੈਂਦਾ ਸੀ। ਘਰ ਦੀ ਮਾਲਕਣ ਇੱਕ ਵਾਰ ਵਿੱਚ ਦੋ ਹੀ ਰੋਟੀਆਂ ਦਿੰਦੀ ਸੀ। ਕੁੜੀ ਨੇ ਦੱਸਿਆ ਕਿ ਕਈ ਵਾਰ ਘਰ ਦੀ ਮਾਲਕਣ ਹਰਮੀਤ ਕੌਰ ਰਾਤ ਨੂੰ 2 ਵਜੇ ਵੀ ਉਠਾ ਕੇ ਕੁੱਟਣਾ ਸ਼ੁਰੂ ਕਰ ਦਿੰਦੀ ਸੀ। ਹਰਮੀਤ ਕੌਰ ਦੀ ਧੀ ਤੇ ਪੁੱਤ ਵੀ ਉਸ ਨੂੰ ਕੁੱਟਦੇ ਸਨ। ਪੁਲਿਸ ਨੇ ਬੱਚੀ ਨੂੰ ਆਜ਼ਾਦ ਕਰਵਾਉਣ ਤੋਂ ਬਾਅਦ ਉਸ ਦਾ ਮੈਡੀਕਲ ਕਰਵਾਇਆ ਅਤੇ ਉਸ ਨੂੰ ਬਾਲ ਗ੍ਰਹਿ ਭੇਜ ਦਿੱਤਾ।
ਇਹ ਵੀ ਪੜ੍ਹੋ : ਨਹੀਂ ਰਹੇ ਕਪੂਰਥਲਾ ਦੇ ਮਹਾਰਾਣੀ ਗੀਤਾ ਦੇਵੀ, ਦਿੱਲੀ ਰਿਹਾਇਸ਼ ‘ਚ ਲਿਆ ਆਖਰੀ ਸਾਹ
ਮਨੁੱਖਤਾ ਦੀ ਸੇਵਾ ਸੋਸਾਇਟੀ ਦੇ ਮੁਖੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਹਿਲੀ ਵਾਰ ਜੂਨ ਮਹੀਨੇ ਵਿੱਚ ਇੱਕ ਬੱਚੀ ਦੀ ਡਸਟਬਿਨ ਵਿੱਚੋਂ ਖਾਣਾ ਖਾਣ ਦੀ ਵੀਡੀਓ ਮਿਲੀ ਸੀ। ਬਲਬੀਰ ਕੌਰ ਨੇ ਉਨ੍ਹਾਂ ਨੂੰ ਦੱਸਿਆ ਕਿ ਲੜਕੀ ਨੂੰ ਪੀਜੀ ਵਿੱਚ ਬੰਧਕ ਬਣਾ ਕੇ ਰੱਖਿਆ ਗਿਆ ਸੀ। ਉਸਦੀ ਮਾਂ ਦੀ ਮੌਤ ਤੋਂ ਬਾਅਦ ਉਸ ਦੇ ਪਿਤਾ ਨੇ ਉਸ ਨੂੰ ਛੱਡ ਦਿੱਤਾ। ਇਸ ਤੋਂ ਬਾਅਦ ਐਨਜੀਓ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮਿਲ ਕੇ ਕਾਨੂੰਨੀ ਪ੍ਰਕਿਰਿਆ ਰਾਹੀਂ ਲੜਕੀ ਨੂੰ ਰਿਹਾਅ ਕਰ ਦਿੱਤਾ। ਜਦੋਂ ਉਹ ਪਹੁੰਚੇ ਤਾਂ ਬੱਚੀ ਦਾ ਚਿਹਰਾ ਬੁਰੀ ਤਰ੍ਹਾਂ ਸੜਿਆ ਹੋਇਆ ਸੀ। ਉਸ ਕੋਲ ਠੰਡ ਵਿੱਚ ਪਹਿਨਣ ਲਈ ਗਰਮ ਕੱਪੜੇ ਵੀ ਨਹੀਂ ਸਨ। ਕੁੜੀ ਨੇ ਸਰਕਾਰੀ ਅਧਿਕਾਰੀਆਂ ਨੂੰ ਦੱਸਿਆ ਕਿ ਉਸ ਨੂੰ ਦੋ ਸਾਲਾਂ ਤੋਂ ਕੁੱਟਿਆ ਜਾ ਰਿਹਾ ਹੈ। ਉਸਦੀ ਮਾਂ ਪੂਜਾ ਦੀ ਮੌਤ ਤੋਂ ਬਾਅਦ ਉਸ ਦਾ ਪਿਤਾ ਉਸਨੂੰ ਗੁਰਦੇਵ ਨਗਰ ਦੇ ਇਸ ਘਰ ਵਿੱਚ ਛੱਡ ਗਿਆ ਸੀ। ਉਸ ਤੋਂ ਬਾਅਦ ਪਿਤਾ ਨੇ ਦੂਜਾ ਵਿਆਹ ਕਰ ਲਿਆ ਅਤੇ ਕਦੇ ਵੀ ਉਸ ਦਾ ਹਾਲ-ਚਾਲ ਪੁੱਛਣ ਨਹੀਂ ਆਇਆ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”