Changed weather in Delhi: ਦੇਸ਼ ਦੀ ਰਾਜਧਾਨੀ ਦਿੱਲੀ ਸਣੇ ਉੱਤਰ ਭਾਰਤ ਦੇ ਬਹੁਤੇ ਇਲਾਕਿਆਂ ਵਿੱਚ ਮੀਂਹ ਪੈਣ ਕਾਰਨ ਲੋਕਾਂ ਨੂੰ ਭਿਆਨਕ ਗਰਮੀ ਤੋਂ ਰਾਹਤ ਮਿਲੀ ਹੈ। ਦਿੱਲੀ, ਯੂ ਪੀ, ਪੰਜਾਬ, ਹਰਿਆਣਾ, ਰਾਜਸਥਾਨ ਸਣੇ ਕਈ ਰਾਜਾਂ ਵਿੱਚ ਇਸ ਮੌਸਮ ਦੇ ਅਨੁਸਾਰ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਘੱਟ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਅਨੁਕੂਲ ਹਾਲਤਾਂ ਕਾਰਨ ਦੱਖਣ-ਪੱਛਮੀ ਮਾਨਸੂਨ ਅੱਗੇ ਵਧ ਰਿਹਾ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਦੇ ਕਈ ਇਲਾਕਿਆਂ ‘ਚ ਅੱਜ ਤੇਜ਼ ਹਵਾਵਾਂ ਨਾਲ ਭਾਰੀ ਬਾਰਸ਼ ਕਾਰਨ ਮੌਸਮ ਇਕ ਵਾਰ ਫਿਰ ਸੁਹਾਵਣਾ ਹੋ ਗਿਆ ਹੈ। ਬਾਰਸ਼ ਦੇ ਕਾਰਨ ਤਾਪਮਾਨ ਵਿੱਚ ਕਾਫ਼ੀ ਗਿਰਾਵਟ ਆਈ ਹੈ, ਸਵੇਰੇ 11 ਵਜੇ 28 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ 50-60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਧੂੜ ਵਾਲੇ ਤੂਫਾਨ ਨਾਲ ਅੱਜ ਦਿੱਲੀ-ਐਨਸੀਆਰ ਵਿੱਚ ਬਾਰਸ਼ ਜਾਰੀ ਰਹਿਣ ਦੀ ਉਮੀਦ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਅਗਲੇ ਦਿਨਾਂ ਵਿੱਚ ਦਿੱਲੀ-ਐਨ.ਸੀ.ਆਰ. ਵਿੱਚ ਮੌਸਮ ਇਕਸਾਰ ਰਹਿਣ ਦੀ ਸੰਭਾਵਨਾ ਹੈ।
ਦੱਸ ਦਈਏ ਕਿ ਮੌਸਮ ਵਿਭਾਗ ਨੇ ਪਹਿਲਾਂ ਹੀ ਭਵਿੱਖਬਾਣੀ ਕੀਤੀ ਸੀ ਕਿ ਐਤਵਾਰ ਨੂੰ ਤੇਜ਼ ਹਵਾਵਾਂ ਨਾਲ ਦਿੱਲੀ ਵਿਚ ਬਾਰਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਕਿਹਾ ਸੀ ਕਿ ਇਸ ਸਮੇਂ ਦੌਰਾਨ ਵੱਧ ਤੋਂ ਵੱਧ ਤਾਪਮਾਨ ਲਗਭਗ 37 ਡਿਗਰੀ ਅਤੇ ਘੱਟੋ ਘੱਟ ਤਾਪਮਾਨ 26 ਡਿਗਰੀ ਸੈਲਸੀਅਸ ਦੇ ਆਸ ਪਾਸ ਹੋ ਸਕਦਾ ਹੈ। ਮੌਸਮ ਦੀ ਭਵਿੱਖਬਾਣੀ ਏਜੰਸੀ ਸਕਾਈਮੇਟ ਅਨੁਸਾਰ ਅਗਲੇ 24 ਘੰਟਿਆਂ ਦੌਰਾਨ ਕੇਰਲ ਅਤੇ ਦੱਖਣੀ ਤਾਮਿਲਨਾਡੂ ਵਿੱਚ ਹਲਕੇ ਤੋਂ ਦਰਮਿਆਨੀ ਬਾਰਸ਼ ਜਾਰੀ ਰਹਿਣ ਦੀ ਉਮੀਦ ਹੈ। ਇਸ ਦੇ ਨਾਲ ਹੀ ਪੱਛਮੀ ਹਿਮਾਲਿਆ, ਪੰਜਾਬ, ਕੋਂਕਣ ਅਤੇ ਗੋਆ, ਗੁਜਰਾਤ ਖੇਤਰ, ਦੱਖਣ-ਪੱਛਮੀ ਮੱਧ ਪ੍ਰਦੇਸ਼ ਅਤੇ ਦੱਖਣੀ ਰਾਜਸਥਾਨ ਵਿਚ ਕਈ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਸ਼ ਹੋ ਸਕਦੀ ਹੈ। ਜਦੋਂ ਕਿ ਪੱਛਮੀ ਬੰਗਾਲ, ਸਿੱਕਮ, ਅੰਦਰੂਨੀ ਮਹਾਰਾਸ਼ਟਰ, ਉੱਤਰੀ ਰਾਜਸਥਾਨ, ਹਰਿਆਣਾ ਦੇ ਕੁਝ ਹਿੱਸਿਆਂ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿਚ ਤੇਜ਼ ਤੂਫਾਨ ਦੇ ਨਾਲ ਹਲਕੀ ਬਾਰਸ਼ ਹੋ ਸਕਦੀ ਹੈ।