ਜਦੋਂ ਵੀ ਦੇਸ਼ ਭਰ ਵਿੱਚ ਤਿਉਹਾਰ ਆਉਂਦੇ ਹਨ, ਤਾਂ ਲਗਭਗ ਹਰ ਰੇਲਵੇ ਸਟੇਸ਼ਨ ‘ਤੇ ਭਾਰੀ ਭੀੜ ਦੇਖਣ ਨੂੰ ਮਿਲਦੀ ਹੈ। ਲੋਕਾਂ ਨੂੰ ਹਜ਼ਾਰਾਂ ਕਿਲੋਮੀਟਰ ਖੜ੍ਹੇ ਹੋ ਕੇ ਸਫ਼ਰ ਕਰਨਾ ਪੈਂਦਾ ਹੈ। ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਇਸ ਭੀੜ ਅਤੇ ਸੁਰੱਖਿਅਤ ਯਾਤਰਾ ਲਈ ਇੱਕ ਵੱਡਾ ਤੋਹਫ਼ਾ ਦਿੱਤਾ ਹੈ। ਇਸ ਮੁਤਾਬਕ ਜੇ ਤੁਸੀਂ ਆਉਣ-ਜਾਣ ਦੋਵਾਂ ਲਈ ਇਕੱਠੇ ਟਿਕਟਾਂ ਬੁੱਕ ਕਰਦੇ ਹੋ, ਤਾਂ ਤੁਹਾਨੂੰ 20 ਫੀਸਦੀ ਦੀ ਛੋਟ ਦਿੱਤੀ ਜਾਵੇਗੀ। ਇਸ ਸੰਬੰਧੀ, ਰੇਲਵੇ ਮੰਤਰਾਲੇ ਨੇ “ਰਾਉਂਡ ਟ੍ਰਿਪ ਪੈਕੇਜ” ਸ਼ੁਰੂ ਕੀਤਾ ਹੈ।
ਭਾਰਤੀ ਰੇਲਵੇ ਨੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਰੇਲਗੱਡੀਆਂ ਵਿੱਚ ਭਾਰੀ ਭੀੜ ਅਤੇ ਟਿਕਟਾਂ ਦੀ ਭੀੜ ਤੋਂ ਬਚਣ ਲਈ ਇੱਕ ਨਵੀਂ ਯੋਜਨਾ ਸ਼ੁਰੂ ਕੀਤੀ ਹੈ। ਇਸ ਦਾ ਨਾਂ ਹੈ ਰਾਊਂਟ ਟ੍ਰਿਪ ਪੈਕੇਜ ਫਾਰ ਫੈਸਟੀਵਲ ਰਸ਼, ਇਸ ਸਕੀਮ ਦਾ ਉਦੇਸ਼ ਵੱਖ-ਵੱਖ ਦਿਨਾਂ ‘ਤੇ ਯਾਤਰੀਆਂ ਨੂੰ ਸਸਤੇ ਰੇਟ ‘ਤੇ ਟਿਕਟਾਂ ਦੇ ਕੇ ਭੀੜ ਨੂੰ ਵੰਡਣਾ ਹੈ ਤਾਂਜੋ ਯਾਤਰਾ ਆਰਾਮਦਾਇਕ ਅਤੇ ਸੁਵਿਧਾਜਨਕ ਹੋ ਸਕੇ।

