Kerala Tamil Nadu cyclone: ਕੇਰਲ ਅਤੇ ਤਾਮਿਲਨਾਡੂ ਦੇ ਤੱਟਵਰਤੀ ਇਲਾਕਿਆਂ ਵਿੱਚ ਚੱਕਰਵਾਤੀ ਤੂਫਾਨ ਬੁਰੇਵੀ ਦਾ ਖ਼ਤਰਾ ਹੈ। ਭਾਰਤੀ ਮੌਸਮ ਵਿਭਾਗ ਦੇ ਅਨੁਸਾਰ ਸ਼੍ਰੀਲੰਕਾ ਦੇ ਤ੍ਰਿਕੋਮਾਲੀ ਪਹੁੰਚਣ ਤੋਂ ਬਾਅਦ, ਬੁਰੇਵੀ ਦੇ ਤਾਮਿਲਨਾਡੂ ਵਿੱਚ ਮੰਨਾਰ ਦੀ ਖਾੜੀ ਅਤੇ ਕੰਨਿਆ ਕੁਮਾਰੀ ਪਹੁੰਚਣ ਦੀ ਸੰਭਾਵਨਾ ਹੈ। ਚੱਕਰਵਾਤ ਦੇ ਮੱਦੇਨਜ਼ਰ ਕੰਨਿਆਕੁਮਾਰੀ ਅਤੇ ਕੇਰਲ ਵਿਚ ਰੈਡ ਅਲਰਟ ਜਾਰੀ ਹੈ। ਮੌਸਮ ਵਿਭਾਗ ਨੇ ਤਾਮਿਲਨਾਡੂ ਅਤੇ ਦੱਖਣੀ ਕੇਰਲ ‘ਚ ਭਾਰੀ ਬਾਰਸ਼ ਹੋਣ ਦੀ ਭਵਿੱਖਬਾਣੀ ਕੀਤੀ ਹੈ। ਚੱਕਰਵਾਤੀ ਤੂਫਾਨ ਦੀ ਚੇਤਾਵਨੀ ਦੇ ਮੱਦੇਨਜ਼ਰ ਦੋਵਾਂ ਰਾਜਾਂ ਵਿੱਚ ਪ੍ਰਸ਼ਾਸਨ ਨੇ ਮਛੇਰਿਆਂ ਨੂੰ ਸਮੁੰਦਰੀ ਕੰਡੇ ‘ਤੇ ਨਾ ਜਾਣ ਦੀ ਸਲਾਹ ਦਿੱਤੀ ਹੈ।
ਭਾਰਤ ਦੇ ਮੌਸਮ ਵਿਭਾਗ ਨੇ ਚੱਕਰਵਾਤੀ ਤੂਫਾਨ ਬੁਰੇਵੀ ਦੇ ਮੱਦੇਨਜ਼ਰ ਅੱਜ ਕੇਰਲਾ ਦੇ ਤਿਰੂਵਨੰਤਪੁਰਮ, ਕੋਲਾਮ, ਪਠਾਣਾਮਿਤਿੱਤਾ ਅਤੇ ਅਲਾਪੂਝਾ ਜ਼ਿਲ੍ਹਿਆਂ ਲਈ ਰੈਡ ਚਿਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਨੇ ਦੱਖਣੀ ਤਾਮਿਲਨਾਡੂ ਵਿਚ ਭਾਰੀ ਤੋਂ ਬਹੁਤ ਭਾਰੀ ਬਾਰਸ਼ ਲਈ ਅਲਰਟ ਜਾਰੀ ਕੀਤਾ ਹੈ। ਚੱਕਰਵਾਤ ਦੇ ਖਤਰੇ ਦੇ ਮੱਦੇਨਜ਼ਰ ਤਾਮਿਲਨਾਡੂ, ਕੰਨਿਆ ਕੁਮਾਰੀ ਅਤੇ ਕੇਰਲ ਦੇ ਤੱਟਵਰਤੀ ਇਲਾਕਿਆਂ ਵਿੱਚ ਰਾਸ਼ਟਰੀ ਆਫ਼ਤ ਬਚਾਅ ਟੀਮਾਂ ਨੂੰ ਤਿਆਰ ਰੱਖਿਆ ਗਿਆ ਹੈ। ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਤਾਮਿਲਨਾਡੂ ਅਤੇ ਕੇਰਲ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ ਅਤੇ ਚੱਕਰਵਾਤੀ ਤੂਫਾਨ ਕਾਰਨ ਪੈਦਾ ਹੋ ਰਹੀ ਸਥਿਤੀ ਬਾਰੇ ਵਿਚਾਰ ਵਟਾਂਦਰਾ ਕੀਤਾ। ਪੀਐਮ ਮੋਦੀ ਨੇ ਤਾਮਿਲਨਾਡੂ ਅਤੇ ਕੇਰਲ ਦੇ ਮੁੱਖ ਮੰਤਰੀ ਨੂੰ ਕੇਂਦਰ ਵੱਲੋਂ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ।