ਅੰਮ੍ਰਿਤਸਰ ਦੇ ਪਿੰਡ ਭਿੰਡੀ ਵਿੱਚ ਇੱਕ ਗੁਆਂਢੀ ਨੇ ਪਰਿਵਾਰ ਉੱਤੇ ਬੋਲੈਰੋ ਕਾਰ ਭਜਾ ਦਿੱਤੀ। ਘਟਨਾ ‘ਚ ਜ਼ਖਮੀ ਔਰਤ ਦੀ ਹਸਪਤਾਲ ‘ਚ ਇਕ ਮਹੀਨੇ ਦੇ ਇਲਾਜ ਤੋਂ ਬਾਅਦ ਮੌਤ ਹੋ ਗਈ। ਦੋਸ਼ੀ ਰਾਤ ਵੇਲੇ ਕਾਰ ਵਿੱਚ ਅਸ਼ਲੀਲ ਗੀਤ ਵਜਾਉਂਦਾ ਸੀ ਅਤੇ ਜਦੋਂ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਗਿਆ ਤਾਂ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।
ਪੀੜਤ ਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਪਤਨੀ ਕਰਮਜੀਤ ਕੌਰ ਨਾਲ ਪਿੰਡ ਭਿੰਡੀ ਵਿੱਚ ਰਹਿੰਦਾ ਸੀ। ਉਸ ਦੀਆਂ ਦੋ ਧੀਆਂ ਅਤੇ ਇੱਕ ਪੁੱਤਰ ਹੈ। ਦੋਸ਼ੀ ਰਣਜੀਤ ਸਿੰਘ ਉਸ ਦਾ ਗੁਆਂਢੀ ਹੈ ਅਤੇ ਹਰ ਰੋਜ਼ ਘਰ ਦੇ ਬਾਹਰ ਖਾਲੀ ਜਗ੍ਹਾ ਵਿੱਚ ਆਪਣੀ ਕਾਰ ਪਾਰਕ ਕਰਦਾ ਹੈ। ਜਦੋਂ ਵੀ ਉਹ ਰਾਤ ਨੂੰ ਆਪਣੀ ਕਾਰ ਪਾਰਕ ਕਰਦਾ ਹੈ ਤਾਂ ਕਾਰ ਵਿੱਚ ਅਸ਼ਲੀਲ ਗੀਤ ਵਜਾਉਂਦਾ ਹੈ। ਘਰ ਵਿੱਚ ਔਰਤਾਂ ਹੋਣ ਕਾਰਨ ਉਸ ਨੇ ਕੁਝ ਸਮਾਂ ਪਹਿਲਾਂ ਰਣਜੀਤ ਸਿੰਘ ਨੂੰ ਰੋਕ ਕੇ ਉਸ ਨੂੰ ਅਜਿਹੇ ਗੀਤ ਨਾ ਚਲਾਉਣ ਲਈ ਕਿਹਾ। ਇਸ ਮਾਮਲੇ ਨੂੰ ਲੈ ਕੇ ਰਣਜੀਤ ਸਿੰਘ ਨੇ ਉਸ ਨਾਲ ਰੰਜਿਸ਼ ਰੱਖ ਲਈ।
ਸਵਿੰਦਰ ਸਿੰਘ ਨੇ ਦੱਸਿਆ ਕਿ 9 ਨਵੰਬਰ ਦੀ ਰਾਤ ਨੂੰ ਜਦੋਂ ਉਸ ਦਾ ਪੂਰਾ ਪਰਿਵਾਰ ਸੁੱਤਾ ਹੋਇਆ ਸੀ ਤਾਂ ਦੋਸ਼ੀ ਨੇ ਆਪਣੇ ਸਾਥੀਆਂ ਬੂਟਾ ਅਤੇ ਮੇਹਰ ਸਿੰਘ ਨਾਲ ਮਿਲ ਕੇ ਕਾਰ ਨਾਲ ਉਸ ਦੇ ਘਰ ਦਾ ਬੂਹਾ ਭੰਨ ਦਿੱਤਾ ਅਤੇ ਅੰਦਰ ਵੜ ਕੇ ਵਿਹੜੇ ਵਿੱਚ ਵੱਖ-ਵੱਖ ਮੰਜਿਆਂ ‘ਤੇ ਸੌਂ ਰਹੇ ਪਰਿਵਾਰ ‘ਤੇ ਗੱਡੀ ਚੜ੍ਹਾ ਦਿੱਤੀ। ਇਸ ਵਿੱਚ ਉਸ ਨੂੰ ਅਤੇ ਉਸ ਦੀ ਪਤਨੀ ਕਰਮਜੀਤ ਕੌਰ ਨੂੰ ਡੂੰਘੀਆਂ ਸੱਟਾਂ ਲੱਗੀਆਂ। ਘਟਨਾਂ ਮਗਰੋਂ ਦੋਵਾਂ ਨੂੰ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਸਵਿੰਦਰ ਸਿੰਘ ਨੂੰ ਉੱਥੋਂ ਛੁੱਟੀ ਦੇ ਦਿੱਤੀ ਗਈ ਸੀ, ਜਦੋਂਕਿ ਹਸਪਤਾਲ ਵਿੱਚ ਦਾਖ਼ਲ ਉਸ ਦੀ ਪਤਨੀ ਕਰਮਜੀਤ ਕੌਰ ਦੀ 7 ਦਸੰਬਰ ਨੂੰ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ : PM ਮੋਦੀ ਦੀ ਸੁਰੱਖਿਆ ‘ਚ ਕੁਤਾਹੀ ਮਾਮਲਾ, ਕੇਂਦਰ ਨੇ ਪੰਜਾਬ ਨੂੰ ਕਿਹਾ, ‘ਸੀਨੀਅਰ ਅਫ਼ਸਰਾਂ ‘ਤੇ ਐਕਸ਼ਨ ਲਓ’
ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਭਿੰਡੀਸੈਡਾ ਥਾਣੇ ਦੇ ਏਐਸਆਈ ਅਗਿਆਪਾਲ ਸਿੰਘ ਨੇ ਦੱਸਿਆ ਕਿ ਦੋਸ਼ੀ ਰਣਜੀਤ ਸਿੰਘ ਅਤੇ ਉਸ ਦੇ ਦੋ ਸਾਥੀਆਂ ਬੂਟਾ ਅਤੇ ਮੇਹਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ : –