ਪੰਜਾਬ ਵਿੱਚ ਬੇਅਦਬੀਆਂ ਦੀਆਂ ਘਟਨਾਵਾਂ ਪਹਿਲਾਂ ਹੀ ਨਹੀਂ ਰੁਕ ਰਹੀਆਂ, ਜਿਸ ਨਾਲ ਸੂਬੇ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਹੁਣ ਕਿਸੇ ਧਾਰਮਿਕ ਸਥਾਨ ਨੂੰ ਦਹਿਲਾਉਣ ਦੀ ਸਾਜ਼ਿਸ਼ ਦਾ ਵੀ ਪਰਦਾਫਾਸ਼ ਹੋਇਆ ਹੈ। ਦਰਅਸਲ ਮੋਗਾ ਪੁਲਿਸ ਨੇ ਤਿੰਨ ਦੋਸ਼ੀਆਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਕੋਲੋਂ 2 ਹੈਂਡ ਗ੍ਰੇਨੇਡ, 2 ਪਿਸਤੌਲਾਂ, 3 ਮੈਗਜ਼ੀਨ ਤੇ 18 ਜ਼ਿੰਦਾ ਕਾਰਤੂਸ ਮਿਲੇ ਹਨ।
ਪੁਲਿਸ ਨੇ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੋਗਾ ਪੁਲਿਸ ਵੱਲੋਂ ਚਗਾਵਾਂ ਪਿੰਡ ਕੋਲ ਨਾਕਾ ਲਾਇਆ ਗਿਆ ਸੀ। ਨਾਕੇ ਦੌਰਾਨ ਉਥੋਂ ਇੱਕ ਕਾਲੇ ਰੰਗ ਦੀ ਗੱਡੀ ਵਿੱਚ ਬੈਠੇ ਤਿੰਨੋਂ ਦੋਸ਼ੀਆਂ ਨੇ ਪੁਲਿਸ ਨੂੰ ਵੇਖ ਕੇ ਉਨ੍ਹਾਂ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ, ਪੁਲਿਸ ਨੇ ਬੈਰਿਕੇਡਾਂ ਦੀ ਮਦਦ ਨਾਲ ਗੱਡੀ ਨੂੰ ਰੋਕ ਦਿੱਤਾ। ਇਸ ਦੌਰਾਨ ਦੋਸ਼ੀਆਂ ਨੇ ਪੁਲਿਸ ‘ਤੇ ਪਿਸਤੌਲ ਵੀ ਤਾਣ ਲਈ। ਕਾਫੀ ਜੱਦੋ-ਜਹਿਦ ਪਿੱਛੋਂ ਪੁਲਿਸ ਨੇ ਦੋਸ਼ੀਆਂ ਨੂੰ ਕਾਬੂ ਕਰ ਲਿਆ।
ਪੁਲਿਸ ਨੇ ਦੱਸਿਆ ਦੋਸ਼ੀਆਂ ਵਿੱਚ ਗੁਰਪ੍ਰੀਤ ਸਿੰਘ ਸਿੱਧੂ ਉਰਫ ਗੋਪੀ ਸਿੱਧੂ ਸ਼ਾਦੀਪੁਰ ਦਾ ਰਹਿਣ ਵਾਲਾ ਹੈ, ਇਹ ਏਰੀਆ ਥਾਣਾ ਫਤਿਹਗੜ੍ਹ ਪੰਜਤੂਰ ਤੇ ਕੋਟ ਈਸੇ ਖਾਂ ਦੇ ਵਿਚ ਪੈਂਦਾ ਹੈ। ਇਸ ਕੋਲੋਂ ਇੱਕ ਪਿਸਤੌਲ 6 ਜ਼ਿੰਦਾ ਕਾਰਤੂਸ ਮਿਲੇ। ਦੋਸ਼ੀਆਂ ਵਿੱਚ ਦੂਜਾ ਵਰਿੰਦਰ ਤੇ ਬਲਜੀਤ ਸਿੰਘ ਹਨ, ਜਿਨ੍ਹਾਂ ਕੋਲੋਂ 9 ਐੱਮਐੱਮ ਦੀ ਪਿਸਤੌਲ ਤੇ ਹੈਂਡ ਗ੍ਰੇਨੇਡ ਬਰਾਮਦ ਹੋਏ ਹਨ।
ਪੁਲਿਸ ਨੇ ਦੱਸਿਆ ਕਿ ਪਿਛਲੇ ਸਾਲ ਭੀਖੀਵਿੰਡ ਵਿੱਚ ਵੀ ਟਿਫਿਨ ਬੰਬ ਤੇ ਹੈਂਡ ਗ੍ਰੇਨੇਡ ਬਰਾਮਦ ਹੋਏ ਸਨ। ਇਸ ਮਾਮਲੇ ਵਿੱਚ ਦਰਜ ਕੀਤੀ ਗਈ ਐੱਫਆਈਆਈ ਵਿੱਚ ਵੀ ਗੋਪੀ ਨੂੰ ਨਾਮਜ਼ਦ ਕੀਤਾ ਗਿਆ ਸੀ, ਜੋ ਉਸ ਸਮੇਂ ਭਗੌੜਾ ਸੀ। ਮੁੱਢਲੀ ਜਾਂਚ ਵਿੱਚ ਇਹੀ ਹੀ ਲੱਗ ਰਿਹਾ ਹੈ ਕਿ ਇਹ ਸਾਰਾ ਅਸਲਾ ਬਾਰਡਰ ਪਾਰ ਤੋਂ ਹੋ ਆਇਆ ਹੈ। ਇਹ ਲੋਕ ਵਿਦੇਸ਼ ਵਿੱਚ ਬੈਠਾ ਅਰਸ਼ ਡਾਲਾ ਤੇ ਹੋਰ ਲੋਕਾਂ ਨਾਲ ਜੁੜੇ ਹੋਏ ਹਨ। ਬਾਹਰ ਬੈਠੇ ਇਨ੍ਹਾਂ ਦੇ ਹੈਂਡਲਰ ਇਨ੍ਹਾਂ ਨੂੰ ਪੈਸੇ ਦੇ ਕੇ ਪੰਜਾਬ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰਨਾ ਚਾਹੁੰਦੇ ਹਨ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਪੁਲਿਸ ਨੇ ਦੱਸਿਆ ਕਿ ਦੋਸ਼ੀਆਂ ਤੋਂ ਮੁੱਢਲੀ ਪੁੱਛਗਿੱਛ ਵਿੱਚ ਵੀ ਇਹ ਗੱਲ ਸਾਹਮਣੇ ਆਈ ਹੈ ਕਿ ਬਾਹਰ ਬੈਠੇ ਇਨ੍ਹਾਂ ਦੇ ਹੈਂਡਲਰਸ ਨੇ ਦਹਿਸ਼ਤ ਦਾ ਮਾਹੌਲ ਬਣਾਉਣ ਲਈ ਇਹ ਅਸਲਾ ਧਾਰਮਿਕ ਸਥਾਨਾਂ ‘ਤੇ ਇਸਤੇਮਲ ਕਰਨ ਲਈ ਕਿਹਾ ਸੀ। ਪੁਲਿਸ ਵੱਲੋਂ ਦੋਸ਼ੀਆਂ ਨੂੰ ਰਿਮਾਂਡ ‘ਤੇ ਲੈ ਕੇ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾਵੇਗੀ।