ਤਾਮਿਲਨਾਡੂ ਦੇ ਕੁਨੂਰ ਜ਼ਿਲ੍ਹੇ ‘ਚ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋਏ ਭਾਰਤੀ ਹਵਾਈ ਫੌਜ ਦੇ ਚਾਰ ਅਤੇ ਭਾਰਤੀ ਫੌਜ ਦੇ ਦੋ ਜਵਾਨਾਂ ਦੀਆਂ ਮ੍ਰਿਤਕ ਦੇਹਾਂ ਦੀ ਪਛਾਣ ਕਰ ਲਈ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਹੀਦਾਂ ਦੇ ਪਰਿਵਾਰਾਂ ਨੂੰ ਸ਼ਨੀਵਾਰ ਸਵੇਰੇ ਮ੍ਰਿਤਕ ਦੇਹਾਂ ਨੂੰ ਸੌਂਪ ਦਿੱਤਾ ਗਿਆ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਫੌਜੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਲਈ ਦਿੱਲੀ ਲਿਆਂਦਾ ਜਾਵੇਗਾ। ਫਿਲਹਾਲ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ। Mi-17V5 ਹਾਦਸੇ ‘ਚ ਦੇਸ਼ ਦੇ ਪਹਿਲੇ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਸਮੇਤ 13 ਲੋਕ ਮਾਰੇ ਗਏ ਸਨ।
ਸ਼ਨੀਵਾਰ ਨੂੰ ਲਾਂਸ ਨਾਇਕ ਬੀ ਸਾਈ ਤੇਜਾ ਅਤੇ ਲਾਂਸ ਨਾਇਕ ਵਿਵੇਕ ਕੁਮਾਰ ਦੀਆਂ ਮ੍ਰਿਤਕ ਦੇਹਾਂ ਦੀ ਸ਼ਨਾਖਤ ਦੀ ਪ੍ਰਕਿਰਿਆ ਪੂਰੀ ਹੋ ਗਈ ਹੈ। ਬੁੱਧਵਾਰ ਨੂੰ ਹੋਏ ਹਾਦਸੇ ਵਿੱਚ ਜਨਰਲ ਰਾਵਤ ਤੋਂ ਇਲਾਵਾ ਬ੍ਰਿਗੇਡੀਅਰ ਐਲਐਸ ਲਿਡਰ, ਸੀਡੀਐਸ ਦੀ ਪਤਨੀ ਮਧੁਲਿਕਾ ਰਾਵਤ, ਸਟਾਫ ਅਧਿਕਾਰੀ ਲੈਫਟੀਨੈਂਟ ਕਰਨਲ ਹਰਜਿੰਦਰ ਸਿੰਘ ਦੀ ਵੀ ਮੌਤ ਹੋ ਗਈ ਸੀ। ਬ੍ਰਿਗੇਡੀਅਰ ਲਿਡਰ ਨੂੰ ਵੀ ਸ਼ੁੱਕਰਵਾਰ ਨੂੰ ਹੀ ਅੰਤਿਮ ਵਿਦਾਇਗੀ ਦਿੱਤੀ ਗਈ। ਇਨ੍ਹਾਂ ਤੋਂ ਇਲਾਵਾ ਕਮਾਂਡਰ ਪ੍ਰਿਥਵੀ ਸਿੰਘ ਚੌਹਾਨ, ਸਕੁਐਡਰਨ ਲੀਡਰ ਕੁਲਦੀਪ ਸਿੰਘ, ਜੂਨੀਅਰ ਵਾਰੰਟ ਅਫਸਰ ਰਾਣਾ ਪ੍ਰਤਾਪ ਦਾਸ, ਜੂਨੀਅਰ ਵਾਰੰਟ ਅਫਸਰ ਅਰਕਲ ਪ੍ਰਦੀਪ, ਹੌਲਦਾਰ ਸਤਪਾਲ ਰਾਏ, ਨਾਇਕ ਗੁਰਸੇਵਕ ਸਿੰਘ, ਨਾਇਕ ਜਤਿੰਦਰ ਕੁਮਾਰ ਸ਼ਹੀਦ ਹੋ ਗਏ।
ਵੀਰਵਾਰ ਨੂੰ ਫੌਜ ਨੇ ਕਿਹਾ ਸੀ ਕਿ ਭਾਰਤੀ ਫੌਜ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਦੀਆਂ ਭਾਵਨਾਵਾਂ ਦੇ ਮੱਦੇਨਜ਼ਰ ਮ੍ਰਿਤਕ ਦੇਹਾਂ ਦੀ ਪਛਾਣ ਲਈ ਸਾਰੇ ਜ਼ਰੂਰੀ ਉਪਾਅ ਕਰ ਰਹੀ ਹੈ। ਜਾਰੀ ਬਿਆਨ ਮੁਤਾਬਕ, ‘ਮ੍ਰਿਤਕ ਜਵਾਨਾਂ ਦੇ ਪਰਿਵਾਰਕ ਮੈਂਬਰ ਦਿੱਲੀ ਪਹੁੰਚ ਰਹੇ ਹਨ। ਹਰ ਲੋੜੀਂਦੀ ਮਦਦ ਮੁਹੱਈਆ ਕਰਵਾਈ ਜਾ ਰਹੀ ਹੈ। ਫੌਜ ਨੇ ਕਿਹਾ ਸੀ ਕਿ ਸਕਾਰਾਤਮਕ ਪਛਾਣ ਤੋਂ ਬਾਅਦ ਹੀ ਮ੍ਰਿਤਕ ਦੇਹਾਂ ਰਿਸ਼ਤੇਦਾਰਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ। ਹੈਲੀਕਾਪਟਰ ਹਾਦਸੇ ਤੋਂ ਬਾਅਦ ਸਾਰੀਆਂ ਲਾਸ਼ਾਂ ਨੂੰ ਵੈਲਿੰਗਟਨ ਦੇ ਮਿਲਟਰੀ ਹਸਪਤਾਲ ਲਿਆਂਦਾ ਗਿਆ।
ਇਸ ਘਟਨਾ ਵਿੱਚ ਭਾਰਤੀ ਹਵਾਈ ਸੈਨਾ ਦੇ ਗਰੁੱਪ ਕੈਪਟਨ ਵਰੁਣ ਸਿੰਘ ਹੀ ਬਚੇ ਸਨ, ਜਿਨ੍ਹਾਂ ਦਾ ਆਰਮੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਜਦੋਂ ਜਨਰਲ ਰਾਵਤ ਦਾ ਹੈਲੀਕਾਪਟਰ ਕੂਨੂਰ ਵਿੱਚ ਹਾਦਸੇ ਦਾ ਸ਼ਿਕਾਰ ਹੋਇਆ ਤਾਂ ਉਹ ਸੁਲੂਰ ਤੋਂ ਵੈਲਿੰਗਟਨ ਜਾ ਰਹੇ ਸਨ। ਸ਼ੁੱਕਰਵਾਰ ਨੂੰ ਪੂਰੇ ਦੇਸ਼ ਨੇ ਨਮ ਅੱਖਾਂ ਨਾਲ ਭਾਰਤ ਦੇ ਬਹਾਦਰ ਪੁੱਤਰ ਨੂੰ ਵਿਦਾਈ ਦਿੱਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਕਈ ਵੱਡੇ ਨੇਤਾਵਾਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ।
ਵੀਡੀਓ ਲਈ ਕਲਿੱਕ ਕਰੋ -: