Farmer leader Rakesh Tikait : ਦਿੱਲੀ ਦੀਆ ਸਰਹੱਦਾਂ ‘ਤੇ ਡਟੇ ਕਿਸਾਨਾਂ ਦੇ ਅੰਦੋਲਨ ਦਾ ਅੱਜ 66 ਵਾਂ ਦਿਨ ਹੈ। ਕਿਸਾਨ ਲਗਾਤਾਰ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ। ਇਸ ਦੇ ਨਾਲ ਹੀ MSP ਨੂੰ ਕਾਨੂੰਨ ਬਣਾਉਣ ਦੀ ਵੀ ਮੰਗ ਕੀਤੀ ਜਾ ਰਹੀ ਹੈ। ਪਰ ਸਰਕਾਰ ਅਤੇ ਕਿਸਾਨਾਂ ਵਿਚਕਾਰ 11 ਗੇੜ ਦੀ ਗੱਲਬਾਤ ਹੋਣ ਤੋਂ ਬਾਅਦ ਵੀ ਮਸਲਾ ਹੱਲ ਨਹੀਂ ਹੋਇਆ ਹੈ। ਇਸ ਦੇ ਨਾਲ ਹੀ ਹੁਣ ਸਿੰਘੂ ਬਾਰਡਰ ਦੇ ਨਾਲ-ਨਾਲ ਗਾਜੀਪੁਰ ਬਾਰਡਰ ‘ਤੇ ਵੀ ਕਿਸਾਨ ਅੰਦੋਲਨ ਦਾ ਕੇਂਦਰ ਬਣ ਗਿਆ ਹੈ। ਜ਼ਿਕਰਯੋਗ ਹੈ ਕਿ ਪਿੱਛਲੇ ਦਿਨੀ ਗਾਜੀਪੁਰ ਬਾਰਡਰ ‘ਤੇ ਜੋ ਕੁੱਝ ਵੀ ਹੋਇਆ ਸੀ ਉਸ ਨੇ ਅੰਦੋਲਨ ‘ਚ ਇੱਕ ਵਾਰ ਫਿਰ ਜਾਨ ਪਾ ਦਿੱਤੀ ਹੈ, ਜਾਂ ਕਿਹਾ ਜਾਵੇ ਕਿ ਅੰਦੋਲਨ ਫਿਰ ਵਾਪਿਸ ਸਿਖਰ ‘ਤੇ ਹੈ।
ਲੋਕ ਲਗਾਤਾਰ ਦਿੱਲੀ ਵੱਲ ਨੂੰ ਕੂਚ ਕਰ ਰਹੇ ਹਨ। ਇਸ ਦੇ ਵਿਚਕਾਰ ਹੁਣ ਭਾਰਤੀ ਕਿਸਾਨ ਯੂਨੀਅਨ ਦੇ ਰਾਕੇਸ਼ ਟਿਕੈਤ ਨੇ ਇੱਕ ਟਵੀਟ ਕਰਦਿਆਂ ਟਵਿੱਟਰ ਨੂੰ ਇੱਕ ਅਪੀਲ ਕੀਤੀ ਹੈ। ਟਿਕੈਤ ਨੇ ਆਪਣੇ ਅਕਾਊਂਟ ਦੀ ਪੁਸ਼ਟੀ ਕਰਨ ਦੀ ਅਪੀਲ ਕੀਤੀ ਹੈ। ਰਾਕੇਸ਼ ਟਿਕੈਤ ਨੇ ਟਵੀਟ ਕਰ ਕਿਹਾ, ਪਿਆਰੇ @TwitterIndia ਅਤੇ @verified ਮੈਂ ਤੁਹਾਨੂੰ ਬੇਨਤੀ ਕਰਦਾ ਹਾਂ, ਕੇ ਤੁਰੰਤ ਮੇਰੇ ਅਧਿਕਾਰਿਕ @RakeshTikaitBKU ਅਤੇ ਭਾਰਤੀ ਕਿਸਾਨ ਯੂਨੀਅਨ @OffialBKU ਨੂੰ ਵੈਰੀਫਾਈ ਕੀਤਾ ਜਾਵੇ। ਕਿਉਂਕਿ ਸਾਡੇ ਨਾਮ ਤੇ ਬਹੁਤ ਸਾਰੇ ਜਾਅਲੀ ਅਕਾਊਂਟਸ ਬਣਾਏ ਗਏ ਹਨ ਅਤੇ ਮੌਜੂਦਾ ਹਾਲਤਾਂ ਵਿੱਚ ਅਧਿਕਾਰਤ ਹੈਂਡਲ ਦੀ ਪੁਸ਼ਟੀ ਕਰਨਾ ਬਹੁਤ ਜ਼ਰੂਰੀ ਹੈ!
ਬੀਤੇ ਦਿਨ ਵੀ ਦਿੱਲੀ ਦੇ ਸਿੰਘੂ ਬਾਰਡਰ ‘ਤੇ ਕੁੱਝ ਲੋਕਾਂ ਵਲੋਂ ਹੰਗਾਮਾ ਵੀ ਕੀਤਾ ਗਿਆ ਸੀ। ਬੀਤੀ 26 ਜਨਵਰੀ ਦੀ ਘਟਨਾ ‘ਤੇ ਦੁੱਖ ਜ਼ਾਹਿਰ ਕਰਦੇ ਹੋਏ ਅੱਜ ਕਿਸਾਨ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਬਰਸੀ ‘ਤੇ ਵਰਤ ਰੱਖ ਰਹੇ ਹਨ। ਕਿਸਾਨ ਰਾਸ਼ਟਰ ਪਿਤਾ ਦੀ ਬਰਸੀ ਨੂੰ ਸਦਭਾਵਨਾ ਦਿਵਸ ਵਜੋਂ ਮਨਾ ਰਹੇ ਹਨ। ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਦੇਸ਼ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਤੁਸੀਂ ਸਾਡੇ ਵਰਤ ਵਿੱਚ ਸ਼ਾਮਿਲ ਹੋਵੋ ਅਤੇ ਸਾਡਾ ਸਮਰਥਨ ਕਰੋ।