ਰੇਲਵੇ ਮੁਤਾਬਕ ਇਸ ਯੋਜਨਾ ਦੇ ਤਹਿਤ ਜੇਕਰ ਕੋਈ ਯਾਤਰੀ ਆਉਣ-ਜਾਣ ਦੋਵਾਂ ਲਈ ਇਕੱਠੇ ਟਿਕਟਾਂ ਬੁੱਕ ਕਰਦਾ ਹੈ, ਤਾਂ ਵਾਪਸੀ ਯਾਤਰਾ ਦੇ ਮੂਲ ਕਿਰਾਏ ‘ਤੇ 20 ਫੀਸਦੀ ਦੀ ਛੋਟ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਪੰਜਾਬ ਦੇ 2 ਜਵਾਨ ਕੁਲਗਾਮ ‘ਚ ਸ਼ਹੀਦ, ਅੱਤਵਾਦੀਆਂ ਨਾਲ ਲੋਹਾ ਲੈਂਦੇ ਪੀਤਾ ਸ਼ਹਾਦਤ ਦਾ ਜਾਮ
ਇਹ ਛੋਟ ਸਿਰਫ਼ ਉਨ੍ਹਾਂ ਯਾਤਰੀਆਂ ਨੂੰ ਦਿੱਤੀ ਜਾਵੇਗੀ ਜੋ ਆਉਣ ਤੇ ਜਾਣ ਦਾ ਟਿਕਟ ਇੱਕ ਹੀ ਨਾਂ ਤੇ ਡਿਟੇਲਸ ਨਾਲ ਬੁੱਕ ਕਰਨਗੇ, ਦੋਵੇਂ ਟਿਕਟਾਂ ਇੱਕ ਹੀ ਕਲਾਸ ਤੇ ਇੱਕ ਹੀ ਸਟੇਸ਼ਨ (O-D ਜੋੜਾ) ਦੀਆਂ ਹੋਣੀਆਂ ਚਾਹੀਦੀਆਂ ਹਨ। ਆਉਣ ਦੀ ਟਿਕਟ: 13 ਅਕਤੂਬਰ ਤੋਂ 26 ਅਕਤੂਬਰ 2025 ਦੇ ਵਿਚਕਾਰ ਯਾਤਰਾ ਲਈ ਹੋਣੀ ਚਾਹੀਦੀ ਹੈ। ਜਦੋਂਕਿ ਵਾਪਸੀ ਦੀ ਟਿਕਟ 17 ਨਵੰਬਰ ਤੋਂ 1 ਦਸੰਬਰ 2025 ਦੇ ਵਿਚਕਾਰ ਯਾਤਰਾ ਲਈ ਹੋਣੀ ਚਾਹੀਦੀ ਹੈ।
ਇਸ ਨਵੀਂ ਸਕੀਮ ਦੇ ਮੁਤਾਬਕ ਪਹਿਲਾਂ ਵਾਪਸੀ ਟਿਕਟ ਬੁੱਕ ਕਰਨੀ ਪਵੇਗੀ ਅਤੇ ਫਿਰ ਕਨੈਕਟਿੰਗ ਯਾਤਰਾ ਵਿਸ਼ੇਸ਼ਤਾ ਨਾਲ ਵਾਪਸੀ ਟਿਕਟ ਬੁੱਕ ਕੀਤੀ ਜਾਵੇਗੀ। ਵਾਪਸੀ ਟਿਕਟ ਬੁੱਕ ਕਰਦੇ ਹੋਏ ਐਡਵਾਂਸ ਰਿਜ਼ਰਵੇਸ਼ਨ ਪੀਰੀਅਡ (ARP) ਦਾ ਨਿਯਮ ਲਾਗੂ ਨਹੀਂ ਹੋਵੇਗਾ। ਸ਼ਰਤ ਇਹ ਹੈ ਕਿ ਦੋਵਾਂ ਪਾਸਿਆਂ ਦੀਆਂ ਟਿਕਟਾਂ ਦੀ ਪੁਸ਼ਟੀ ਕੀਤੀ ਜਾਣੀ ਚਾਹੀਦੀ ਹੈ। ਟਿਕਟ ਵਿੱਚ ਕੋਈ ਬਦਲਾਅ ਨਹੀਂ ਕੀਤਾ ਜਾ ਸਕਦਾ। ਕੋਈ ਰਿਫੰਡ ਸਹੂਲਤ ਨਹੀਂ ਹੋਵੇਗੀ। ਵਾਪਸੀ ਟਿਕਟ ਬੁੱਕ ਕਰਦੇ ਸਮੇਂ ਕੋਈ ਹੋਰ ਛੋਟ, ਵਾਊਚਰ, ਪਾਸ, PTO ਜਾਂ ਰੇਲ ਯਾਤਰਾ ਕੂਪਨ ਲਾਗੂ ਨਹੀਂ ਹੋਵੇਗਾ।
