ਜਿਸ ਤਰ੍ਹਾਂ ਕਾਂਗਰਸ ਅੰਦਰ ਗੜਬੜ ਪੰਜਾਬ ਵਿੱਚ ਵੇਖੀ ਗਈ, ਉਹੀ ਰਾਜਸਥਾਨ ਅਤੇ ਛੱਤੀਸਗੜ੍ਹ ਵਿੱਚ ਵੀ ਵੇਖਿਆ ਜਾ ਸਕਦਾ ਹੈ। ਇਹ ਦਾਅਵਾ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਕੀਤਾ ਹੈ। ਦੁਸ਼ਯੰਤ ਚੌਟਾਲਾ ਨੇ ਸ਼ਨੀਵਾਰ ਨੂੰ ਪੰਜਾਬ ਅਤੇ ਛੱਤੀਸਗੜ੍ਹ ਦੇ ਅੰਦਰੂਨੀ ਝਗੜਿਆਂ ਨੂੰ ਲੈ ਕੇ ਕਾਂਗਰਸ ‘ਤੇ ਚੁਟਕੀ ਲੈਂਦਿਆਂ ਕਿਹਾ ਕਿ ਪਾਰਟੀ ਰਾਜਸਥਾਨ ਵਿੱਚ ਵੀ ਕੁਝ ਅਜਿਹਾ ਹੀ ਦੇਖੇਗੀ।
ਦੁਸ਼ਯੰਤ ਚੌਟਾਲਾ ਨੇ ਦੇਸ਼ ਦੀ ਸਭ ਤੋਂ ਪੁਰਾਣੀ ਰਾਜਨੀਤਿਕ ਪਾਰਟੀ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਜਿਹੜੀ ਪਾਰਟੀ ਆਪਣੀ ਲੀਡਰਸ਼ਿਪ ਵਿੱਚ ਵਿਸ਼ਵਾਸ ਨਹੀਂ ਰੱਖਦੀ, ਉਹ ਦੇਸ਼ ਦੇ ਵਿਕਾਸ ਲਈ ਕੋਈ ਕਦਮ ਨਹੀਂ ਚੁੱਕ ਸਕਦੀ। ਚੌਟਾਲਾ ਨੇ ਚੰਡੀਗੜ੍ਹ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਛੇਤੀ ਹੀ ਛੱਤੀਸਗੜ੍ਹ ਵਿੱਚ ਗੜਬੜ ਦੇਖਣ ਨੂੰ ਮਿਲ ਸਕਦੀ ਹੈ। ਪੰਜਾਬ ਦੇ ਹਾਲਾਤਾਂ ਨੂੰ ਵੇਖਦੇ ਹੋਏ, ਰਾਜਸਥਾਨ ਵਿੱਚ ਵੀ ਇਹ ਵੇਖਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਅਮਰੀਕਾ ਵਿੱਚ ਪਾਇਆ ਗਿਆ ਕੋਰੋਨਾ ਦਾ ਸਭ ਤੋਂ ਖਤਰਨਾਕ R.1 ਵੇਰੀਐਂਟ, ਰਹਿਣਾ ਹੋਵੇਗਾ ਸਾਵਧਾਨ
ਇਹ ਕਾਂਗਰਸ ਦੇ ਅੰਤ ਵੱਲ ਕੁਝ ਆਖਰੀ ਕਦਮ ਹੋਣਗੇ। ਹਰਿਆਣਾ ਦੇ ਉਪ ਮੁੱਖ ਮੰਤਰੀ ਦੀ ਇਹ ਟਿੱਪਣੀ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਅਤੇ ਚਰਨਜੀਤ ਸਿੰਘ ਚੰਨੀ ਵੱਲੋਂ ਰਾਜ ਦੀ ਵਾਗਡੋਰ ਸੰਭਾਲਣ ਦੇ ਕੁਝ ਦਿਨਾਂ ਬਾਅਦ ਆਈ ਹੈ। ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਛੱਤੀਸਗੜ੍ਹ ਅਤੇ ਰਾਜਸਥਾਨ ਦੀਆਂ ਸਰਕਾਰਾਂ ਵਿੱਚ ਕੁਝ ਹਲਚਲ ਹੈ ਅਤੇ ਨੇੜਲੇ ਭਵਿੱਖ ਵਿੱਚ ਲੀਡਰਸ਼ਿਪ ਵਿੱਚ ਤਬਦੀਲੀ ਵੇਖੀ ਜਾ ਸਕਦੀ ਹੈ।
ਦੱਸ ਦੇਈਏ ਕਿ ਪਿਛਲੇ ਦਿਨੀਂ ਪੰਜਾਬ ਵਿੱਚ ਬਹੁਤ ਉਥਲ -ਪੁਥਲ ਤੋਂ ਬਾਅਦ, ਕੈਪਟਨ ਅਮਰਿੰਦਰ ਸਿੰਘ ਦਾ ਅਸਤੀਫਾ ਲੈ ਲਿਆ ਗਿਆ ਸੀ ਅਤੇ ਚਰਨਜੀਤ ਸਿੰਘ ਚੰਨੀ ਨੂੰ ਨਵਾਂ ਮੁੱਖ ਮੰਤਰੀ ਬਣਾਇਆ ਗਿਆ ਸੀ। ਛੱਤੀਸਗੜ੍ਹ ਵਿੱਚ ਵੀ ਮੁੱਖ ਮੰਤਰੀ ਦੀ ਕੁਰਸੀ ਨੂੰ ਲੈ ਕੇ ਭੁਪੇਸ਼ ਬਘੇਲ ਅਤੇ ਟੀਐਸ ਸਿੰਘ ਦੇਵ ਵਿਚਕਾਰ ਲੜਾਈ ਹੈ। ਇਸ ਦੇ ਨਾਲ ਹੀ ਰਾਜਸਥਾਨ ਵਿੱਚ ਵੀ ਪਾਇਲਟ ਕੈਂਪ ਪੰਜਾਬ ਦੇ ਮੱਦੇਨਜ਼ਰ ਸਰਗਰਮ ਹੋ ਗਿਆ ਹੈ।