ਅਮਰਨਾਥ ਯਾਤਰਾ ‘ਤੇ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖੁਸ਼ਖਬਰੀ ਹੈ। ਯਾਤਰਾ ਦਾ ਸ਼ਡਿਊਲ ਜਾਰੀ ਕਰ ਦਿੱਤੀ ਗਈ ਹੈ। ਇਸ ਸਾਲ ਸ਼ਰਧਾਲੂ 3 ਜੁਲਾਈ ਤੋਂ 9 ਅਗਸਤ ਤੱਕ ਬਾਬਾ ਬਰਫਾਨੀ ਦੇ ਦਰਸ਼ਨ ਕਰ ਸਕਣਗੇ। ਇਸ ਪਵਿੱਤਰ ਤੀਰਥ ਯਾਤਰਾ ਦੀ ਕੁੱਲ ਮਿਆਦ 38 ਦਿਨ ਰੱਖੀ ਗਈ ਹੈ। ਇਹ ਫੈਸਲਾ ਸ਼੍ਰੀ ਅਮਰਨਾਥ ਸ਼੍ਰਾਈਨ ਬੋਰਡ ਦੀ ਮੀਟਿੰਗ ਵਿੱਚ ਲਿਆ ਗਿਆ ਹੈ। ਯਾਤਰਾ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਜਲਦੀ ਸ਼ੁਰੂ ਹੋ ਜਾਵੇਗੀ, ਤਾਂ ਜੋ ਸ਼ਰਧਾਲੂ ਸਮੇਂ ਸਿਰ ਆਪਣੀ ਯਾਤਰਾ ਦੀ ਯੋਜਨਾ ਬਣਾ ਸਕਣ।
ਅਮਰਨਾਥ ਸ਼੍ਰਾਈਨ ਬੋਰਡ ਦੇ ਚੇਅਰਮੈਨ ਅਤੇ ਜੰਮੂ-ਕਸ਼ਮੀਰ ਦੇ ਐਲਜੀ ਮਨੋਜ ਸਿਨਹਾ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ, ਜਿਸ ਵਿੱਚ ਜੰਮੂ-ਕਸ਼ਮੀਰ ਦੇ ਡੀਜੀਪੀ ਨਲਿਨ ਪ੍ਰਭਾਤ, ਮੁੱਖ ਸਕੱਤਰ ਅਟਲ ਢੁੱਲੂ ਅਤੇ ਕਈ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ। ਇਸ ਬੈਠਕ ‘ਚ ਅਮਰਨਾਥ ਯਾਤਰਾ ਦੀਆਂ ਤਿਆਰੀਆਂ ਅਤੇ ਇਸ ਦੇ ਪ੍ਰੋਗਰਾਮ ‘ਤੇ ਚਰਚਾ ਕੀਤੀ ਗਈ, ਜਿਸ ਤੋਂ ਬਾਅਦ ਯਾਤਰਾ ਦੀ ਤਰੀਕ ਤੈਅ ਕੀਤੀ ਗਈ। ਅਜਿਹੇ ‘ਚ ਹੁਣ ਸ਼ਰਧਾਲੂ 3 ਜੁਲਾਈ ਤੋਂ 9 ਅਗਸਤ ਤੱਕ ਬਾਬਾ ਬਰਫਾਨੀ ਦੇ ਦਰਸ਼ਨ ਕਰ ਸਕਣਗੇ।
ਦੱਸ ਦੇਈਏ ਕਿ ਹਰ ਸਾਲ ਅਮਰਨਾਥ ਯਾਤਰਾ 45 ਤੋਂ 60 ਦਿਨਾਂ ਤੱਕ ਚੱਲਦੀ ਸੀ। ਹਾਲਾਂਕਿ ਇਸ ਵਾਰ ਇਹ ਸਮਾਂ ਥੋੜ੍ਹਾ ਘੱਟ ਹੈ। ਪਿਛਲੇ ਸਾਲ 2024 ‘ਚ ਸ਼ਰਧਾਲੂਆਂ ਨੇ 29 ਜੂਨ ਤੋਂ 19 ਅਗਸਤ ਤੱਕ ਬਾਬਾ ਬਰਫਾਨੀ ਦੇ ਦਰਸ਼ਨ ਕੀਤੇ ਸਨ ਪਰ ਇਸ ਵਾਰ ਅਮਰਨਾਥ ਯਾਤਰਾ ਸਿਰਫ 38 ਦਿਨ ਹੀ ਚੱਲੇਗੀ। ਇਹ ਯਾਤਰਾ ਰੱਖੜੀ ਦੇ ਦਿਨ ਪੂਰੀ ਹੋਵੇਗੀ। ਅਮਰਨਾਥ ਯਾਤਰਾ ਨੂੰ ਲੈ ਕੇ ਟਰੱਸਟ ਅਤੇ ਸਰਕਾਰ ਵੱਲੋਂ ਸ਼ਰਧਾਲੂਆਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ। ਸੁਰੱਖਿਆ ਦਾ ਖਾਸ ਖਿਆਲ ਰੱਖਿਆ ਜਾਵੇਗਾ। ਉਨ੍ਹਾਂ ਦੇ ਠਹਿਰਨ ਦਾ ਪ੍ਰਬੰਧ ਕੀਤਾ ਜਾਵੇਗਾ। ਲੰਗਰ ਦੀ ਸਹੂਲਤ ਵੀ ਹੋਵੇਗੀ।
ਇਹ ਵੀ ਪੜ੍ਹੋ : ਤਹਿਸੀਲਦਾਰਾਂ ਦਾ ਯੂ-ਟਰਨ, ਸਰਕਾਰ ਦੇ ਐਕਸ਼ਨ ਤੋਂ ਬਾਅਦ ਬਿਨਾਂ ਸ਼ਰਤ ਵਾਪਸ ਲਈ ਹੜਤਾਲ
ਹਰ ਸਾਲ ਦੇਸ਼ ਦੇ ਕੋਨੇ-ਕੋਨੇ ਤੋਂ ਸ਼ਿਵ ਭਗਤ ਬਾਬਾ ਬਰਫਾਨੀ ਦੇ ਦਰਸ਼ਨਾਂ ਲਈ ਆਉਂਦੇ ਹਨ। ਇਸ ਦੌਰਾਨ ਸ਼ਰਧਾਲੂਆਂ ਵਿੱਚ ਭਾਰੀ ਉਤਸ਼ਾਹ ਹੈ। ਪਿਛਲੇ ਸਾਲ ਅਮਰਨਾਥ ਯਾਤਰਾ ਲਈ ਰਜਿਸਟ੍ਰੇਸ਼ਨ 17 ਅਪ੍ਰੈਲ ਤੋਂ ਸ਼ੁਰੂ ਹੋਈ ਸੀ। ਰਜਿਸਟ੍ਰੇਸ਼ਨਾਂ ਆਨਲਾਈਨ ਅਤੇ ਆਫਲਾਈਨ ਦੋਨਾਂ ਢੰਗਾਂ ਰਾਹੀਂ ਲਈਆਂ ਗਈਆਂ ਸਨ। ਇਸ ਵਾਰ ਵੀ ਅਜਿਹੀਆਂ ਹੀ ਤਿਆਰੀਆਂ ਹਨ। ਰਜਿਸਟ੍ਰੇਸ਼ਨ ਲਈ ਆਧਾਰ ਕਾਰਡ, ਪਾਸਪੋਰਟ, ਵੋਟਰ ਆਈਡੀ ਜਾਂ ਡਰਾਈਵਿੰਗ ਲਾਇਸੈਂਸ ਸਮੇਤ ਪਾਸਪੋਰਟ ਆਕਾਰ ਦੀ ਫੋਟੋ ਦੀ ਲੋੜ ਹੋਵੇਗੀ।
ਅਮਰਨਾਥ ਯਾਤਰਾ ਨੂੰ ਹਿੰਦੂ ਧਰਮ ਦੇ ਸਭ ਤੋਂ ਪਵਿੱਤਰ ਤੀਰਥਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਹਰ ਸਾਲ ਲੱਖਾਂ ਸ਼ਰਧਾਲੂ ਔਖੇ ਪਹਾੜੀ ਰਸਤਿਆਂ ਰਾਹੀਂ ਗੁਫਾ ਪਹੁੰਚਦੇ ਹਨ। ਅਮਰਨਾਥ ਧਾਮ ਭਗਵਾਨ ਸ਼ਿਵ ਦੇ ਪ੍ਰਮੁੱਖ ਤੀਰਥ ਸਥਾਨਾਂ ਵਿੱਚੋਂ ਇੱਕ ਹੈ। ਅਮਰਨਾਥ ਵਿੱਚ ਮਹਾਦੇਵ ਦਾ ਦੁਰਲੱਭ ਅਤੇ ਕੁਦਰਤੀ ਸ਼ਿਵਲਿੰਗ ਦੇਖਿਆ ਜਾ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -:
