ਕਰਨਾਟਕ ਵਿੱਚ ਹਿਜਾਬ ਵਿਵਾਦ ਵਧਦਾ ਜਾ ਰਿਹਾ ਹੈ। ਅੱਜ ਇਸ ਮਾਮਲੇ ਦੀ ਹਾਈ ਕੋਰਟ ਵਿੱਚ ਸੁਣਵਾਈ ਹੋਣੀ ਹੈ ਪਰ ਇਸ ਤੋਂ ਪਹਿਲਾਂ ਹੀ ਉਡੁਪੀ ਜ਼ਿਲ੍ਹੇ ਵਿੱਚ ਹਾਲਾਤ ਵਿਗੜਦੇ ਜਾ ਰਹੇ ਹਨ। ਅਸਲ ‘ਚ ਸੁਣਵਾਈ ਤੋਂ ਪਹਿਲਾਂ ਮਹਾਤਮਾ ਗਾਂਧੀ ਮੈਮੋਰੀਅਲ ਕਾਲਜ ‘ਚ ਪ੍ਰਦਰਸ਼ਨ ਸ਼ੁਰੂ ਹੋ ਗਿਆ ਸੀ। ਭਗਵੇਂ ਰੰਗ ਦੇ ਸਕਾਰਫ਼ ਪਹਿਨੇ ਵਿਦਿਆਰਥੀ ਆਏ ਅਤੇ ਹਿਜਾਬ ਪਹਿਨਣ ਵਾਲੀਆਂ ਵਿਦਿਆਰਥਣਾਂ ਖ਼ਿਲਾਫ਼ ਨਾਅਰੇਬਾਜ਼ੀ ਕਰਨ ਲੱਗੇ। ਅਚਾਨਕ ਮਾਮਲਾ ਵਧ ਗਿਆ ਅਤੇ ਪ੍ਰਦਰਸ਼ਨ ਤੇਜ਼ ਹੋ ਗਿਆ।
ਮਾਮਲੇ ਨੂੰ ਵਧਦਾ ਦੇਖ ਕੇ ਸੀਐਮ ਬਸਵਰਾਜ ਬੋਮਈ ਦਾ ਬਿਆਨ ਸਾਹਮਣੇ ਆਇਆ ਹੈ, ਉਨ੍ਹਾਂ ਨੇ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ। ਸੀਐਮ ਨੇ ਕਿਹਾ ਹੈ ਕਿ ਇਹ ਮਾਮਲਾ ਅੱਜ ਹਾਈ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ। ਇਸਦੀ ਉਡੀਕ ਕਰੋ ਅਤੇ ਬੱਚਿਆਂ ਨੂੰ ਪੜ੍ਹਨ ਦਿਓ। ਇਸ ਤੋਂ ਪਹਿਲਾਂ ਵੀ ਸੀਐਮ ਨੇ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਸੀ। ਹਾਲਾਂਕਿ ਉਨ੍ਹਾਂ ਕਿਹਾ ਸੀ ਕਿ ਹਾਈ ਕੋਰਟ ਦਾ ਫੈਸਲਾ ਆਉਣ ਤੱਕ ਨਵੇਂ ਯੂਨੀਫਾਰਮ ਕਾਨੂੰਨ ਦੀ ਸਖਤੀ ਨਾਲ ਪਾਲਣਾ ਕੀਤੀ ਜਾਣੀ ਚਾਹੀਦੀ ਹੈ।
ਹਾਈ ਕੋਰਟ ਅੱਜ ਕਰਨਾਟਕ ਦੇ ਉਡੁਪੀ ਵਿੱਚ ਹਿਜਾਬ ਵਿਵਾਦ ਮਾਮਲੇ ਦੀ ਸੁਣਵਾਈ ਕਰੇਗੀ। ਇਹ ਸੁਣਵਾਈ ਪੰਜ ਲੜਕੀਆਂ ਵੱਲੋਂ ਦਾਇਰ ਪਟੀਸ਼ਨ ‘ਤੇ ਹੋਣ ਜਾ ਰਹੀ ਹੈ। ਅਸਲ ‘ਚ ਨਵੇਂ ਯੂਨੀਫਾਰਮ ਕਾਨੂੰਨ ਦਾ ਵਿਰੋਧ ਕਰ ਰਹੀਆਂ ਇਨ੍ਹਾਂ ਵਿਦਿਆਰਥਣਾਂ ਵੱਲੋਂ ਪਟੀਸ਼ਨ ਦਾਇਰ ਕੀਤੀ ਗਈ ਸੀ। ਹੁਣ ਨਵੇਂ ਨਿਯਮ ਤਹਿਤ ਕਾਲਜਾਂ ਵਿੱਚ ਹਿਜਾਬ ਪਹਿਨਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। 1 ਜਨਵਰੀ ਨੂੰ ਛੇ ਮੁਸਲਿਮ ਵਿਦਿਆਰਥਣਾਂ ਨੂੰ ਉਡੁਪੀ ਦੇ ਸਰਕਾਰੀ ਪ੍ਰੀ-ਯੂਨੀਵਰਸਿਟੀ ਕਾਲਜ ਵਿੱਚ ਕਲਾਸਾਂ ਵਿੱਚ ਜਾਣ ਤੋਂ ਰੋਕ ਦਿੱਤਾ ਗਿਆ ਸੀ। ਇਨ੍ਹਾਂ ਸਾਰੀਆਂ ਕੁੜੀਆਂ ਨੇ ਹਿਜਾਬ ਪਾਇਆ ਹੋਇਆ ਸੀ। ਕਾਲਜ ਪ੍ਰਬੰਧਕਾਂ ਨੇ ਪਾਬੰਦੀ ਦਾ ਕਾਰਨ ਨਵੇਂ ਯੂਨੀਫਾਰਮ ਕਾਨੂੰਨ ਨੂੰ ਦੱਸਿਆ ਹੈ। ਇਹ ਮੁੱਦਾ ਹੁਣ ਉਡੁਪੀ ਦੇ ਹੋਰ ਸਰਕਾਰੀ ਕਾਲਜਾਂ ਵਿੱਚ ਵੀ ਫੈਲ ਗਿਆ ਹੈ। ਕੁੰਡਾਪੁਰਾ ਕਾਲਜ ਦੀਆਂ 28 ਮੁਸਲਿਮ ਵਿਦਿਆਰਥਣਾਂ ਨੂੰ ਵੀ ਹਿਜਾਬ ਪਾ ਕੇ ਕਲਾਸਾਂ ਵਿਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਉਦੋਂ ਤੋਂ ਹੀ ਕਈ ਵਿਦਿਆਰਥਣਾਂ ਹਿਜਾਬ ‘ਤੇ ਪਾਬੰਦੀ ਦਾ ਵਿਰੋਧ ਕਰ ਰਹੀਆਂ ਹਨ।
ਵੀਡੀਓ ਲਈ ਕਲਿੱਕ ਕਰੋ -: