ਵਿਜੀਲੈਂਸ ਬਿਊਰੋ ਨੇ ਅੱਜ ਪੰਜਾਬ ਪੁਲਿਸ ਦੇ ਏ.ਐੱਸ.ਆਈ. ਸ਼ਮਸ਼ੇਰ ਸਿੰਘ ਪੁੱਤਰ ਸ਼ਾਮ ਸਿੰਘ ਵਾਸੀ ਪਿੰਡ ਪੰਦਰਾਵਲ, ਤਹਿਸੀਲ ਨਵਾਂਸ਼ਹਿਰ ਦੀ ਸ਼ਿਕਾਇਤ ‘ਤੇ ਥਾਣਾ ਔੜ ਦੇ ਏ.ਐੱਸ.ਆਈ. ਰਾਮ ਪ੍ਰਕਾਸ਼ ਨੂੰ 12,000 ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ।
ਜਾਣਕਾਰੀ ਦਿੰਦੇ ਹੋਏ ਸੀਨੀਅਰ ਕਪਤਾਨ ਪੁਲਿਸ, ਵਿਜੀਲੈਂਸ ਬਿਊਰੋ ਜਲੰਧਰ ਰੇਂਜ ਨੇ ਦੱਸਿਆ ਕਿ ਸ਼ਿਕਾਇਤਕਰਤਾ ਕੰਬਾਈਨ ‘ਤੇ ਡਰਾਈਵਰੀ ਕਰਦਾ ਹੈ। ਮਿਤੀ 28 ਸਤੰਬਰ 2021 ਨੂੰ ਉਸ ਦੇ ਭਰਾ ਕੁਲਵਿੰਦਰ ਸਿੰਘ ਦਾ ਕੁਝ ਪਿੰਡ ਵਾਲਿਆਂ ਨਾਲ ਝਗੜਾ ਹੋਆ ਸੀ। ਪਿੰਡ ਦਾ ਹੀ ਇਕ ਵਸਨੀਕ ਮਦਦ ਲਈ ਆਪਣੇ ਘਰ ਦੀ ਕੰਧ ਟੱਪ ਕੇ ਗਲੀ ਵਿੱਚ ਛਾਲ ਮਾਰਨ ਵੇਲੇ ਡਿੱਗ ਗਿਆ, ਜਿਸ ਨਾਲ ਉਸ ਦੇ ਪੈਰ ਦੀ ਹੱਡੀ ਟੁੱਟ ਗਈ ਸੀ। ਇਸ ‘ਤੇ ਪਿੰਡ ਵਾਲਿਆਂ ਨੇ ਸ਼ਿਕਾਇਤਕਰਤਾ ਤੇ ਉਸ ਦੇ ਭਰਾ ਕੁਲਵਿੰਦਰ ਸਿੰਘ ਖਿਲਾਫ ਥਾਣਾ ਔੜ ਵਿੱਚ ਮੁਕੱਦਮਾ ਦਰਜ ਕਰਵਾਇਆ ਸੀ ਪਰ ਲੜਾਈ ਵੇਲੇ ਸ਼ਿਕਾਇਤਕਰਤਾ ਆਪਣੇ ਪਿੰਡ ਵਿੱਚ ਮੌਜੂਦ ਹੀ ਨਹੀਂ ਸੀ।
ਸ਼ਿਕਾਇਤ ਕਰਤਾ ਨੂੰ ਉਕਤ ਮੁਕੱਦਮੇ ਵਿੱਚ ਪੰਜਾਬ ਹਰਿਆਣਾ ਹਾਈਕੋਰਟ ਤੋਂ ਜ਼ਮਾਨਤ ਮਿਲ ਗਈ ਸੀ। ਸ਼ਿਕਾਇਤਕਰਤਾ ਵਿਰੁੱਧ ਦਰਜ ਉਕਤ ਮੁਕੱਦਮੇ ਦਾ ਚਾਲਾਨ ਮਾਣਯੋਗ ਅਦਾਲਤ ਸ਼੍ਰੀ ਰਮਨ ਸ਼ਰਮਾ ਸੀ.ਜੇ.ਐੱਮ. ਸ਼ਹੀਦ ਭਗਤ ਸਿੰਘ ਨਗਰ ਵਿੱਚ ਦਿੱਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ASI ਰਾਮ ਪ੍ਰਕਾਸ਼ ਨੇ ਸ਼ਿਕਾਇਤ ਕਰਤਾ ਤੇ ਬਲਵਿੰਦਰ ਸੰਘ ਪੁੱਤਰ ਜਸਵੰਤ ਸਿੰਘ ਖਿਲਾਫ ਅ/ਧ 107/151 ਸੀ.ਆਰ.ਪੀ.ਸੀ. ਦਰਜ ਰਜਿਸਟ ਕਰਕੇ ਮਾਣਯੋਗ ਅਦਾਲਤ ਸਬ-ਡਵੀਜ਼ਨਲ ਮੈਜਿਸਟ੍ਰੇਟ ਨਵਾਂਸ਼ਿਰ ਦੇ ਪੇਸ਼ ਕੀਤਾ ਸੀ, ਜਿਥੇ ਉਨ੍ਹਾਂ ਦੀ ਜ਼ਮਾਨਤ ਹੋ ਗਈ ਸੀ।