ਇਹ ਸਕੀਮ ਸਾਰੀਆਂ ਕਲਾਸਾਂ ਅਤੇ ਸਾਰੀਆਂ ਟ੍ਰੇਨਾਂ ਵਿੱਚ ਲਾਗੂ ਹੈ, ਜਿਸ ਵਿੱਚ ਵਿਸ਼ੇਸ਼ ਟ੍ਰੇਨਾਂ (ਟ੍ਰੇਨਾਂ ਆਨ ਡਿਮਾਂਡ) ਸ਼ਾਮਲ ਹਨ। ਇਹ ਸਹੂਲਤ ਫਲੈਕਸੀ ਫੇਅਰ ਵਾਲੀਆਂ ਟ੍ਰੇਨਾਂ ਵਿੱਚ ਉਪਲਬਧ ਨਹੀਂ ਹੋਵੇਗੀ। ਦੋਵੇਂ ਟਿਕਟਾਂ ਇੱਕੋ ਮਾਧਿਅਮ ਰਾਹੀਂ ਬੁੱਕ ਕਰਨੀਆਂ ਪੈਣਗੀਆਂ – ਜਾਂ ਤਾਂ ਆਨਲਾਈਨ (ਇੰਟਰਨੈਟ) ਜਾਂ ਰਿਜ਼ਰਵੇਸ਼ਨ ਕਾਊਂਟਰ ਤੋਂ। ਜੇ ਚਾਰਟ ਤਿਆਰ ਕਰਨ ਸਮੇਂ ਕਿਰਾਏ ਵਿੱਚ ਕੋਈ ਫਰਕ ਹੁੰਦਾ ਹੈ, ਤਾਂ ਯਾਤਰੀਆਂ ਤੋਂ ਕੋਈ ਵਾਧੂ ਪੈਸਾ ਨਹੀਂ ਲਿਆ ਜਾਵੇਗਾ।
ਰੇਲ ਮੰਤਰੀ ਅਸ਼ਵਨੀ ਵੈਸ਼ਨਵ ਦਾ ਮੰਨਣਾ ਹੈ ਕਿ ਇਸ ਪੇਸ਼ਕਸ਼ ਨਾਲ, ਤਿਉਹਾਰਾਂ ਦੌਰਾਨ ਯਾਤਰੀਆਂ ਦੀ ਭੀੜ ਨੂੰ ਵੱਖ-ਵੱਖ ਤਰੀਕਾਂ ‘ਤੇ ਵੰਡਿਆ ਜਾਵੇਗਾ। ਦੋਵਾਂ ਪਾਸਿਆਂ ਤੋਂ ਵਿਸ਼ੇਸ਼ ਰੇਲਗੱਡੀਆਂ ਦੀ ਸਹੀ ਵਰਤੋਂ ਕੀਤੀ ਜਾਵੇਗੀ ਅਤੇ ਯਾਤਰੀ ਆਸਾਨੀ ਨਾਲ ਟਿਕਟਾਂ ਪ੍ਰਾਪਤ ਕਰ ਸਕਣਗੇ। ਇਸ ਲਈ ਰੇਲਵੇ ਨੇ ਪ੍ਰੈਸ, ਮੀਡੀਆ ਅਤੇ ਸਟੇਸ਼ਨਾਂ ‘ਤੇ ਐਲਾਨਾਂ ਰਾਹੀਂ ਵਿਆਪਕ ਪ੍ਰਚਾਰ ਕਰਨ ਦੇ ਨਿਰਦੇਸ਼ ਦਿੱਤੇ ਹਨ।
ਵੀਡੀਓ ਲਈ ਕਲਿੱਕ ਕਰੋ -:
























