Vm singh and bhanu pratap singh : ਗਣਤੰਤਰ ਦਿਵਸ ਮੌਕੇ ਹੋਏ ਟਰੈਕਟਰ ਮਾਰਚ ਵਿੱਚ ਹੋਏ ਹੰਗਾਮੇ ਦੇ ਸੰਬੰਧ ਵਿੱਚ ਦਿੱਲੀ ਪੁਲਿਸ ਦੀ ਕਾਰਵਾਈ ਜਾਰੀ ਹੈ। ਬੁੱਧਵਾਰ ਦੁਪਹਿਰ ਤੱਕ 200 ਤੋਂ ਵੱਧ ਆਰੋਪੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ, ਜਦਕਿ ਦੋ ਦਰਜਨ ਤੋਂ ਵੱਧ ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਕੁੱਝ ਕਿਸਾਨ ਨੇਤਾਵਾਂ ‘ਤੇ ਵੀ ਦਿੱਲੀ ਪੁਲਿਸ ਵੱਲੋਂ ਐਫਆਈਆਰ ਦਰਜ ਕੀਤੀ ਗਈ ਹੈ। ਬੁੱਧਵਾਰ ਸ਼ਾਮ ਨੂੰ ਦਿੱਲੀ ਪੁਲਿਸ ਇੱਕ ਪ੍ਰੈਸ ਕਾਨਫਰੰਸ ਕਰਕੇ ਇਸ ਮਾਮਲੇ ਬਾਰੇ ਜਾਣਕਾਰੀ ਦੇਵੇਗੀ। ਲੱਗਭਗ ਪਿੱਛਲੇ 63 ਦਿਨਾਂ ਤੋਂ ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਹੈ। ਇਸ ਦੌਰਾਨ ਕਿਸਾਨ ਆਗੂ ਵੀ ਐਮ ਸਿੰਘ ਅਤੇ ਭਾਨੂ ਪ੍ਰਤਾਪ ਸਿੰਘ ਨੇ ਆਪਣਾ ਅੰਦੋਲਨ ਖ਼ਤਮ ਕਰਨ ਦਾ ਫੈਸਲਾ ਲਿਆ ਹੈ। ਇਹ ਕਿਸਾਨ ਆਗੂ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਿਸ ਲੈਣ ਦੀ ਮੰਗ ਕਰ ਰਹੇ ਸਨ, ਹਾਲਾਂਕਿ ਉਨ੍ਹਾਂ ਨੇ ਗਣਤੰਤਰ ਦਿਵਸ ਮੌਕੇ ਦਿੱਲੀ ਵਿੱਚ ਹੋਈ ਹਿੰਸਾ ਦੀ ਘਟਨਾ ਤੋਂ ਬਾਅਦ ਅੰਦੋਲਨ ਤੋਂ ਪਿੱਛੇ ਹੱਟਣ ਦਾ ਫੈਸਲਾ ਲਿਆ ਹੈ।
ਭਾਰਤੀ ਕਿਸਾਨ ਯੂਨੀਅਨ ਭਾਨੂ ਦੇ ਪ੍ਰਧਾਨ ਭਾਨੂ ਪ੍ਰਤਾਪ ਸਿੰਘ ਨੇ ਮੰਗਲਵਾਰ ਨੂੰ ਦਿੱਲੀ ਵਿੱਚ ਵਾਪਰੀ ਇਸ ਘਟਨਾ ਦੀ ਨਿਖੇਧੀ ਕੀਤੀ ਹੈ। ਭਾਨੂ ਸਮੂਹ ਚਿੱਲਾ ਬਾਰਡਰ ‘ਤੇ ਧਰਨਾ ਦੇ ਰਿਹਾ ਸੀ। ਭਾਨੂ ਪ੍ਰਤਾਪ ਸਿੰਘ ਨੇ ਕਿਹਾ ਕਿ ਕੱਲ੍ਹ ਜੋ ਵੀ ਦਿੱਲੀ ਵਿੱਚ ਵਾਪਰਿਆ ਹੈ ਮੈਂ ਬਹੁਤ ਦੁਖੀ ਹਾਂ ਅਤੇ 58 ਦਿਨਾਂ ਦੇ ਵਿਰੋਧ ਪ੍ਰਦਰਸ਼ਨ ਨੂੰ ਖਤਮ ਕਰ ਰਿਹਾ ਹਾਂ। ਇਸ ਦੇ ਨਾਲ ਹੀ ਰਾਸ਼ਟਰੀ ਕਿਸਾਨ ਮਜ਼ਦੂਰ ਸੰਘ ਦੇ ਕੌਮੀ ਕਨਵੀਨਰ ਵੀ ਐਮ ਸਿੰਘ ਨੇ ਕਿਹਾ ਕਿ ਜਿਸ ਨੇ ਵੀ ਮੰਗਲਵਾਰ ਨੂੰ ਅੰਦੋਲਨਕਾਰੀ ਕਿਸਾਨਾਂ ਨੂੰ ਉਕਸਾਇਆ ਉਸ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ।
ਇਹ ਵੀ ਦੇਖੋ : ਡਾ. ਦਰਸ਼ਨ ਪਾਲ ਕਿਸਾਨ ਮੋਰਚੇ ਦੀ ਸਟੇਜ਼ ਤੋਂ Live, ਕੱਲ੍ਹ ਦਿੱਲੀ ਪਏ ਗਾਹ ‘ਤੇ ਸੁਣੋ ਵੱਡਾ ਬਿਆਨ !