ਪਾਕਿਸਤਾਨ ਵਿੱਚ ਆਮ ਚੋਣਾਂ ਲਈ ਵੋਟਿੰਗ ਚੱਲ ਰਹੀ ਹੈ। ਵੀਰਵਾਰ ਨੂੰ ਸਵੇਰੇ 8 ਵਜੇ ਵੋਟਿੰਗ ਸ਼ੁਰੂ ਹੋਈ, ਜੋ ਸ਼ਾਮ 5 ਵਜੇ ਤੱਕ ਜਾਰੀ ਰਹੇਗੀ। ਵੋਟਿੰਗ ਦੌਰਾਨ ਅੱਤਵਾਦੀ ਹਮਲੇ ‘ਚ ਚਾਰ ਪੁਲਸ ਕਰਮਚਾਰੀਆਂ ਦੀ ਜਾਨ ਚਲੀ ਗਈ। ਪਾਕਿਸਤਾਨੀ ਮੀਡੀਆ ਮੁਤਾਬਕ ਉੱਤਰ-ਪੱਛਮੀ ਪਾਕਿਸਤਾਨ ‘ਚ ਹੋਏ ਅੱਤਵਾਦੀ ਹਮਲੇ ‘ਚ ਚੋਣ ਡਿਊਟੀ ‘ਤੇ ਮੌਜੂਦ ਚਾਰ ਪੁਲਸ ਕਰਮਚਾਰੀ ਮਾਰੇ ਗਏ ਹਨ। ਇਸ ਤੋਂ ਪਹਿਲਾਂ ਚੋਣਾਂ ਤੋਂ ਇੱਕ ਦਿਨ ਪਹਿਲਾਂ ਬਲੂਚਿਸਤਾਨ ਸੂਬੇ ਵਿੱਚ ਚੋਣ ਦਫ਼ਤਰਾਂ ਨੂੰ ਨਿਸ਼ਾਨਾ ਬਣਾ ਕੇ ਦੋ ਬੰਬ ਧਮਾਕਿਆਂ ਵਿੱਚ ਘੱਟੋ-ਘੱਟ 30 ਲੋਕ ਮਾਰੇ ਗਏ ਸਨ ਅਤੇ 30 ਹੋਰ ਜ਼ਖ਼ਮੀ ਹੋ ਗਏ ਸਨ।
ਅੱਤਵਾਦੀਆਂ ਨੇ ਵੀਰਵਾਰ ਦੁਪਹਿਰ ਨੂੰ ਖੈਬਰ ਪਖਤੂਨਖਵਾ ਦੇ ਡੇਰਾ ਇਸਮਾਈਲ ਖਾਨ ਜ਼ਿਲੇ ਦੇ ਕੁਲਚੀ ‘ਚ ਆਮ ਚੋਣਾਂ ਦੌਰਾਨ ਪੁਲਿਸ ਦੀ ਇਕ ਮੋਬਾਈਲ ਵੈਨ ਨੂੰ ਨਿਸ਼ਾਨਾ ਬਣਾਇਆ। ਅੱਤਵਾਦੀਆਂ ਨੇ ਪਹਿਲਾਂ ਇੱਥੇ ਆਈਈਡੀ ਧਮਾਕਾ ਕੀਤਾ ਅਤੇ ਫਿਰ ਅੰਨ੍ਹੇਵਾਹ ਗੋਲੀਬਾਰੀ ਕੀਤੀ, ਜਿਸ ਨਾਲ ਚਾਰੇ ਚੀਕ-ਚਿਹਾੜਾ ਮਚ ਗਿਆ। ਖੈਬਰ ਪਖਤੂਨਖਵਾ ‘ਚ ਹੋਏ ਇਸ ਅੱਤਵਾਦੀ ਹਮਲੇ ‘ਚ 5 ਲੋਕਾਂ ਦੀ ਜਾਨ ਚਲੀ ਗਈ ਅਤੇ 2 ਹੋਰ ਜ਼ਖਮੀ ਹੋ ਗਏ। ਹਮਲਾਵਰਾਂ ਨੇ 30 ਮਿੰਟਾਂ ਤੋਂ ਵੱਧ ਸਮੇਂ ਤੱਕ ਲਗਾਤਾਰ ਗੋਲੀਬਾਰੀ ਕਰਨ ਤੋਂ ਪਹਿਲਾਂ ਇੱਕ ਵਿਸਫੋਟਕ ਯੰਤਰ ਤਾਇਨਾਤ ਕੀਤਾ। ਇਸ ਵਿਸਫੋਟਕ ਨਾਲ ਗੱਡੀ ਦੇ ਟੁਕੜੇ ਹੋ ਗਏ।