ਮਿਤੀ 26 ਜਨਵਰੀ 2022 ਨੂੰ ਕੁਝ ਪਿੰਡ ਵਾਲਿਆਂ ਵੱਲੋਂ ਸ਼ਿਕਾਇਤਕਰਤਾ ਨਾਲ ਗਾਲੀ-ਗਲੋਚ ਕੀਤਾ ਗਿਆ ਤੇ ਧਮਕੀਆਂ ਦਿੱਤੀਆਂ ਗਈਆਂ, ਜਿਸ ਸੰਬੰਧੀ ਉਸ ਨੇ 27 ਜਨਵਰੀ 2022 ਨੂੰ ਇਕ ਦਰਖਾਸਤ ਸੀਨੀਅਰ ਕਪਤਾਲਨ ਪੁਲਿਸ ਸ਼ਹੀਦ ਭਗਤ ਸਿੰਘ ਨਗਰ ਵਿਖੇ ਦਿੱਤੀ ਸੀ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਸ਼ਿਕਾਇਤ ਕਰਤਾ ਮਿਤੀ 18 ਮਾਰਚ 2022 ਨੂੰ ਆਪਣੀ ਉਕਤ ਦਰਖਾਸਤ ਸੰਬੰਧੀ ਏ.ਐੱਸ.ਆਈ. ਰਾਮ ਪ੍ਰਕਾਸ਼ ਨੂੰ ਥਾਣਾ ਔੜ ਵਿਖੇ ਆਪਣੇ ਜਾਣਕਾਰ ਕਾਬਲ ਸਿੰਘ ਪੁੱਤਰ ਬਾਲ ਸਿੰਘ ਵਾਸੀ ਪਿੰਡ ਪਦਰਾਵਲ ਨੂੰ ਨਾਲ ਲੈ ਕੇ ਮਿਲਿਆ। ਏ.ਐੱਸ.ਆਈ. ਰਾਮ ਪ੍ਰਕਾਸ਼ ਜੋਕਿ ਕਾਬਲ ਸਿੰਘ ਨੂੰ ਪਹਿਲਾਂ ਤੋਂ ਹੀ ਜਾਣਦਾ ਸੀ, ਉਸ ਨੇ ਕਾਬਲ ਸਿੰਘ ਨੂੰ ਇਸ ਸ਼ਿਕਾਇਤ ‘ਤੇ ਕਾਰਵਾਈ ਕਰਨ ਲਈ ਸ਼ਮਸ਼ੇਰ ਸਿੰਘ ਕੋਲੋਂ 13 ਹਜ਼ਾਰ ਰੁਪਏ ਰਿਸ਼ਵਤ ਮੰਗੀ। ਅਖੀਰ ਗੱਲ 12,000 ਰੁਪਏ ‘ਤੇ ਮੁੱਕੀ। ਸ਼ਿਕਾਇਤਕਰਤਾ ਨੇ ਇਸ ਸੰਬੰਧੀ ਅੱਜ 14 ਅਪ੍ਰੈਲ ਨੂੰ ਵਿਜੀਲੈਂਸ ਵਿੱਚ ਸ਼ਿਕਾਇਤ ਕੀਤੀ। ਇਸ ‘ਤੇ ਨਿਰੰਣ ਸਿੰਘ ਡੀ.ਐੱਸ.ਪੀ. ਵਿਜੀਲੈਂਸ ਯੂਨਿਟ ਦੀ ਨਿਗਰਾਨੀ ਹੇਠ ਇੰਸਪੈਕਟਰ ਚਮਕੌਰ ਸਿੰਘ ਵੱਲੋਂ ਟੀਮ ਗਠਿਤ ਕਰਕੇ ਉਸ ਨੂੰ ਸ਼ਿਕਾਇਤਕਰਤਾ ਦੇ ਜਾਣਕਾਰ ਕਾਬਲ ਸਿੰਘ ਵੱਲੋਂ 12,000 ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ ਗਿਆ।