ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਐਤਵਾਰ ਨੂੰ ਉੱਤਰ ਪ੍ਰਦੇਸ਼ ਦੇ ਮੇਰਠ ਦੌਰੇ ‘ਤੇ ਜਾ ਰਹੇ ਹਨ। ਉਹ ਦੁਪਹਿਰ ਕਰੀਬ 1 ਵਜੇ ਮੇਜਰ ਧਿਆਨ ਚੰਦ ਸਪੋਰਟਸ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਣਗੇ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਅਧਿਕਾਰਤ ਬਿਆਨ ਮੁਤਾਬਕ ਯੂਨੀਵਰਸਿਟੀ ਦੇ ਨਿਰਮਾਣ ’ਤੇ ਅੰਦਾਜ਼ਨ 700 ਕਰੋੜ ਰੁਪਏ ਦੀ ਲਾਗਤ ਆਵੇਗੀ। ਦੱਸਿਆ ਜਾ ਰਿਹਾ ਹੈ ਕਿ ਇਸ ਦਾ ਉਦੇਸ਼ ਖੇਡ ਸੱਭਿਆਚਾਰ ਨੂੰ ਵਿਕਸਤ ਕਰਨਾ ਅਤੇ ਦੇਸ਼ ਦੇ ਸਾਰੇ ਹਿੱਸਿਆਂ ਵਿੱਚ ਵਿਸ਼ਵ ਪੱਧਰੀ ਖੇਡ ਬੁਨਿਆਦੀ ਢਾਂਚਾ ਸਥਾਪਤ ਕਰਨਾ ਹੈ। ਪੀਐਮਓ ਨੇ ਕਿਹਾ ਕਿ ਮੇਰਠ ਵਿੱਚ ਮੇਜਰ ਧਿਆਨ ਚੰਦ ਸਪੋਰਟਸ ਯੂਨੀਵਰਸਿਟੀ ਦੀ ਸਥਾਪਨਾ ਇਸ ਵਿਜ਼ਨ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੋਵੇਗਾ।
ਸਪੋਰਟਸ ਯੂਨੀਵਰਸਿਟੀ ਸਿੰਥੈਟਿਕ ਹਾਕੀ ਗਰਾਊਂਡ, ਫੁੱਟਬਾਲ ਗਰਾਊਂਡ, ਬਾਸਕਟਬਾਲ, ਵਾਲੀਬਾਲ, ਹੈਂਡਬਾਲ, ਕਬੱਡੀ ਗਰਾਊਂਡ, ਲਾਅਨ ਟੈਨਿਸ ਕੋਰਟ, ਜਿਮਨੇਜ਼ੀਅਮ ਹਾਲ, ਸਿੰਥੈਟਿਕ ਰਨਿੰਗ ਸਟੇਡੀਅਮ, ਸਵਿਮਿੰਗ ਪੂਲ ਸਮੇਤ ਅਤਿ ਆਧੁਨਿਕ ਖੇਡ ਬੁਨਿਆਦੀ ਢਾਂਚੇ ਨਾਲ ਲੈਸ ਹੋਵੇਗੀ। ਇਸ ਦੇ ਨਾਲ ਹੀ ਨਿਸ਼ਾਨੇਬਾਜ਼ੀ, ਸਕੁਐਸ਼, ਜਿਮਨਾਸਟਿਕ, ਵੇਟਲਿਫਟਿੰਗ, ਤੀਰਅੰਦਾਜ਼ੀ, ਕੈਨੋਇੰਗ ਅਤੇ ਕਾਇਆਕਿੰਗ ਦੀਆਂ ਵੀ ਸੁਵਿਧਾਵਾਂ ਹੋਣਗੀਆਂ। ਇੱਥੇ 540 ਮਹਿਲਾ ਅਤੇ 540 ਪੁਰਸ਼ ਖਿਡਾਰੀਆਂ ਸਮੇਤ 1080 ਖਿਡਾਰੀ ਸਿਖਲਾਈ ਲੈ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -: