ਕੇਰਲ ਦੇ ਅਲਾਪੁਝਾ ‘ਚ ਦੂਸ਼ਿਤ ਪਾਣੀ ‘ਚ ਰਹਿ ਰਹੇ ਫ੍ਰੀ ਲਿਵਿੰਗ ਅਮੀਬਾ ਕਾਰਨ 15 ਸਾਲਾਂ ਮੁੰਡੇ ਦੀ ਮੌਤ ਹੋ ਗਈ। ਗੁਰੂ ਦੱਤ ਨਾਂ ਦਾ ਇਹ ਲੜਕਾ 10ਵੀਂ ਜਮਾਤ ਦਾ ਵਿਦਿਆਰਥੀ ਸੀ। ਉਸ ਨੂੰ ਪ੍ਰਾਇਮਰੀ ਅਮੀਬਿਕ ਮੇਨਿੰਗੋਏਨਸੇਫਲਾਇਟਿਸ ਇਨਫੈਕਸ਼ਨ ਹੋਇਆ ਸੀ। ਇਸ ਕਾਰਨ ਗੁਰੂ ਦੱਤ ਨੂੰ ਬੁਖਾਰ ਅਤੇ ਦੌਰੇ ਪੈ ਗਏ। ਜਾਂਚ ‘ਚ ਇਨਫੈਕਸ਼ਨ ਦਾ ਪਤਾ ਲੱਗਾ ਹੈ।
ਸੂਬੇ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਸ਼ੁੱਕਰਵਾਰ ਨੂੰ ਬੱਚੇ ਦੀ ਮੌਤ ਦੀ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਲੋਕਾਂ ਨੂੰ ਸੁਚੇਤ ਕੀਤਾ ਗਿਆ ਹੈ ਕਿ ਉਹ ਗੰਦੇ ਪਾਣੀ ਵਿੱਚ ਨਹਾਉਣ ਤੋਂ ਗੁਰੇਜ਼ ਕਰਨ ਕਿਉਂਕਿ ਇਹ ਅਮੀਬਾ ਨੱਕ ਰਾਹੀਂ ਸਰੀਰ ਵਿੱਚ ਦਾਖ਼ਲ ਹੁੰਦਾ ਹੈ।
ਗੁਰੂ ਦੱਤ 1 ਜੁਲਾਈ ਤੋਂ ਅਲਪੁੱਝਾ ਮੈਡੀਕਲ ਕਾਲਜ ਹਸਪਤਾਲ ‘ਚ ਦਾਖਲ ਸੀ। ਬਾਅਦ ਵਿਚ ਪਤਾ ਲੱਗਾ ਕਿ ਉਹ ਪਨਾਲੀ ਵਿੱਚ ਇੱਕ ਝਰਨੇ ਹੇਠਾਂ ਨਹਾਉਂਦੇ ਹੋਏ ਇਸ ਦੀ ਲਪੇਟ ਵਿੱਚ ਆ ਗਿਆ ਸੀ।
ਸਿਹਤ ਮੰਤਰੀ ਵੀਨਾ ਜਾਰਜ ਨੇ ਕਿਹਾ ਕਿ ਅਮੀਬਾ ਖੜ੍ਹੇ ਪਾਣੀ ਵਿੱਚ ਰਹਿੰਦਾ ਹੈ ਅਤੇ ਨੱਕ ਦੀ ਪਤਲੀ ਚਮੜੀ ਰਾਹੀਂ ਅੰਦਰ ਦਾਖ਼ਲ ਹੁੰਦਾ ਹੈ। ਇਹ ਛੂਤ ਦੀ ਬਿਮਾਰੀ ਨਹੀਂ ਹੈ। ਅਜਿਹਾ ਬਹੁਤ ਘੱਟ ਹੁੰਦਾ ਹੈ, ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਇਸ ਤੋਂ ਪਹਿਲਾਂ ਅਜਿਹੇ 5 ਮਾਮਲੇ ਸਾਹਮਣੇ ਆ ਚੁੱਕੇ ਹਨ।
ਪਹਿਲਾ ਮਾਮਲਾ 2016 ਵਿੱਚ ਆਇਆ ਸੀ। ਇਸ ਤੋਂ ਬਾਅਦ 2019, 2020 ਅਤੇ 2022 ਵਿੱਚ ਇੱਕ-ਇੱਕ ਕੇਸ ਮਿਲਿਆ ਸੀ। ਇਨ੍ਹਾਂ ਸਾਰੇ ਸੰਕਰਮਿਤ ਮਰੀਜ਼ਾਂ ਦੀ ਮੌਤ ਹੋ ਗਈ ਸੀ। ਇਸ ਬਿਮਾਰੀ ਦੇ ਲੱਛਣ ਹਨ ਬੁਖਾਰ, ਸਿਰ ਦਰਦ, ਉਲਟੀਆਂ ਅਤੇ ਦੌਰੇ ਹਨ।
ਅਮਰੀਕਾ ਦੇ ਰੋਗ ਰੋਕੂ ਕੇਂਦਰਾਂ ਮੁਤਾਬਕ ਪੀਏਐਮ ਇੱਕ ਅਮੀਬਾ ਜਾਂ ਨੇਗਲੇਰੀਆ ਫਾਉਲੇਰੀ ਨਾਂ ਦੇ ਇੱਕ ਸੈੱਲ ਵਾਲੇ ਜੀਵਾਣੂ ਦੇ ਕਾਰਨ ਦਿਮਾਗ ਦੀ ਇਨਫੈਕਸ਼ਨ ਹੈ। ਇਹ ਅਮੀਬਾ ਮਿੱਟੀ ਅਤੇ ਗਰਮ ਤਾਜ਼ੇ ਪਾਣੀ ਵਿੱਚ ਰਹਿੰਦਾ ਹੈ, ਜਿਵੇਂ ਕਿ ਝੀਲਾਂ, ਨਦੀਆਂ ਅਤੇ ਗਰਮ ਚਸ਼ਮੇ।
ਇਹ ਵੀ ਪੜ੍ਹੋ : ਬਾਲਾਸੋਰ ਟ੍ਰੇਨ ਹਾਦਸੇ ‘ਚ CBI ਦਾ ਵੱਡਾ ਐਕਸ਼ਨ, 3 ਰੇਲਵੇ ਮੁਲਾਜ਼ਮ ਕੀਤੇ ਗ੍ਰਿਫ਼ਤਾਰ
ਇਸ ਨੂੰ ਆਮ ਤੌਰ ‘ਤੇ ‘ਬ੍ਰੇਨ ਈਟਿੰਗ ਅਮੀਬਾ’ ਕਿਹਾ ਜਾਂਦਾ ਹੈ ਕਿਉਂਕਿ ਜਦੋਂ ਅਮੀਬਾ ਵਾਲਾ ਪਾਣੀ ਨੱਕ ਵਿੱਚ ਦਾਖਲ ਹੁੰਦਾ ਹੈ ਤਾਂ ਇਹ ਦਿਮਾਗ ਨੂੰ ਸੰਕਰਮਿਤ ਕਰਦਾ ਹੈ। ਹਾਲਾਂਕਿ ਦੂਸ਼ਿਤ ਪਾਣੀ ਪੀਣ ਨਾਲ ਇਨਫੈਕਸ਼ਨ ਨਹੀਂ ਹੁੰਦੀ। ਅਮਰੀਕਾ ਵਿੱਚ ਹਰ ਸਾਲ ਔਸਤਨ ਤਿੰਨ ਲੋਕ ਇਸ ਨਾਲ ਸੰਕਰਮਿਤ ਹੁੰਦੇ ਹਨ।
ਵੀਡੀਓ ਲਈ ਕਲਿੱਕ ਕਰੋ -: