ਪੈਰ ਵਿਚ ਸੱਟ ਲੱਗਣ ਕਾਰਨ ਖੇਡਾਂ ਤੋਂ ਦੂਰ ਹੋਈ CISF ਦੀ ਮਹਿਲਾ ਸਬ-ਇੰਸਪੈਕਟਰ ਗੀਤਾ ਸਮੋਤਾ ਨੇ 8,849 ਮੀਟਰ (29,032 ਫੁੱਟ) ਉੱਚੀ ਮਾਊਂਟ ਐਵਰੈਸਟ ‘ਤੇ ਸਫਲਤਾਪੂਰਵਕ ਚੜ੍ਹਾਈ ਕਰਕੇ ਇਤਿਹਾਸ ਰਚ ਦਿੱਤਾ। ਉਹ ਐਵਰੈਸਟ ‘ਤੇ ਚੜ੍ਹਨ ਵਾਲੀ ਪਹਿਲੀ CISF ਅਧਿਕਾਰੀ ਹੈ। ਇਸ ਤੋਂ ਪਹਿਲਾਂ ਵੀ ਉਹ ਕਈ ਪਹਾੜਾਂ ‘ਤੇ ਸਫਲਤਾਪੂਰਵਕ ਚੜ੍ਹਾਈ ਕਰ ਚੁੱਕੀ ਹੈ।
CISF ਦੇ ਮੁੱਖ ਬੁਲਾਰੇ ਅਜੈ ਦਹੀਆ ਨੇ ਕਿਹਾ ਕਿ ਰਾਜਸਥਾਨ ਦੇ ਸੀਕਰ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਚੱਕ ਪਿੰਡ ਦੀ ਰਹਿਣ ਵਾਲੀ ਗੀਤਾ ਦਾ ਪਾਲਣ-ਪੋਸ਼ਣ ਇੱਕ ਰਵਾਇਤੀ ਪੇਂਡੂ ਮਾਹੌਲ ਵਿੱਚ ਹੋਇਆ ਸੀ। ਗੀਤਾ ਨੂੰ ਸ਼ੁਰੂ ਤੋਂ ਹੀ ਖੇਡਾਂ ਵਿੱਚ ਖਾਸ ਦਿਲਚਸਪੀ ਸੀ। ਉਹ ਕਾਲਜ ਵਿੱਚ ਹਾਕੀ ਖਿਡਾਰਣ ਸੀ, ਪਰ ਇੱਕ ਸੱਟ ਨੇ ਖੇਡਾਂ ਵਿੱਚ ਉਸ ਦਾ ਭਵਿੱਖ ਰੋਕ ਦਿੱਤਾ।

ਇਸ ਝਟਕੇ ਨੇ ਗੀਤਾ ਨੂੰ ਇੱਕ ਨਵੀਂ ਦਿਸ਼ਾ ਵੱਲ ਮੋੜ ਦਿੱਤਾ। ਸਾਲ 2011 ਵਿੱਚ ਗੀਤਾ CISF ਵਿੱਚ ਸਬ-ਇੰਸਪੈਕਟਰ ਵਜੋਂ ਸ਼ਾਮਲ ਹੋਈ। ਜਦੋਂ ਉਹ ਇੱਥੇ ਆਈ ਤਾਂ ਉਸ ਨੇ ਦੇਖਿਆ ਕਿ ਪਰਬਤਾਰੋਹ ਇੱਕ ਅਜਿਹਾ ਖੇਤਰ ਸੀ ਜਿਸ ਬਾਰੇ ਫੋਰਸ ਦੇ ਬਹੁਤ ਘੱਟ ਲੋਕ ਜਾਣਦੇ ਸਨ।