ਪੁਲਿਸ ਮੁਤਾਬਕ ਹਮਲੇ ‘ਚ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਸੁਰੱਖਿਆ ਬਲਾਂ ਨੇ ਇਲਾਕੇ ਦੀ ਘੇਰਾਬੰਦੀ ਕਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਅਜੇ ਤੱਕ ਕਿਸੇ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ ਪਰ ਇਹ ਇਲਾਕਾ ਪਹਿਲਾਂ ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦਾ ਗੜ੍ਹ ਰਿਹਾ ਹੈ।
ਇਹ ਵੀ ਪੜ੍ਹੋ : ਕਮਾਈ ਕਰਨ ਸ਼੍ਰੀਨਗਰ ਗਿਆ ਸੀ ਅੰਮ੍ਰਿਤਪਾਲ, ਹੰਝੂਆਂ ਭਰੀਆਂ ਅੱਖਾਂ ਨਾਲ ਹੋਈ ਅੰਤਿਮ ਵਿਦਾਈ
ਪਾਕਿਸਤਾਨ ‘ਚ ਆਮ ਚੋਣਾਂ ਲਈ ਵੀਰਵਾਰ ਨੂੰ ਸਵੇਰੇ 8 ਵਜੇ ਵੋਟਿੰਗ ਸ਼ੁਰੂ ਹੋਈ, ਜਿਸ ‘ਚ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਫੌਜ ਦੇ ਸਮਰਥਨ ਨਾਲ ਚੌਥੀ ਵਾਰ ਚੋਣ ਲੜਨ ਦੀ ਉਮੀਦ ਕਰ ਰਹੇ ਹਨ। ਵੋਟਿੰਗ ਸ਼ੁਰੂ ਹੋਣ ਤੋਂ ਕੁਝ ਦੇਰ ਬਾਅਦ ‘ਵਿਗੜਦੀ ਸੁਰੱਖਿਆ ਸਥਿਤੀ’ ਦੇ ਮੱਦੇਨਜ਼ਰ ਦੇਸ਼ ਭਰ ਵਿੱਚ ਮੋਬਾਈਲ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।
ਸੁਰੱਖਿਆ ਕਾਰਨਾਂ ਕਰਕੇ ਅਫਗਾਨਿਸਤਾਨ ਅਤੇ ਈਰਾਨ ਨਾਲ ਲੱਗਦੀ ਸਰਹੱਦ ਨੂੰ ਬੰਦ ਕਰ ਦਿੱਤਾ ਗਿਆ ਹੈ। ਇਨ੍ਹਾਂ ਚੋਣਾਂ ਵਿੱਚ ਦੇਸ਼ ਭਰ ਵਿੱਚ ਕੁੱਲ 12,85,85,760 ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਵੋਟਿੰਗ ਦੇ ਮੱਦੇਨਜ਼ਰ ਪਾਕਿਸਤਾਨ ‘ਚ ਅੱਜ ਜਨਤਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਵੋਟਿੰਗ ਪੂਰੀ ਹੋਣ ਤੋਂ ਤੁਰੰਤ ਬਾਅਦ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ। ਆਮ ਚੋਣਾਂ ਲਈ ਕਰੀਬ 6,50,000 ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ।
ਵੀਡੀਓ ਲਈ ਕਲਿੱਕ ਕਰੋ –