ਪੰਜਾਬ ਵਿਧਾਨ ਸਭਾ ਦਾ ਸੈਸ਼ਨ ਭਲਕੇ 24 ਜੂਨ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਸੈਸ਼ਨ ਦੀ ਸ਼ਰੂਆਤ ਸਵੇਰੇ 11 ਵਜੇ ਹੋਵੇਗੀ, ਜਿਸ ਵਿੱਚ ਸਾਬਕਾ ਮੰਤਰੀਆਂ, ਵਿਧਾਇਕਾਂ, ਆਜ਼ਾਦੀ ਘੁਲਾਟੀਆਂ, ਅਰਜੁਨ ਐਵਾਰਡੀ ਸ਼ਖਸੀਅਤਾਂ ਸਣੇ ਹਾਲ ਹੀ ਵਿੱਚ ਕਤਲ ਕੀਤੇ ਗਏ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇ ਕੇ ਕੀਤੀ ਜਾਵੇਗੀ।
ਪੰਜਾਬ ਵਿਧਾਨ ਸਭਾ ਦੀ ਬੈਠਕ ਵਿੱਚ ਬਿਨਾਂ ਨਿਸ਼ਾਨ ਵਾਲੇ ਸਵਾਲਾਂ ਦੀ ਲਿਸਟ ਵੀ ਤਿਆਰ ਕਰ ਲਈ ਗਈ ਹੈ, ਜਿਨ੍ਹਾਂ ਦਾ ਜਵਾਬ ਪੰਜਾਬ ਸਰਕਾਰ ਤੋਂ ਪੁੱਛਿਆ ਜਾਏਗਾ। ਇਨ੍ਹਾਂ ਵਿੱਚ ਆਵਾਰਾ ਪਸ਼ੂਆਂ ਲਈ ਕੋਈ ਨਵੀਂ ਪਾਲਿਸੀ ਬਣਾਉਣਾ, ਬੁਢਲਾਢਾ ਪਿੰਡ ਦੇ ਬੰਦ ਪਏ ਆ.ਓ. ਸਿਸਟਮ ਦੁਬਾਰਾ ਚਾਲੂ ਕਰਨਾ, ਸਬ-ਡਵੀਜ਼ਨ ਬੁਢਲਾਡਾ ਦੀਆਂ ਚਾਰ ਡਰੇਨਾਂ ਤੋਂ ਪੁਲ ਬਣਾਉਣਾ, ਜ਼ਿਲ੍ਹਾ ਗੁਰਦਾਸਪੁਰ ਵਿੱਚ 1 ਜਨਵਰੀ 2019 ਤੋਂ ਹੁਣ ਤੱਕ ਦਰਜ ਕੀਤੇ ਕੇਸਾਂ ਦੇ ਵੇਰਵੇ, ਅਖਤਿਆਰੀ ਗ੍ਰਾਂਟ ਅਧੀਨ ਮਨਜ਼ੂਰ ਕੀਤੇ ਫੰਡ ਲਾਭਪਾਤਰੀਆਂ ਨੂੰ ਜਾਰੀ ਕਰਨ ਦੇ ਵੇਰਵੇ, ਮਾਰਚ 2022 ਤੋਂ ਹੁਣ ਤੱਕ NDPS ਐਕਟ ਦੇ ਅਧੀਨ ਦਰਜ ਕੀਤੇ ਕੇਸਾਂ ਦੇ ਵੇਰਵਿਆਂ, ਪੰਜਾਬ ਦੀਆਂ ਨਹਿਰਾਂ ਦੇ ਪਾਣੀ ਦੇ ਵੇਰਵਿਆਂ ਸੰਬੰਧੀ ਸਥਿਤੀਆਂ ਬਾਰੇ ਸਵਾਲ ਪੁੱਛੇ ਜਾਣਗੇ।
ਲਿਸਟ ਵਿੱਚ ਕਿਸਾਨਾਂ ਦੇ ਦੋ ਭਾਗਾਂ ਵਿੱਚ ਵੰਡੇ ਗਏ ਖੇਤਾਂ ਲਈ ਪਾਣੀ ਦਾ ਪ੍ਰਬੰਧ ਕਰਨਾ, ਸ਼ਹੀਦ ਭਗਤ ਸਿੰਘ ਨਗਰ ਦੇ ਹਸਪਤਾਲਾਂ ਵਿੱਚ ਗਰੀਬ ਤੇ ਲੋੜਵੰਦ ਮਰੀਜ਼ਾਂ ਨੂੰ ਮੁਫਤ, ਰਾਜ ਦੇ ਸਰਕਾਰੀ ਕਾਲਜਾਂ ਅਤੇ ਉਨ੍ਹਾਂ ਵਿੱਚ ਵਿਸ਼ਾ-ਵਾਰ ਮਨਜ਼ੂਰਸ਼ੁਦਾ ਅਸਾਮੀਆਂ ਦੇ ਵੇਰਵੇ, ਹਲਕਾ ਸੰਗਰੂਰ ਵਿੱਚ ਸੀਵਰੇਜ ਬੋਰਡ ਦੁਆਰਾ ਕੀਤੇ ਗਏ ਕੰਮਾਂ ਦੇ ਵੇਰਵੇ ਅਤੇ ਬੋਰਡ ਦੇ ਨਿਯਮ, ਮਿਊਂਸੀਪਲ ਕੌਂਸਲ ਸੰਗਰੂਰ ਤੇ ਭਵਾਨੀਗੜ੍ਹ ਵੱਲੋਂ ਕੀਤੇ ਗਏ ਕੰਮਾਂ ਦੇ ਵੇਰਵੇ, ਕਿਸਾਨਾਂ ਨੂੰ ਘੱਟ ਝਾੜ ਹੋਣ ਕਾਰਨ ਹੋਏ ਨੁਕਸਾਨ ਦਾ ਮੁਆਵਜ਼ਾ ਦੇਣਾ, ਅਰਬੇਨਾਈਜ਼ੇਸ਼ਨ ਨੂੰ ਕੰਟਰੋਲ ਕਰਨ ਲਈ ਪਾਲਿਸੀ ਬਣਾਉਣਾ, ਹੁਸ਼ਿਆਪੁਰ ਦੀ ਲੱਕੜ ਮੰਡੀ ਤੋਂ ਪ੍ਰਾਪਤ ਮਾਰਕੀਟ ਫੀਸ ਤੇ ਆਰ.ਡੀ.ਐੱਫ. ਦੇ ਵੇਰਵੇ ਸ਼ਾਮਲ ਹਨ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਨਵੀਂ ਐਕਸਾਈਜ਼ ਪਾਲਿਸੀ ‘ਤੇ ਮਨਜਿੰਦਰ ਸਿਰਸਾ ਨੇ ਖੋਲ੍ਹੇ ਭੇਦ ! 12% ਫਿਕਸ 1 ਦਾਰੂ ਦੀ ਬੋਤਲ ‘ਤੇ? ਦੇਖੋ “
ਇਸ ਤੋਂ ਇਲਾਵਾ ਸਰਕਾਰ ਤੋਂ ਮੋਹਾਲੀ ਸਥਿਤ ਪੰਜਾਬ ਪੁਲਿਸ ਖੁਫੀਆ ਵਿੰਗ ਹੈੱਡਕੁਆਰਟਰ ‘ਤੇ ਹੋਏ ਗ੍ਰੇਨੇਡ ਹਮਲੇ ਦੇ ਵੇਰਵੇ, ਗ੍ਰਹਿ ਮਾਮਲੇ ਤੇ ਨਿਆਂ ਵਿਭਾਗ ਵਿਖੇ ਅਨੁਸੂਚਿਤ ਜਾਤੀ ਦੀਆਂ ਮਨਜ਼ੂਰਸ਼ੁਦਾ ਅਸਾਮੀਆਂ ਦੇ ਵੇਰਵੇ, ਰੈਗੂਲੇਸ਼ਨ ਆਫ ਫੀਸ ਇਨ ਅਨਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਐਕਟ ਵਿੱਚ ਸੋਧ ਅਨੁਸਾਰ ਕਾਰਵਾਈ ਕਰਨਾ, ਗਾਰਬੇਜ਼ ਡੰਪ ਨੂੰ ਹਟਾਉਣਾ, ਸਰਕਾਰੀ ਸਕੂਲਾਂ ਵਿੱਚ ਲੋੜਵੰਦ ਬੱਚਿਆਂ ਨੂੰ ਮੁਫਤ ਕਿਤਾਬਾਂ ਦੇਣਾ, ਰੋਪੜ ਵਿੱਚ ਚੱਲ ਰਹੀ ਰੋਇੰਗ ਅਕੈਡਮੀ ਦੀ ਮੌਜੂਦਾ ਸਥਿਤੀ ਤੇ ਸਰਕਾਰੀ ਦਫਤਰਾਂ, ਬੋਰਡਾਂ, ਨਗਮਾਂ ਵਿੱਚ ਠੇਕੇ ‘ਤੇ ਕੀਤੀ ਜਾਂਦੀ ਭਰਤੀ ਰੈਗੂਲਰ ਬੇਸ ‘ਤੇ ਕਰਨ ਸੰਬੰਧੀ ਸਵਾਲ ਪੁੱਛੇ ਜਾਣਗੇ।