26 ਨਵੰਬਰ 2020, ਯਾਨੀ ਅੱਜ ਤੋਂ 380 ਦਿਨ ਪਹਿਲਾਂ ਜਦੋਂ ਕਿਸਾਨਾਂ ਨੇ ਦਿੱਲੀ ਜਾਣ ਦਾ ਐਲਾਨ ਕੀਤਾ ਸੀ, ਉਨ੍ਹਾਂ ਨੂੰ ਇੱਥੇ ਪਹੁੰਚਣ ਲਈ ਬਹੁਤ ਸਾਰੀਆਂ ਰੁਕਾਵਟਾਂ ਨੂੰ ਪਾਰ ਕਰਨਾ ਪਿਆ ਸੀ। ਉਦੋਂ ਤੋਂ ਹੁਣ ਤੱਕ ਦੀ ਸਥਿਤੀ ਬਦਲ ਗਈ ਹੈ। ਅੱਜ ਯਾਨੀ 11 ਦਸੰਬਰ ਨੂੰ ਕਿਸਾਨ ਬਹਾਦਰੀ ਦਾ ਇਤਿਹਾਸ ਲਿਖ ਕੇ ਦਿੱਲੀ ਤੋਂ ਮਹਾਰਾਜਿਆਂ ਵਾਂਗ ਘਰ ਵਾਪਸ ਜਾ ਰਹੇ ਹਨ। ਠੀਕ ਉਸੇ ਤਰ੍ਹਾਂ ਫਤਹਿ ਮਾਰਚ ਕੱਢਿਆ ਜਾ ਰਿਹਾ ਹੈ ਜਿਸ ਤਰ੍ਹਾਂ ਪੰਜਾਬ ਦੇ ਰਾਜੇ ਜੰਗ ਜਿੱਤ ਕੇ ਵਾਪਸ ਆਉਂਦੇ ਸਨ।
ਇਸ ਫ਼ਤਹਿ ਮਾਰਚ ਦੀ ਅਗਵਾਈ ਸਿੱਖ ਮਰਿਆਦਾ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਪੰਜ ਪਿਆਰਿਆਂ ਨੇ ਕੀਤੀ। ਇਸ ਫਤਹਿ ਮਾਰਚ ਵਿੱਚ ਮਹਾਰਾਜਿਆਂ ਵਾਂਗ ਘੋੜ-ਸਵਾਰਾਂ ਅਤੇ ਕਿਸਾਨ ਸੈਨਾ ਦਾ ਵੱਡਾ ਕਾਫਲਾ ਕਿਸਾਨਾਂ ਦੇ ਨਾਲ ਚੱਲ ਰਿਹਾ ਹੈ। ਕਿਸਾਨ ਆਗੂ ਕਹਿ ਰਹੇ ਹਨ ਕਿ ਅੱਜ ਹਰ ਕਿਸਾਨ ਸਿਰ ਉੱਚਾ ਕਰਕੇ ਪੰਜਾਬ ਵਿੱਚ ਦਾਖ਼ਲ ਹੋਵੇਗਾ ਅਤੇ ਇੱਜ਼ਤ ਨਾਲ ਘਰ ਜਾਵੇਗਾ। ਰਸਤੇ ‘ਚ ਕਈ ਥਾਵਾਂ ‘ਤੇ ਕਿਸਾਨਾਂ ਦੇ ਸਵਾਗਤ ਲਈ ਤਿਆਰੀਆਂ ਕੀਤੀਆਂ ਗਈਆਂ ਹਨ।
ਹੁਣ ਹਰ ਦੀਵਾਲੀ, ਹੋਲੀ, ਲੋਹੜੀ, ਵਿਸਾਖੀ ਸਾਰੇ ਤਿਉਹਾਰ ਘਰ-ਘਰ ਮਨਾਏ ਜਾਣਗੇ। ਪਿਛਲੇ 1 ਸਾਲ 15 ਦਿਨਾਂ ਤੋਂ ਕਿਸਾਨ ਸਰਦੀ, ਗਰਮੀ ਅਤੇ ਬਰਸਾਤ, ਹਰ ਤਿਉਹਾਰ, ਖਾਸ ਦਿਨ ਦਿੱਲੀ ਦੀਆਂ ਸਰਹੱਦਾਂ ‘ਤੇ ਬਿਤਾ ਰਹੇ ਸਨ, ਪਰ ਹੁਣ ਅਜਿਹਾ ਨਹੀਂ ਹੋਵੇਗਾ। ਸਿੰਘੂ ਬਾਰਡਰ ਤੋਂ ਅੱਜ ਜਦੋਂ ਕਿਸਾਨ ਰਵਾਨਾ ਹੋਏ ਤਾਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਸਿੰਘੂ ਬਾਰਡਰ ‘ਤੇ ਹੁਣ ਕੋਈ ਸਟੇਜ ਨਹੀਂ ਹੈ ਪੰਡਾਲ ‘ਤੋਂ ਆਖਰੀ ਵਾਰ ਅਰਦਾਸ ਕੀਤੀ ਗਈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਹੇਠ ਸ਼ੁਰੂ ਹੋਏ ਫਤਹਿ ਮਾਰਚ ’ਤੇ ਫੁੱਲਾਂ ਦੀ ਵਰਖਾ ਕੀਤੀ ਗਈ। ਫਤਹਿ ਮਾਰਚ ਰਵਾਨਾ ਹੋ ਗਿਆ ਅਤੇ ਰਸਤੇ ਵਿੱਚ ਵੱਖ-ਵੱਖ ਥਾਵਾਂ ‘ਤੇ ਕਿਸਾਨਾਂ ਲਈ ਲੰਗਰ ਲਗਾਏ ਗਏ। 26 ਜਨਵਰੀ ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਦੇਸ਼ ਦੀਆਂ ਸੜਕਾਂ ‘ਤੇ ਇਕ ਵਾਰ ਫਿਰ ਟਰੈਕਟਰਾਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲਣਗੀਆਂ।
ਫਤਹਿ ਮਾਰਚ ਦਾ ਪਹਿਲਾ ਪੜਾਅ ਕਰਨਾਲ ਵਿੱਚ ਰੱਖਿਆ ਗਿਆ ਹੈ। ਰਾਤ ਨੂੰ ਕਿਸਾਨ ਇੱਥੇ ਆਰਾਮ ਕਰਨਗੇ ਅਤੇ ਉਨ੍ਹਾਂ ਲਈ ਲੰਗਰ ਅਤੇ ਠਹਿਰਨ ਦਾ ਪ੍ਰਬੰਧ ਕੀਤਾ ਗਿਆ ਹੈ। ਇਹ ਮਾਰਚ ਐਤਵਾਰ ਸਵੇਰੇ ਇਸੇ ਅੰਦਾਜ਼ ਵਿੱਚ ਪੰਜਾਬ ਲਈ ਰਵਾਨਾ ਹੋਵੇਗਾ। ਚਾਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਅਸਥਾਨ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਐਤਵਾਰ ਰਾਤ ਨੂੰ ਠਹਿਰਾਅ ਹੋਵੇਗਾ। ਇਸ ਤੋਂ ਬਾਅਦ ਇਹ ਮਾਰਚ ਸੋਮਵਾਰ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਗੋਲਡਨ ਗੇਟ ਵਿਖੇ ਪਹੁੰਚੇਗਾ। ਇੱਥੋਂ ਵਿਸ਼ਾਲ ਨਗਰ ਕੀਰਤਨ ਕੱਢ ਕੇ ਸ੍ਰੀ ਹਰਿਮੰਦਰ ਸਾਹਿਬ ਜਾਵੇਗਾ ਅਤੇ ਉਥੇ ਕਿਸਾਨ ਆਗੂ ਵਾਹਿਗੁਰੂ ਦਾ ਸ਼ੁਕਰਾਨਾ ਕਰਨਗੇ।
ਵੀਡੀਓ ਲਈ ਕਲਿੱਕ ਕਰੋ -: