ਅਫਗਾਨਿਸਤਾਨ ‘ਤੇ ਹੁਣ ਤਾਲਿਬਾਨ ਦਾ ਕਬਜ਼ਾ ਹੋ ਚੁੱਕਿਆ ਹੈ। ਇਸ ਦੌਰਾਨ ਅਫਗਾਨਿਸਤਾਨ ਦੇ ਵਿੱਚ ਹਲਾਤ ਵੀ ਕਾਫੀ ਚਿੰਤਾਜਨਕ ਬਣ ਗਏ ਹਨ। ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਪਹਿਲਾਂ ਹੀ ਦੇਸ਼ ਛੱਡ ਕੇ ਭੱਜ ਚੁੱਕੇ ਹਨ।
ਪਰ ਹੁਣ ਇੱਥੇ ਫਸੇ ਆਮ ਲੋਕਾਂ ਲਈ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਹੈ। ਇਸ ਦੌਰਾਨ ਸੋਮਵਾਰ ਨੂੰ ਕਾਬੁਲ ਹਵਾਈ ਅੱਡੇ ‘ਤੇ ਵੀ ਭਗਦੜ ਵਰਗੀ ਸਥਿਤੀ ਦੇਖਣ ਨੂੰ ਮਿਲੀ ਹੈ। ਇਸ ਵਿਚਕਾਰ ਅਫਗਾਨਿਸਤਾਨ ‘ਚ ਵਸਦੇ ਸਿੱਖਾਂ ਨੂੰ ਲੈ ਕੇ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਵੀ ਚਿੰਤਾ ਜ਼ਾਹਿਰ ਕੀਤੀ ਹੈ। ਇਸ ’ਤੇ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪ੍ਰਤੀਕਿਰਿਆ ਆਈ ਹੈ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਅਫ਼ਗਾਨ ਵਿਚ ਰਹਿਣ ਵਾਲੇ ਹਿੰਦੂਆਂ ਅਤੇ ਸਿੱਖਾਂ ਨੂੰ ਬਾਹਰ ਕੱਢਣ ਲਈ ਵਿਦੇਸ਼ ਮੰਤਰਾਲੇ ਅਤੇ ਹੋਰ ਵਿਭਾਗ ਸਾਰੇ ਲੋੜੀਂਦੇ ਪ੍ਰਬੰਧ ਕਰਨਗੇ।
ਇਸ ਦੌਰਾਨ ਭਾਰਤੀ ਹਵਾਈ ਫੌਜ ਦਾ ਜਹਾਜ਼ ਵੀ ਅਫਗਾਨਿਸਤਾਨ ਵਿੱਚ ਫਸੇ ਭਾਰਤੀਆਂ ਨੂੰ ਲਿਆਉਣ ਲਈ ਕਾਬੁਲ ਪਹੁੰਚ ਗਿਆ ਹੈ। ਲੱਗਭਗ 500 ਭਾਰਤੀ ਅਧਿਕਾਰੀ ਅਤੇ ਸਬੰਧਿਤ = ਸੁਰੱਖਿਆ ਕਰਮਚਾਰੀ ਉੱਥੇ ਫਸੇ ਹੋਏ ਹਨ। ਸੀ -17 ਗਲੋਬਮਾਸਟਰ ਜਹਾਜ਼ ਨੂੰ ਹਫੜਾ-ਦਫੜੀ ਕਾਰਨ ਸਵੇਰੇ ਤਜ਼ਾਕਿਸਤਾਨ ਵਿੱਚ ਉਤਰਨਾ ਪਿਆ ਸੀ। ਅਮਰੀਕੀ ਫ਼ੌਜਾਂ ਵੱਲੋਂ ਭੀੜ ਨੂੰ ਕੰਟਰੋਲ ਕਰਨ ਤੋਂ ਬਾਅਦ ਜਹਾਜ਼ ਹੁਣ ਕਾਬੁਲ ਪਹੁੰਚਿਆ ਹੈ। ਵੱਡੀ ਗਿਣਤੀ ਵਿੱਚ ਲੋਕ ਕਾਬੁਲ ਤੋਂ ਦੇਸ਼ ਛੱਡਣਾ ਚਾਹੁੰਦੇ ਹਨ। ਇਸ ਵਿਚਕਾਰ ਤਾਲਿਬਾਨ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ ਛੇਤੀ ਹੀ ਤਾਲਿਬਾਨ ਲੀਡਰਸ਼ਿਪ ਕਾਬੁਲ ਆ ਸਕਦੀ ਹੈ, ਉਸ ਤੋਂ ਬਾਅਦ ਨਵੀਂ ਸਰਕਾਰ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ।
ਇਹ ਵੀ ਪੜ੍ਹੋ : ਘੱਟ ਗਿਣਤੀਆਂ ਨੂੰ ਅਫਗਾਨਿਸਤਾਨ ‘ਚ ਤਾਲਿਬਾਨ ਬਣਾ ਰਿਹਾ ਨਿਸ਼ਾਨਾ, ਪੰਜਾਬ ‘ਚ ਰਹਿੰਦੇ ਕਾਬਲੀ ਸਿੱਖ ਪਰਿਵਾਰਾਂ ਦੀ ਵਧੀ ਚਿੰਤਾ