2015 ਵਿੱਚ ਗੀਤਾ ਨੂੰ ਔਲੀ ਵਿੱਚ ਇੰਡੋ-ਤਿੱਬਤੀਅਨ ਬਾਰਡਰ ਪੁਲਿਸ (ITBP) ਟ੍ਰੇਨਿੰਗ ਸੰਸਥਾ ਵਿੱਚ ਛੇ ਹਫ਼ਤਿਆਂ ਦੇ ਮੁੱਢਲੇ ਪਰਬਤਾਰੋਹਣ ਕੋਰਸ ਲਈ ਚੁਣਿਆ ਗਿਆ ਸੀ। ਉਸ ਨੇ ਸਾਲ 2017 ਵਿੱਚ ਉੱਨਤ ਪਰਬਤਾਰੋਹੀ ਟ੍ਰੇਨਿੰਗ ਪੂਰੀ ਕੀਤੀ।
2019 ਵਿੱਚ, ਉਹ ਕੇਂਦਰੀ ਹਥਿਆਰਬੰਦ ਪੁਲਿਸ ਬਲ ਦੀ ਪਹਿਲੀ ਮਹਿਲਾ ਬਣ ਗਈ, ਜਿਸ ਨੇ ਉਤਰਾਖੰਡ ਵਿੱਚ ਮਾਊਂਟ ਸਤੋਪੰਥ (7,075 ਮੀਟਰ) ਅਤੇ ਨੇਪਾਲ ਵਿੱਚ ਮਾਊਂਟ ਲੋਬੂਚੇ (6,119 ਮੀਟਰ) ਨੂੰ ਸਫਲਤਾਪੂਰਵਕ ਸਰ ਕੀਤਾ।
ਇਹ ਵੀ ਪੜ੍ਹੋ : ਪਹਿਲਗਾਮ ਹ/ਮ/ਲਾ, ਮ੍ਰਿ/ਤਕਾਂ ਨੂੰ ਨਹੀਂ ਮਿਲੇਗਾ ਸ਼ਹੀਦ ਦਾ ਦਰਜਾ, ਹਾਈਕੋਰਟ ਵੱਲੋਂ ਪਟੀਸ਼ਨ ਰੱਦ
2021 ਅਤੇ 2022 ਵਿੱਚ ਉਸ ਨੇ ਆਸਟ੍ਰੇਲੀਆ ਵਿੱਚ ਮਾਊਂਟ ਕੋਸੀਅਸਜ਼ਕੋ (2,228 ਮੀਟਰ), ਰੂਸ ਵਿੱਚ ਮਾਊਂਟ ਐਲਬਰਸ (5,642 ਮੀਟਰ), ਤਨਜ਼ਾਨੀਆ ਵਿੱਚ ਮਾਊਂਟ ਕਿਲੀਮੰਜਾਰੋ (5,895 ਮੀਟਰ) ਅਤੇ ਅਰਜਨਟੀਨਾ ਵਿੱਚ ਮਾਊਂਟ ਐਕੋਨਕਾਗੁਆ (6,961 ਮੀਟਰ) ਦੀ ਚੜ੍ਹਾਈ ਕੀਤੀ। ਇਹ ਚਾਰ ਚੋਟੀਆਂ ਸਿਰਫ਼ ਛੇ ਮਹੀਨੇ ਅਤੇ 27 ਦਿਨਾਂ ਵਿੱਚ ਸਰ ਕਰ ਲਈਆਂ ਗਈਆਂ। ਲੱਦਾਖ ਦੇ ਰੂਪਸ਼ੂ ਇਲਾਕੇ ਵਿੱਚ ਉਸ ਨੇ ਸਿਰਫ਼ ਤਿੰਨ ਦਿਨਾਂ ਵਿੱਚ ਪੰਜ ਚੋਟੀਆਂ ਸਫਲਤਾਪੂਰਵਕ ਸਰ ਕੀਤੀਆਂ। ਉਹ ਅਜਿਹਾ ਕਰਨ ਵਾਲੀ ਪਹਿਲੀ ਅਤੇ ਸਭ ਤੋਂ ਤੇਜ਼ ਮਹਿਲਾ ਪਰਬਤਾਰੋਹੀ ਬਣ ਗਈ।
ਵੀਡੀਓ ਲਈ ਕਲਿੱਕ ਕਰੋ -:
























