ਦਿੱਲੀ ਵਿੱਚ ਕਿਸਾਨਾਂ ਨੇ ਇਤਿਹਾਸਕ ਮੋਰਚਾ ਫਤਿਹ ਕਰਨ ਤੋਂ ਬਾਅਦ ਘਰ ਵਾਪਸੀ ਦਾ ਐਲਾਨ ਕਰ ਦਿੱਤਾ ਹੈ। ਦਿੱਲੀ ਬਾਰਡਰਾਂ ‘ਤੇ ਲਗਭਗ ਇੱਕ ਸਾਲ 13 ਦਿਨਾਂ ਤੱਕ ਚੱਲਿਆ ਕਿਸਾਨ ਅੰਦਲੋਨ ਜਿੱਤ ਵਿੱਚ ਬਦਲ ਗਿਆ ਹੈ। ਮੋਦੀ ਸਰਕਾਰ ਵੱਲੋਂ ਸਾਰੀਆਂ ਮੰਗਾਂ ‘ਤੇ ਸਹਿਮਤੀ ਜਤਾਉਣ ਤੋਂ ਬਾਅਦ ਵੀਰਵਾਰ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਘਰ ਵਾਪਸੀ ਦਾ ਐਲਾਨ ਕਰ ਦਿੱਤਾ ਗਿਆ ਹੈ। ਉੱਥੇ ਹੀ, ਕਿਸਾਨ ਆਗੂ ਰਾਕੇਸ਼ ਟਿਕੈਤ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਆ ਸਕਦੇ ਹਨ। ਇਸ ਦਾ ਐਲਾਨ ਖੁਦ ਰਾਕੇਸ਼ ਟਿਕੈਤ ਵੱਲੋਂ ਕੀਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਬੀਤੇ ਕੁਝ ਦਿਨ ਪਹਿਲਾਂ ਕਿਸਾਨ ਨੇਤਾ ਰਾਕੇਸ਼ ਟਿਕੈਤ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਨਤਮਸਤਕ ਹੋਏ ਸਨ। ਇਸ ਦੌਰਾਨ ਉਨ੍ਹਾਂ ਕਿਹਾ ਸੀ ਕਿ ਕਿਸਾਨ ਅੰਦੋਲਨ ਜਿੱਤਣ ਤੋਂ ਬਾਅਦ ਮੈਂ ਆਪਣੀ ਯੂਨੀਅਨ ਦੇ ਨਾਲ ਦਰਬਾਰ ਸਾਹਿਬ ਵਿਖੇ 4 ਘੰਟੇ ਦਾ ਸਮਾਂ ਬਿਤਾਵਾਂਗਾ ਤੇ ਸੇਵਾ ਕਰਾਂਗਾ।
ਇਹ ਵੀ ਪੜ੍ਹੋ: ਕਿਸਾਨਾਂ ਨੇ ਬੁਲਾਈ ਫ਼ਤਿਹ, ਦਿੱਲੀ ਬਾਰਡਰਾਂ ਤੋਂ ਇਤਿਹਾਸਕ ਮੋਰਚਾ ਚੁੱਕਣ ਦਾ ਕੀਤਾ ਐਲਾਨ
ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਸੀ ਕਿ ਪਿੰਡਾਂ ਤੇ ਗੁਰਦੁਆਰਿਆਂ ਤੋਂ ਮਿਲਣ ਵਾਲੇ ਫ਼ੰਡ ਨੇ ਕਿਸਾਨਾਂ ਦਾ ਅੰਦੋਲਨ ਇੱਕ ਸਾਲ ਤੱਕ ਜਾਰੀ ਰੱਖਿਆ । ਉਨ੍ਹਾਂ ਕਿਹਾ ਸੀ ਕਿ ਕਿਸਾਨਾਂ ਦੀ ਲੜਾਈ ਪੂਰੀ ਤਰ੍ਹਾਂ ਮੁਕੰਮਲ ਹੋਣ ਤੋਂ ਬਾਅਦ ਉਹ ਆਪਣੀ ਪੂਰੀ ਟੀਮ ਨਾਲ ਫਿਰ ਤੋਂ ਦਰਬਾਰ ਸਾਹਿਬ ਆਉਣਗੇ ਤੇ ਸੇਵਾ ਕਰਨਗੇ ।
ਇਸ ਤੋਂ ਇਲਾਵਾ ਟਿਕੈਤ ਨੇ ਕਿਸਾਨਾਂ ਦੇ ਅੰਦੋਲਨ ਵਿੱਚ ਗੁਰੂ ਦੇ ਲੰਗਰ ਨੂੰ ਸਭ ਤੋਂ ਵੱਡਾ ਯੋਗਦਾਨ ਦੱਸਿਆ ਸੀ । ਉਨ੍ਹਾਂ ਕਿਹਾ ਸੀ ਕਿ ਕਿਸਾਨ ਅੰਦੋਲਨ ਦੀ ਫੰਡਿੰਗ ਦਾ ਮੁਖ ਸਰੋਤ ਪਿੰਡ ਤੇ ਗੁਰਦੁਆਰੇ ਹਨ । ਉਨ੍ਹਾਂ ਨੇ ਉਮੀਦ ਜਤਾਉਂਦਿਆਂ ਕਿਹਾ ਸੀ ਕਿ ਜੇਕਰ ਭਵਿੱਖ ਵਿੱਚ ਵੀ ਅਜਿਹੀ ਸਥਿਤੀ ਪੈਦਾ ਹੁੰਦੀ ਹੈ ਤਾਂ ਗੁਰਦੁਆਰਿਆਂ ਵੱਲੋਂ ਇਸੇ ਤਰ੍ਹਾਂ ਦਾ ਸਹਿਯੋਗ ਮਿਲੇਗਾ।
ਵੀਡੀਓ ਲਈ ਕਲਿੱਕ ਕਰੋ -: