ਭਾਰਤ ਅਤੇ ਪਾਕਿਸਤਾਨ ਵਿਚਾਲੇ ਚੱਲ ਰਹੇ ਤਣਾਅ ਵਿਚਾਲੇ ਭਾਰਤ ਸਰਕਾਰ ਨੇ ਆਪਣੇ ਏਅਰ ਸਪੇਸ ਵਿੱਚ ਪਾਕਿਸਤਾਨੀ ਜਹਾਜ਼ਾਂ ਅਤੇ ਫੌਜੀ ਉਡਾਣਾਂ ‘ਤੇ ਪਾਬੰਦੀ 23 ਜੂਨ ਤੱਕ ਵਧਾ ਦਿੱਤੀ ਹੈ। ਇਹ ਫੈਸਲਾ ਪਿਛਲੇ ਮਹੀਨੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਲਿਆ ਗਿਆ ਸੀ, ਜਿਸ ਵਿੱਚ 26 ਮਾਸੂਮ ਨਾਗਰਿਕਾਂ ਦੀ ਜਾਨ ਚਲੀ ਗਈ ਸੀ।
ਇਹ ਨਵਾਂ NOTAM (Notice to Airmen/ Air Missions) ਸ਼ੁੱਕਰਵਾਰ ਨੂੰ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਨਿਰਦੇਸ਼ਾਂ ‘ਤੇ ਜਾਰੀ ਕੀਤਾ ਗਿਆ ਸੀ। ਇਸ ਮੁਤਾਬਕ ਪਾਕਿਸਤਾਨ ਦੀ ਕਿਸੇ ਵੀ ਏਅਰਲਾਈਨ ਵੱਲੋਂ ਸੰਚਾਲਿਤ ਮਾਲਕੀ ਵਾਲੀਆਂ ਜਾਂ ਕਿਰਾਏ ‘ਤੇ ਲਈਆਂ ਗਈਆਂ ਉਡਾਣਾਂ ਨੂੰ ਭਾਰਤੀ ਹਵਾਈ ਖੇਤਰ ਵਿੱਚ ਦਾਖਲ ਹੋਣ ਦੀ ਆਗਿਆ ਨਹੀਂ ਹੋਵੇਗੀ। ਇਸ ਵਿੱਚ ਫੌਜੀ ਜਹਾਜ਼ ਵੀ ਸ਼ਾਮਲ ਹਨ।
ਇਹ ਕਦਮ ਅਜਿਹੇ ਸਮੇਂ ‘ਤੇ ਆਇਆ ਹੈ ਜਦੋਂ ਦੋ ਦਿਨ ਪਹਿਲਾਂ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਪਾਕਿਸਤਾਨ ਨੇ ਭਾਰਤੀ ਜਹਾਜ਼ਾਂ ਲਈ ਆਪਣੇ ਹਵਾਈ ਖੇਤਰ ਦੀ ਬੰਦਿਸ਼ ਨੂੰ ਇੱਕ ਹੋਰ ਮਹੀਨੇ ਲਈ ਵਧਾ ਦਿੱਤਾ ਹੈ।
ਇਹ ਧਿਆਨ ਦੇਣਯੋਗ ਹੈ ਕਿ ਪਾਕਿਸਤਾਨ ਨੇ ਪਹਿਲਗਾਮ ਹਮਲੇ ਤੋਂ ਅਗਲੇ ਦਿਨ 23 ਅਪ੍ਰੈਲ ਨੂੰ ਭਾਰਤੀ ਜਹਾਜ਼ਾਂ ਲਈ ਆਪਣਾ ਏਅਰ ਸਪੇਸ ਬੰਦ ਕਰ ਦਿੱਤਾ ਸੀ। ਇਹ ਹਮਲਾ ਲਸ਼ਕਰ-ਏ-ਤੋਇਬਾ ਨਾਲ ਜੁੜੇ ਅੱਤਵਾਦੀਆਂ ਨੇ ਕੀਤਾ ਸੀ।
ਇਹ ਵੀ ਪੜ੍ਹੋ : ਪ੍ਰੋ. ਦਵਿੰਦਰ ਭੁੱਲ਼ਰ ਨੂੰ ਵੱਡਾ ਝਟਕਾ, ਦਿੱਲੀ ਹਾਈਕੋਰਟ ਵੱਲੋਂ ਸਰੈਂਡਰ ਕਰਨ ਦੇ ਹੁਕਮ
ਅੰਤਰਰਾਸ਼ਟਰੀ ਸਿਵਲ ਏਵੀਏਸ਼ਨ ਆਰਗੇਨਾਈਜ਼ੇਸ਼ਨ (ICAO) ਦੇ ਨਿਯਮਾਂ ਮੁਤਾਬਕ ਹਵਾਈ ਖੇਤਰ ‘ਤੇ ਪਾਬੰਦੀਆਂ ਵੱਧ ਤੋਂ ਵੱਧ ਇੱਕ ਮਹੀਨੇ ਲਈ ਲਗਾਈਆਂ ਜਾ ਸਕਦੀਆਂ ਹਨ, ਜਿਸ ਤੋਂ ਬਾਅਦ ਇਸ ਨੂੰ ਰਿਨਿਊ ਕਰਨਾ ਪੈਂਦਾ ਹੈ। ਜਵਾਬ ਵਿੱਚ ਭਾਰਤ ਨੇ ਮਈ ਦੇ ਸ਼ੁਰੂ ਵਿੱਚ ਪਾਕਿਸਤਾਨੀ ਜਹਾਜ਼ਾਂ ਬਾਰੇ ਇੱਕ ਨੋਟਿਮ ਜਾਰੀ ਕੀਤਾ ਸੀ, ਜਿਸ ਵਿੱਚ ਸਾਰੇ ਪਾਕਿਸਤਾਨੀ ਰਜਿਸਟਰਡ, ਸੰਚਾਲਿਤ ਜਾਂ ਚਾਰਟਰਡ ਜਹਾਜ਼ਾਂ, ਭਾਵੇਂ ਵਪਾਰਕ ਜਾਂ ਫੌਜੀ ਹੋਣ, ‘ਤੇ ਪਾਬੰਦੀ ਲਗਾ ਦਿੱਤੀ ਗਈ ਸੀ।
ਭਾਰਤ ਦਾ ਇਹ ਫੈਸਲਾ ਇਸ ਗੱਲ ਦਾ ਸਪੱਸ਼ਟ ਸੰਕੇਤ ਹੈ ਕਿ ਜਦੋਂ ਤੱਕ ਸਰਹੱਦ ਪਾਰ ਅੱਤਵਾਦ ਬੰਦ ਨਹੀਂ ਹੁੰਦਾ, ਆਮ ਕੂਟਨੀਤਕ ਜਾਂ ਹਵਾਈ ਸੰਪਰਕ ਸੰਭਵ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ -:
























