ਨਰੋਆ ਪੰਜਾਬ ਸੰਸਥਾ ਦੇ ਸਰਪ੍ਰਸਤ ਬਰਜਿੰਦਰ ਸਿੰਘ ਹੁਸੈਨਪੁਰ ਨੇ ਮੁੱਖ ਮੰਤਰੀ ਪੰਜਾਬ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਕਿਸਾਨ ਅੰਦੋਲਨ ਦੇ ਸੰਘਰਸ਼ ਅਤੇ ਇਸ ਦੌਰਾਨ ਸ਼ਹੀਦ ਹੋਏ ਕਿਸਾਨਾਂ-ਮਜ਼ਦੂਰਾਂ ਨੂੰ ਸਮਰਪਿਤ ਯਾਦਗਾਰ ਬਣਾਈ ਜਾਵੇ ਤੇ ਜੇ ਇਹ ਯਾਦਗਾਰ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਬਣਾਈ ਜਾਂਦੀ ਹੈ ਤਾਂ ਯਾਦਗਾਰ ਲਈ ਜ਼ਮੀਨ ਉਹ ਸੇਵਾ ਦੇ ਰੂਪ ਵਿੱਚ ਦੇ ਦੇਣਗੇ। ਸ੍ਰੀ ਹੁਸੈਨਪੁਰ ਨੇ ਪੱਤਰ ਵਿੱਚ ਲਿਖਿਆ ਹੈ ਕਿ ਖੇਤੀ ਕਾਨੂੰਨਾਂ ਖਿਲਾਫ ਚੱਲ ਰਿਹਾ ਸੰਘਰਸ਼ ਪੂਰੀ ਦੁਨੀਆਂ ਵਿੱਚ ਆਪਣੀ ਪਛਾਣ ਸਥਾਪਤ ਕਰ ਗਿਆ ਹੈ, ਜਿਸ ਨੂੰ ਸਫ਼ਲ ਬਣਾਉਣ ਲਈ ਸੱਤ ਸੌ ਤੋਂ ਵੱਧ ਕਿਸਾਨਾਂ ਤੇ ਮਜ਼ਦੂਰਾਂ ਨੇ ਸ਼ਹੀਦੀਆਂ ਦਿੱਤੀਆਂ ਹਨ। ਇਸ ਮਹਾਨ ਸੰਘਰਸ਼ ਤੇ ਇਨ੍ਹਾਂ ਕੁਰਬਾਨੀਆਂ ਨੂੰ ਯਾਦ ਰੱਖਣ ਹਿਤ ਇੱਕ ਵਿਲੱਖਣ ਤੇ ਵਿਸ਼ਵ ਪੱਧਰੀ ਯਾਦਗਾਰ ਬਣਾਉਣ ਦੀ ਲੋੜ ਹੈ, ਜਿਸ ਤੋਂ ਨਾ ਸਿਰਫ਼ ਪੰਜਾਬ ਜਾਂ ਭਾਰਤ,ਸਗੋਂ ਪੂਰੀ ਦੁਨੀਆਂ ਦੇ ਲੋਕ ਪ੍ਰੇਰਨਾ ਲੈ ਸਕਣ।
ਸ੍ਰੀ ਹੁਸੈਨਪੁਰ ਨੇ ਸੁਝਾਅ ਦਿੱਤਾ ਕਿ ਇਸ ਯਾਦਗਾਰ ਵਿੱਚ ਕਿਸਾਨ ਸੰਘਰਸ਼ ਦੇ ਹਰ ਪਹਿਲੂ ਨੂੰ ਚਿੱਤਰਕਾਰੀ, ਕਿਤਾਬੀ ਤੇ ਡਿਜੀਟਲ ਰੂਪ ਵਿੱਚ ਪੇਸ਼ ਕਰ ਕੇ ਸੰਭਾਲਿਆ ਜਾਵੇ, ਦੇਸ਼ ਦੇ ਹਰ ਪਿੰਡ ਤੋਂ ਮਿੱਟੀ ਤੇ ਹੋਰ ਸਾਮਾਨ ਲਿਆ ਕੇ ਵਰਤਿਆ ਜਾਵੇ ਤਾਂ ਜੋ ਕਿਸਾਨ-ਮਜ਼ਦੂਰ ਏਕਤਾ ਦੀ ਸਦੀਵੀ ਸਾਂਝ ਦਾ ਪ੍ਰਗਟਾਵਾ ਹੋ ਸਕੇ ਤੇ ਇਸ ਕੰਮ ਵਿੱਚ ਮੁਹਰੈਲ ਭੂਮਿਕਾ ਨਿਭਾਉਣ ਵਾਲਿਆਂ ਨੂੰ ਜ਼ਰੂਰ ਸ਼ਾਮਲ ਕੀਤਾ ਜਾਵੇ।
ਵੀਡੀਓ ਲਈ ਕਲਿੱਕ ਕਰੋ -: