ਪੀਲਾ, ਪਕਿਆ ਪਪੀਤਾ ਖਾਣ ਦਾ ਜਿੰਨਾ ਸੁਆਦ ਲੱਗਦਾ ਏ, ਉਸ ਤੋਂ ਕਿਤੇ ਵੱਧ ਇਸ ਦੇ ਫਾਇਦੇ ਹਨ। ਪਪੀਤਾ ਪੋਸ਼ਕ ਤੱਤਾਂ ਨਾਲ ਭਰਪੂਰ ਫਲ ਹੈ। ਪਪੀਤਾ ਵਿਟਾਮਿਨ, ਫਾਈਬਰ ਅਤੇ ਖਣਿਜਾਂ ਨਾਲ ਭਰਪੂਰ ਹੁੰਦਾ ਹੈ। ਹਰ ਮੌਸਮ ਵਿੱਚ ਉਪਲਬਧ ਪਪੀਤਾ ਮੋਟਾਪਾ ਘੱਟ ਕਰਨ ਵਿੱਚ ਵੀ ਮਦਦ ਕਰਦਾ ਹੈ। ਪਪੀਤਾ ਖਾਣ ਨਾਲ ਸਰੀਰ ਨੂੰ ਭਰਪੂਰ ਮਾਤਰਾ ਵਿਚ ਫਾਈਬਰ ਮਿਲਦਾ ਹੈ ਜਿਸ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ। ਸ਼ੂਗਰ, ਦਿਲ ਅਤੇ ਕੈਂਸਰ ਦੇ ਮਰੀਜ਼ਾਂ ਲਈ ਪਪੀਤਾ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ ਪਰ ਕੁਝ ਲੋਕਾਂ ਲਈ ਪਪੀਤਾ ਨੁਕਸਾਨਦੇਹ ਵੀ ਸਾਬਤ ਹੁੰਦਾ ਹੈ। ਅਜਿਹੀਆਂ ਕਈ ਬਿਮਾਰੀਆਂ ਹਨ ਜਿਨ੍ਹਾਂ ਵਿੱਚ ਪਪੀਤਾ ਖਾਣਾ ਮਨਾ ਹੈ। ਜੇ ਤੁਸੀਂ ਗਲਤੀ ਨਾਲ ਪਪੀਤੇ ਦਾ ਸੇਵਨ ਕਰਦੇ ਹੋ ਤਾਂ ਤੁਹਾਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਗੁਰਦੇ ਦੀ ਪੱਥਰੀ ਹੋਣ ‘ਤੇ ਨਾ ਖਾਓ – ਜਿਨ੍ਹਾਂ ਲੋਕਾਂ ਨੂੰ ਗੁਰਦੇ ਦੀ ਪੱਥਰੀ ਹੈ ਉਨ੍ਹਾਂ ਨੂੰ ਪਪੀਤੇ ਦਾ ਸੇਵਨ ਨਹੀਂ ਕਰਨਾ ਚਾਹੀਦਾ। ਪਪੀਤੇ ਵਿੱਚ ਵਿਟਾਮਿਨ ਸੀ ਪਾਇਆ ਜਾਂਦਾ ਹੈ, ਜੋ ਇੱਕ ਭਰਪੂਰ ਐਂਟੀਆਕਸੀਡੈਂਟ ਹੈ। ਜੇਕਰ ਤੁਸੀਂ ਜ਼ਿਆਦਾ ਪਪੀਤਾ ਖਾਂਦੇ ਹੋ ਤਾਂ ਪੱਥਰੀ ਦੀ ਸਮੱਸਿਆ ਵਧ ਸਕਦੀ ਹੈ। ਪਪੀਤਾ ਖਾਣ ਨਾਲ ਕੈਲਸ਼ੀਅਮ ਆਕਸਲੇਟ ਦੀ ਸਥਿਤੀ ਪੈਦਾ ਹੋ ਸਕਦੀ ਹੈ ਜਿਸ ਨਾਲ ਪੱਥਰੀ ਦਾ ਆਕਾਰ ਵਧ ਸਕਦਾ ਹੈ।
ਬੇਕਾਬੂ ਦਿਲ ਦੀ ਧੜਕਣ – ਪਪੀਤਾ ਦਿਲ ਨਾਲ ਸਬੰਧਤ ਬਿਮਾਰੀਆਂ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ, ਪਰ ਜਿਨ੍ਹਾਂ ਦੇ ਦਿਲ ਦੀ ਧੜਕਣ ਅਨਿਯਮਿਤ ਹੈ, ਉਨ੍ਹਾਂ ਨੂੰ ਪਪੀਤੇ ਦਾ ਸੇਵਨ ਨਹੀਂ ਕਰਨਾ ਚਾਹੀਦਾ। ਪਪੀਤੇ ਵਿੱਚ ਸਾਈਨੋਜੇਨਿਕ ਗਲਾਈਕੋਸਾਈਡ ਪਾਇਆ ਜਾਂਦਾ ਹੈ ਜੋ ਅਮੀਨੋ ਐਸਿਡ ਵਰਗਾ ਹੁੰਦਾ ਹੈ। ਇਸ ਨਾਲ ਪਾਚਨ ਤੰਤਰ ‘ਚ ਹਾਈਡ੍ਰੋਜਨ ਸਾਇਨਾਈਡ ਪੈਦਾ ਹੁੰਦਾ ਹੈ ਅਤੇ ਦਿਲ ਦੀ ਧੜਕਣ ਦੀ ਸਮੱਸਿਆ ਵਧ ਸਕਦੀ ਹੈ।
ਗਰਭ ਅਵਸਥਾ ਦੌਰਾਨ- ਪਪੀਤੇ ‘ਚ ਲੇਟੈਕਸ ਹੁੰਦਾ ਹੈ, ਜਿਸ ਕਾਰਨ ਗਰਭਵਤੀ ਔਰਤਾਂ ਨੂੰ ਪਪੀਤਾ ਨਾ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਪਪੀਤਾ ਖਾਣ ਨਾਲ ਗਰੱਭਾਸ਼ਯ ਸੁੰਗੜ ਸਕਦਾ ਹੈ। ਇਸ ਕਾਰਨ ਪ੍ਰੀ-ਡਿਲੀਵਰੀ ਦਾ ਖਤਰਾ ਵੱਧ ਜਾਂਦਾ ਹੈ। ਪਪੀਤੇ ਵਿੱਚ ਪਪੇਨ ਪਾਇਆ ਜਾਂਦਾ ਹੈ ਜਿਸ ਨੂੰ ਸਰੀਰ ਪ੍ਰੋਸਟਾਗਲੈਂਡਿਨ ਸਮਝਣ ਦੀ ਗਲਤੀ ਕਰ ਸਕਦਾ ਹੈ ਅਤੇ ਅਜਿਹੀ ਸਥਿਤੀ ਵਿੱਚ ਜਣੇਪੇ ਦੀ ਆਰਟੀਫਿਸ਼ੀਅਲ ਪੇਨ ਸ਼ੁਰੂ ਹੋ ਸਕਦੀ ਹੈ।
ਐਲਰਜੀ ਤੋਂ ਪੀੜਤ ਲੋਕ – ਪਪੀਤੇ ਵਿੱਚ ਚਿਟੀਨੇਸ ਹੁੰਦਾ ਹੈ ਜੋ ਐਲਰਜੀ ਤੋਂ ਪੀੜਤ ਲੋਕਾਂ ਵਿੱਚ ਸਮੱਸਿਆਵਾਂ ਪੈਦਾ ਕਰ ਸਕਦਾ ਹੈ। ਅਜਿਹੇ ਲੋਕਾਂ ਨੂੰ ਪਪੀਤਾ ਨਹੀਂ ਖਾਣਾ ਚਾਹੀਦਾ। ਚਿਟੀਨੇਸ ਲੈਟੇਕਸ ਨਾਲ ਪ੍ਰਤੀਕ੍ਰਿਆ ਕਰ ਸਕਦਾ ਹੈ। ਕਈ ਵਾਰ ਇਸ ਨਾਲ ਸਾਹ ਲੈਣ ਵਿੱਚ ਦਿੱਕਤ, ਖੰਘ ਜਾਂ ਅੱਖਾਂ ਦੀ ਸਮੱਸਿਆ ਹੋ ਸਕਦੀ ਹੈ।
ਇਹ ਵੀ ਪੜ੍ਹੋ : ਫੋਨ ‘ਚ ਜ਼ਰੂਰ ਰੱਖੋ ਇਹ 5 ਸਰਕਾਰੀ ਐਪਸ, ਨਹੀਂ ਪਏਗੀ ਕਿਤੇ ਜਾਣ ਦੀ ਲੋੜ!
ਹਾਈਪੋਗਲਾਈਸੀਮੀਆ ਵਾਲੇ ਲੋਕ— ਜਿਨ੍ਹਾਂ ਲੋਕਾਂ ਦਾ ਬਲੱਡ ਸ਼ੂਗਰ ਲੈਵਲ ਘੱਟ ਰਹਿੰਦਾ ਹੈ, ਉਨ੍ਹਾਂ ਨੂੰ ਪਪੀਤਾ ਨਹੀਂ ਖਾਣਾ ਚਾਹੀਦਾ। ਹਾਈਪੋਗਲਾਈਸੀਮੀਆ ਤੋਂ ਪੀੜਤ ਲੋਕਾਂ ਨੂੰ ਪਪੀਤੇ ਤੋਂ ਬਚਣ ਦੀ ਲੋੜ ਹੈ। ਪਪੀਤਾ ਸਰੀਰ ਵਿੱਚ ਗਲੂਕੋਜ਼ ਦੇ ਪੱਧਰ ਨੂੰ ਘੱਟ ਕਰਦਾ ਹੈ। ਪਪੀਤਾ ਖਾਣ ਨਾਲ ਦਿਲ ਦੀ ਧੜਕਣ ਤੇਜ਼ ਹੁੰਦੀ ਹੈ ਜਾਂ ਕਈ ਵਾਰ ਸਰੀਰ ਕੰਬਣ ਲੱਗਦਾ ਹੈ।