IAF Day 2020: ਭਾਰਤੀ ਹਵਾਈ ਫੌਜ ਅੱਜ ਆਪਣਾ 88ਵਾਂ ਸਥਾਪਨਾ ਦਿਵਸ ਮਨਾ ਰਹੀ ਹੈ। ਇਸ ਮੌਕੇ ਗਾਜ਼ੀਆਬਾਦ ਦੇ ਹਿੰਡਨ ਏਅਰਬੇਸ ‘ਤੇ ਹਵਾਈ ਫੌਜ ਆਪਣੀ ਤਾਕਤ ਦਾ ਪ੍ਰਦਰਸ਼ਨ ਕਰ ਰਹੀ ਹੈ। ਇਸ ਵਾਰ ਏਅਰਫੋਰਸ ਦੇ ਬੇੜੇ ਵਿੱਚ ਰਾਫੇਲ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ । ਰਾਫੇਲ ਤੋਂ ਇਲਾਵਾ ਹਵਾਈ ਫੌਜ ਦੇ ਕਈ ਹੋਰ ਲੜਾਕੂ ਜਹਾਜ਼ ਇਸ ਦੌਰਾਨ ਆਪਣੀ ਤਾਕਤ ਦਿਖਾਉਣਗੇ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ, ਰਾਸ਼ਟਰਪਤੀ ਨੇ ਵਧਾਈ ਦਿੱਤੀ ਹੈ।
ਏਅਰਫੋਰਸ ਡੇਅ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਵਾਈ ਫੌਜ ਨੂੰ ਵਧਾਈ ਦਿੱਤੀ । ਉਨ੍ਹਾਂ ਨੇ ਇਸ ਮੌਕੇ ਟਵੀਟ ਕਰਦਿਆਂ ਲਿਖਿਆ- ਏਅਰ ਫੋਰਸ ਡੇਅ ‘ਤੇ ਭਾਰਤੀ ਹਵਾਈ ਸੈਨਾ ਦੇ ਸਾਰੇ ਬਹਾਦਰ ਯੋਧਿਆਂ ਨੂੰ ਬਹੁਤ-ਬਹੁਤ ਮੁਬਾਰਕਾਂ । ਤੁਸੀਂ ਨਾ ਸਿਰਫ ਦੇਸ਼ ਦੇ ਅਸਮਾਨ ਨੂੰ ਸੁਰੱਖਿਅਤ ਰੱਖਦੇ ਹੋ, ਬਲਕਿ ਤਬਾਹੀ ਦੇ ਸਮੇਂ ਮਨੁੱਖਤਾ ਦੀ ਸੇਵਾ ਵਿੱਚ ਮੋਹਰੀ ਭੂਮਿਕਾ ਅਦਾ ਕਰਦੇ ਹੋ। ਮਾਂ ਭਾਰਤੀ ਦੀ ਰੱਖਿਆ ਲਈ ਤੁਹਾਡੀ ਹਿੰਮਤ, ਬਹਾਦਰੀ ਅਤੇ ਸਮਰਪਣ ਹਰ ਕਿਸੇ ਨੂੰ ਪ੍ਰੇਰਿਤ ਕਰਨ ਵਾਲਾ ਹੈ।
ਹਵਾਈ ਫੌਜ ਦਿਵਸ ਦੇ ਮੌਕੇ ‘ਤੇ ਰਾਸ਼ਟਰਪਤੀ ਅਤੇ ਤਿੰਨਾਂ ਸੈਨਾਵਾਂ ਦੇ ਸੁਪਰੀਮ ਕਮਾਂਡਰ ਰਾਮਨਾਥ ਕੋਵਿੰਦ ਨੇ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਰਾਸ਼ਟਰਪਤੀ ਨੇ ਟਵੀਟ ਕਰਕੇ ਭਾਰਤੀ ਹਵਾਈ ਫੌਜ ਵਿੱਚ ਤਬਦੀਲੀ ਦੇ ਪੜਾਅ ‘ਤੇ ਵੀ ਜ਼ੋਰ ਦਿੱਤਾ ਹੈ। ਇੱਕ ਟਵੀਟ ਵਿੱਚ ਰਾਸ਼ਟਰਪਤੀ ਨੇ ਕਿਹਾ ਕਿ “ਰਾਫੇਲ, ਅਪਾਚੇ ਅਤੇ ਚਿਨੂਕ ਨੂੰ ਸ਼ਾਮਿਲ ਕਰਨ ਦੇ ਨਾਲ ਆਧੁਨਿਕੀਕਰਨ ਦੀ ਚੱਲ ਰਹੀ ਪ੍ਰਕਿਰਿਆ ਭਾਰਤੀ ਹਵਾਈ ਫੌਜ ਨੂੰ ਇੱਕ ਹੋਰ ਰਣਨੀਤਕ ਤਾਕਤ ਵਿੱਚ ਬਦਲ ਦੇਵੇਗੀ।”
ਰਾਸ਼ਟਰਪਤੀ ਨੇ ਕਿਹਾ- ‘ਏਅਰ ਫੋਰਸ ਦਿਵਸ ‘ਤੇ ਅਸੀਂ ਮਾਣ ਨਾਲ ਆਪਣੇ ਹਵਾਈ ਯੋਧਿਆਂ, ਬਜ਼ੁਰਗਾਂ ਅਤੇ ਭਾਰਤੀ ਹਵਾਈ ਫੌਜ ਦੇ ਪਰਿਵਾਰਾਂ ਦਾ ਸਨਮਾਨ ਕਰਦੇ ਹਾਂ । ਰਾਸ਼ਟਰ ਸਾਡੇ ਅਕਾਸ਼ ਨੂੰ ਸੁਰੱਖਿਅਤ ਰੱਖਣ ਅਤੇ ਸਿਵਲ ਅਧਿਕਾਰੀਆਂ ਨੂੰ ਮਨੁੱਖਤਾ ਦੀ ਸਹਾਇਤਾ ਅਤੇ ਤਬਾਹੀ ਤੋਂ ਰਾਹਤ ਦਿਵਾਉਣ ਵਿੱਚ ਭਾਰਤੀ ਹਵਾਈ ਫੌਜ ਦੇ ਯੋਗਦਾਨ ਲਈ ਰਿਣੀ ਹੈ।
ਉੱਥੇ ਹੀ ਦੂਜੇ ਪਾਸੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਟਵੀਟ ਕਰਕੇ ਹਵਾਈ ਫੌਜ ਦਿਵਸ ਦੀਆਂ ਵਧਾਈਆਂ ਦਿੱਤੀਆਂ ਹਨ। ਰੱਖਿਆ ਮੰਤਰੀ ਨੇ ਲਿਖਿਆ ਕਿ- ‘ਏਅਰ ਫੋਰਸ ਦਿਵਸ 2020 ਦੇ ਮੌਕੇ ‘ਤੇ ਏਅਰ ਵਾਰੀਅਰਜ਼ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮੇਰੀਆਂ ਸ਼ੁੱਭ ਕਾਮਨਾਵਾਂ । 88 ਸਾਲ ਦੇ ਸਮਰਪਣ, ਤਿਆਗ ਅਤੇ ਉੱਤਮਤਾ ਨੇ ਭਾਰਤੀ ਹਵਾਈ ਫੌਜ ਦੀ ਯਾਤਰਾ ਦੀ ਨਿਸ਼ਾਨਦੇਹੀ ਕੀਤੀ ਜੋ ਅਜੇ ਵੀ ਘਾਤਕ ਅਤੇ ਰੁਕਣ ਯੋਗ ਨਹੀਂ ਹੈ।’