ਖੇਡ ਮੰਤਰੀ ਮੀਤ ਹੇਅਰ ਨੇ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿੱਚ ਨੈਸ਼ਨਲ ਬਾਸਕਟਬਾਲ ਚੈਂਪੀਅਨਸ਼ਿਪ ਦਾ ਉਦਘਾਟਨ ਕੀਤਾ। ਉਨ੍ਹਾਂ ਨਾਲ ਵਿਧਾਇਕ ਗੁਰਪ੍ਰੀਤ ਗੋਗੀ ਵੀ ਮੌਜੂਦ ਸਨ। ਇਹ ਟੂਰਨਾਮੈਂਟ 9 ਦਸੰਬਰ ਤੱਕ ਚੱਲੇਗਾ। ਇਸ ਚੈਂਪੀਅਨਸ਼ਿਪ ਵਿੱਚ ਦੇਸ਼ ਦੇ ਸਾਰੇ ਰਾਜਾਂ, ਕੇਂਦਰ ਸ਼ਾਸਤ ਪ੍ਰਦੇਸ਼ਾਂ ਅਤੇ ਸੰਸਥਾਵਾਂ ਦੀਆਂ 64 ਟੀਮਾਂ ਖਿਤਾਬ ਲਈ ਭਿੜਨਗੀਆਂ। ਇਹ ਚੈਂਪੀਅਨਸ਼ਿਪ ਪੰਜਾਬ ਬਾਸਕਟਬਾਲ ਐਸੋਸੀਏਸ਼ਨ ਵੱਲੋਂ ਕਰਵਾਈ ਜਾ ਰਹੀ ਹੈ।
ਮੰਤਰੀ ਮੀਤ ਹੇਅਰ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਸਰਕਾਰ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਨੌਜਵਾਨਾਂ ਨੂੰ ਉਨ੍ਹਾਂ ਦੀ ਯੋਗਤਾ ਮੁਤਾਬਕ ਨੌਕਰੀਆਂ ਵੀ ਦਿੱਤੀਆਂ ਜਾ ਰਹੀਆਂ ਹਨ। ਆਉਣ ਵਾਲੇ ਸਮੇਂ ਵਿੱਚ ਸਰਕਾਰ ਬਾਸਕਟਬਾਲ ਖਿਡਾਰੀਆਂ ਲਈ ਹੋਰ ਵੀ ਕਈ ਸਹੂਲਤਾਂ ਸ਼ੁਰੂ ਕਰੇਗੀ ਤਾਂ ਜੋ ਪੰਜਾਬ ਵਿੱਚ ਵਧੀਆ ਖਿਡਾਰੀ ਉੱਭਰ ਕੇ ਦੇਸ਼ ਦਾ ਨਾਂ ਰੌਸ਼ਨ ਕਰ ਸਕਣ।
ਐਸੋਸੀਏਸ਼ਨ ਦੇ ਮੀਤ ਪ੍ਰਧਾਨ ਅਤੇ ਐਸਐਸਪੀ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਚੈਂਪੀਅਨਸ਼ਿਪ ਵਿੱਚ 1200 ਦੇ ਕਰੀਬ ਖਿਡਾਰੀ ਹਿੱਸਾ ਲੈ ਰਹੇ ਹਨ। ਚੈਂਪੀਅਨਸ਼ਿਪ ਵਿੱਚ 64 ਟੀਮਾਂ ਹਿੱਸਾ ਲੈਣਗੀਆਂ, ਜਿਨ੍ਹਾਂ ਵਿੱਚ 33 ਪੁਰਸ਼ ਅਤੇ 31 ਮਹਿਲਾ ਟੀਮਾਂ ਸ਼ਾਮਲ ਹਨ। ਪਿਛਲੀਆਂ ਦੋ ਵਾਰੀ ਜੇਤੂ ਰਹੀ ਪੰਜਾਬ ਇਸ ਵਾਰ ਆਪਣੇ ਹੀ ਘਰ ਵਿੱਚ ਹੈਟ੍ਰਿਕ ਮਾਰਨ ਲਈ ਤਿਆਰ ਹੈ।
ਇਹ ਵੀ ਪੜ੍ਹੋ : ਸਰਕਾਰੀ ਸਕੂਲਾਂ ਦੀ ਗ੍ਰਾਂਟ ਦਾ ਗਬਨ, ਡੇਢ ਕਰੋੜ ਰੁ. ਰਿਸ਼ਤੇਦਾਰਾਂ ਦੇ ਖਾਤਿਆਂ ‘ਚ ਭੇਜੇ, BPEO ਸਣੇ 12 ‘ਤੇ ਕੇਸ
ਪੰਜਾਬ ਬਾਸਕਟਬਾਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਤੇਜਾ ਸਿੰਘ ਧਾਲੀਵਾਲ ਨੇ ਦੱਸਿਆ ਕਿ ਸ਼ਨੀਵਾਰ ਦੇਰ ਸ਼ਾਮ ਤੱਕ ਵੱਡੀ ਗਿਣਤੀ ਵਿੱਚ ਟੀਮਾਂ ਮਹਾਨਗਰ ਪਹੁੰਚ ਚੁੱਕੀਆਂ ਸਨ। ਉਨ੍ਹਾਂ ਦੇ ਰਹਿਣ ਅਤੇ ਖਾਣ-ਪੀਣ ਦਾ ਵਧੀਆ ਪ੍ਰਬੰਧ ਕੀਤਾ ਗਿਆ ਹੈ। ਗੁਰੂ ਨਾਨਕ ਸਟੇਡੀਅਮ ਵਿਖੇ ਸਥਿਤ ਇਨਡੋਰ ਬਾਸਕਟਬਾਲ ਕੋਰਟ ਅਤੇ ਮਲਟੀਪਰਪਜ਼ ਬਾਲ ਤੋਂ ਇਲਾਵਾ ਪੀਏਯੂ ਵਿਖੇ ਓਪਨ ਬਾਸਕਟਬਾਲ ਕੋਰਟ ਵਿੱਚ ਵੀ ਮੈਚ ਕਰਵਾਏ ਜਾਣਗੇ। ਚੈਂਪੀਅਨਸ਼ਿਪ ਵਿੱਚ 200 ਤੋਂ ਵੱਧ ਮੈਚ ਖੇਡੇ ਜਾਣੇ ਹਨ।
ਵੀਡੀਓ ਲਈ ਕਲਿੱਕ ਕਰੋ : –