ਬੰਗਲਾਦੇਸ਼ ਦੇ ਹਿੰਦੂ ਮੰਦਰਾਂ ‘ਤੇ ਹੋਏ ਹਮਲਿਆਂ ਤੋਂ ਬਾਅਦ 22 ਜ਼ਿਲ੍ਹਿਆਂ ‘ਚ ਬਾਰਡਰ ਗਾਰਡ ਦੇ ਜਵਾਨ ਤਾਇਨਾਤ ਕੀਤੇ ਗਏ ਹਨ। ਇਨ੍ਹਾਂ ਹਮਲਿਆਂ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ ਜਦੋਂ ਕਿ ਦਰਜਨਾਂ ਜ਼ਖਮੀ ਹੋਏ ਹਨ।
ਪਵਿੱਤਰ ਕੁਰਾਨ ਦੇ ਅਪਮਾਨ ਦੀਆਂ ਅਫਵਾਹਾਂ ਸੋਸ਼ਲ ਮੀਡੀਆ ‘ਤੇ ਫੈਲਣ ਤੋਂ ਬਾਅਦ ਹਿੰਦੂਆਂ ਦੇ ਘਰਾਂ ਅਤੇ ਦੁਕਾਨਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਦੇਸ਼ ‘ਚ ਕਈ ਥਾਵਾਂ ‘ਤੇ ਹਿੰਸਕ ਘਟਨਾਵਾਂ ਤੋਂ ਬਾਅਦ ਮੋਬਾਈਲ ਇੰਟਰਨੈਟ ਬੰਦ ਕਰ ਦਿੱਤਾ ਗਿਆ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਹਿੰਸਾ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ, ਚਾਹੇ ਉਨ੍ਹਾਂ ਦਾ ਧਰਮ ਕੋਈ ਵੀ ਹੋਵੇ। ਬੰਗਲਾਦੇਸ਼ ਵਿੱਚ ਵੀਰਵਾਰ ਨੂੰ ਦੁਰਗਾ ਪੂਜਾ ਦਾ ਤਿਉਹਾਰ ਮਨਾਇਆ ਗਿਆ। ਇਸ ਦੌਰਾਨ ਹਸੀਨਾ ਰਾਜਧਾਨੀ ਢਾਕਾ ਦੇ ਢਕੇਸ਼ਵਰੀ ਮੰਦਰ ਪਹੁੰਚੀ ਅਤੇ ਹਿੰਦੂ ਭਾਈਚਾਰੇ ਦੇ ਲੋਕਾਂ ਨਾਲ ਮੁਲਾਕਾਤ ਕੀਤੀ।
ਸੋਸ਼ਲ ਮੀਡੀਆ ਰਾਹੀਂ ਅਫਵਾਹਾਂ ਫੈਲਣ ਤੋਂ ਬਾਅਦ ਦੇਸ਼ ਦੇ ਕਈ ਜ਼ਿਲ੍ਹਿਆਂ ਅਤੇ ਇਲਾਕਿਆਂ ਵਿੱਚ ਹਿੰਸਾ ਫੈਲ ਗਈ। ਚਾਂਦਪੁਰ ਇਲਾਕੇ ਵਿੱਚ ਕਈ ਲੋਕਾਂ ਦੇ ਮਾਰੇ ਜਾਣ ਦੀਆਂ ਖ਼ਬਰਾਂ ਸਾਹਮਣੇ ਆਈਆਂ। ਇਸ ਦੇ ਨਾਲ ਹੀ ਪੁਲਿਸ ਨੇ ਕਈ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਹੈ। ਬੁੱਧਵਾਰ ਸ਼ਾਮ ਨੂੰ, ਧਾਰਮਿਕ ਮਾਮਲਿਆਂ ਦੇ ਮੰਤਰਾਲੇ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਜਾਣਕਾਰੀ ਮਿਲੀ ਸੀ ਕਿ ਇਸਲਾਮ ਦੇ ਪਵਿੱਤਰ ਗ੍ਰੰਥ ਦਾ ਕੋਮਿਲਾ ਵਿੱਚ ਅਪਮਾਨ ਕੀਤਾ ਗਿਆ ਹੈ। ਕੋਮਿਲਾ ਖੇਤਰ ਵਿੱਚ ਦੁਰਗਾ ਪੰਡਾਲਾਂ ਉੱਤੇ ਹੋਏ ਹਮਲਿਆਂ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ।
ਉੱਥੇ ਮੌਜੂਦ ਸੂਤਰਾਂ ਅਨੁਸਾਰ ਮਰਨ ਵਾਲਿਆਂ ਦੀ ਗਿਣਤੀ 10 ਤੋਂ ਵੱਧ ਹੋ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਹਿੰਸਾ ਤੋਂ ਬਾਅਦ ਹਿੰਦੂਆਂ ਦੇ ਘਰਾਂ ਅਤੇ ਦੁਕਾਨਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ। ਹਮਲੇ ਤੋਂ ਬਾਅਦ ਤਣਾਅ ਦੇ ਮਹੌਲ ਹੈ। ਹਿੰਸਾ ਪਹਿਲਾਂ ਕੋਮਿਲਾ ਖੇਤਰ ਤੋਂ ਸ਼ੁਰੂ ਹੋਈ ਅਤੇ ਫਿਰ ਆਸ ਪਾਸ ਦੇ ਇਲਾਕਿਆਂ ਵਿੱਚ ਫੈਲ ਗਈ। ਸੋਸ਼ਲ ਮੀਡੀਆ ‘ਤੇ ਕੁਰਾਨ ਦੇ ਅਪਮਾਨ ਦੀਆਂ ਅਫਵਾਹਾਂ ਫੈਲਣ ਤੋਂ ਬਾਅਦ ਹਿੰਦੂ ਮੰਦਰਾਂ ਅਤੇ ਦੁਰਗਾ ਪੰਡਾਲਾਂ ‘ਤੇ ਹਮਲਾ ਕੀਤਾ ਗਿਆ। ਪਹਿਲਾ ਹਮਲਾ ਕੋਮਿਲਾ ਖੇਤਰ ਵਿੱਚ ਹੀ ਦੁਰਗਾ ਪੰਡਾਲ ਉੱਤੇ ਹੋਇਆ ਸੀ। ਇਸ ਤੋਂ ਬਾਅਦ ਕਈ ਇਲਾਕਿਆਂ ਤੋਂ ਹਿੰਸਾ ਅਤੇ ਤਣਾਅ ਦੀਆਂ ਖਬਰਾਂ ਸਾਹਮਣੇ ਆਈਆਂ ਹਨ।
ਦੇਖੋ ਵੀਡੀਓ : Chana Chaat Recipe | ਮੁੰਬਈ ਦੀ ਮਸ਼ਹੂਰ ਚਨਾ ਚਾਟ | Chatpati Chaat | Indian Street Food