ਤੇਲੰਗਾਨਾ ਦੇ ਕਰੀਮਨਗਰ ‘ਚ ਐਤਵਾਰ ਸਵੇਰੇ ਫੁੱਟਪਾਥ ‘ਤੇ ਬੈਠੇ ਕੁੱਝ ਮਜ਼ਦੂਰਾਂ ਨੂੰ ਇਕ ਗੱਡੀ ਨੇ ਟੱਕਰ ਮਾਰ ਦਿੱਤੀ, ਜਿਸ ਵਿੱਚ ਇੱਕ ਲੜਕੀ ਸਣੇ ਚਾਰ ਔਰਤਾਂ ਦੀ ਮੌਤ ਹੋ ਗਈ। ਗੱਡੀ ਨੂੰ ਕਥਿਤ ਤੌਰ ‘ਤੇ ਨਾਬਾਲਗ ਚਲਾ ਰਿਹਾ ਸੀ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਘਟਨਾ ਸਵੇਰੇ 6.50 ਵਜੇ ਦੇ ਕਰੀਬ ਵਾਪਰੀ। ਇਲਾਕੇ ਵਿੱਚ ਗੱਡੀ ਚਲਾਉਂਦੇ ਸਮੇਂ ਸੰਘਣੀ ਧੁੰਦ ਕਾਰਨ ਆਪਣੀਆਂ ਅੱਖਾਂ ਮਲਦੇ ਹੋਏ ਨੌਜਵਾਨ ਨੇ ਸਟੇਅਰਿੰਗ ‘ਤੇ ਕੰਟਰੋਲ ਗੁਆ ਲਿਆ ਅਤੇ ਕਾਰ ਡਿਵਾਈਡਰ ਨਾਲ ਜਾ ਟਕਰਾਈ ਅਤੇ ਫੁੱਟਪਾਥ ‘ਤੇ ਬੈਠੇ ਲੋਕਾਂ ਨੂੰ ਟੱਕਰ ਮਾਰ ਦਿੱਤੀ।
ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਘਟਨਾ ਵਿੱਚ ਤਿੰਨ ਔਰਤਾਂ (27 ਤੋਂ 32 ਸਾਲ ਦੇ ਵਿਚਕਾਰ) ਅਤੇ ਇੱਕ 14 ਸਾਲ ਦੀ ਲੜਕੀ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਇਨ੍ਹਾਂ ‘ਚੋਂ ਤਿੰਨ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਇਕ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀਆਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।
ਕਰੀਮਨਗਰ ਦੇ ਪੁਲਿਸ ਕਮਿਸ਼ਨਰ ਵੀ ਸਤਿਆਨਾਰਾਇਣ ਨੇ ਕਿਹਾ ਕਿ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਨਾਬਾਲਗ ਨੇ ਬ੍ਰੇਕ ਦੀ ਬਜਾਏ ਐਕਸੀਲੇਟਰ ਦਬਾਇਆ ਅਤੇ ਚਾਰ ਔਰਤਾਂ ਅਤੇ ਹੋਰਾਂ ਨੂੰ ਕਾਰ ਨਾਲ ਟੱਕਰ ਮਾਰ ਦਿੱਤੀ। ਕਿਸ਼ੋਰ ਨੌਵੀਂ ਜਮਾਤ ਦਾ ਵਿਦਿਆਰਥੀ ਹੈ ਅਤੇ ਘਟਨਾ ਦੇ ਸਮੇਂ ਕਾਰ ਵਿੱਚ ਦੋ ਨਾਬਾਲਗ ਦੋਸਤ ਸਨ। ਘਟਨਾ ਤੋਂ ਬਾਅਦ ਤਿੰਨੇ ਨਾਬਾਲਗ ਕਾਰ ਛੱਡ ਕੇ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੇ ਦੱਸਿਆ ਕਿ ਤਿੰਨਾਂ ਨੂੰ ਬਾਅਦ ਵਿੱਚ ਫੜ ਲਿਆ ਗਿਆ ਅਤੇ ਕਾਰ ਦੇ ਮਾਲਕ, ਜਿਸ ਨੇ ਆਪਣੇ ਨਾਬਾਲਗ ਪੁੱਤਰ ਨੂੰ ਗੱਡੀ ਚਲਾਉਣ ਦੀ ਇਜਾਜ਼ਤ ਦਿੱਤੀ, ਉਸ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਗਿਆ। ਪੁਲਸ ਨੇ ਦੱਸਿਆ ਕਿ ਮਜ਼ਦੂਰ ਪਹਿਲਾਂ ਫੁੱਟਪਾਥ ‘ਤੇ ਬਣੀਆਂ ਅਸਥਾਈ ਝੌਂਪੜੀਆਂ ‘ਚ ਰਹਿੰਦੇ ਸਨ, ਜਿਨ੍ਹਾਂ ਨੂੰ ਹਾਲ ਹੀ ‘ਚ ਪੁਲਸ ਅਤੇ ਨਗਰ ਨਿਗਮ ਅਧਿਕਾਰੀਆਂ ਨੇ ਹਟਾਇਆ ਸੀ।
ਵੀਡੀਓ ਲਈ ਕਲਿੱਕ ਕਰੋ -: