ਪੰਜਾਬ ਦੇ ਲੋਕ ਵਿਰਸੇ ਨੂੰ ਸਾਰੀ ਉਮਰ ਸੰਭਾਲਣ ਵਾਲੀ ਸੁਰਾਂ ਦੀ ਮੱਲਿਕਾ ਗੁਰਮੀਤ ਬਾਵਾ ਨੂੰ ਮਰਨ ਉਪਰੰਤ ਪਦਮ ਭੂਸ਼ਣ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅੱਜ ਗਣਤੰਤਰ ਦਿਵਸ ਮੌਕੇ ਉਨ੍ਹਾਂ ਦੇ ਪਰਿਵਾਰ ਨੂੰ ਪਦਮ ਭੂਸ਼ਣ ਪੁਰਸਕਾਰ ਪ੍ਰਦਾਨ ਕਰਨਗੇ। ਲੰਮੀ ਹੇਕ ਦੀ ਮੱਲਿਕਾ ਪੰਜਾਬੀ ਲੋਕ ਗਾਇਕਾ ਗੁਰਮੀਤ ਬਾਵਾ 21 ਨਵੰਬਰ 2021 ਨੂੰ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ।
ਵਿਆਹ ਤੋਂ ਬਾਅਦ ਪਤੀ ਨੇ ਪੜ੍ਹਾਈ ਪੂਰੀ ਕਰਾਈ
ਗੁਰਮੀਤ ਬਾਵਾ ਸਾਲ 2019 ਵਿੱਚ ਆਪਣੀ ਧੀ ਲਾਚੀ ਬਾਵਾ ਦੇ ਦਿਹਾਂਤ ਤੋਂ ਬਾਅਦ ਬੀਮਾਰ ਰਹਿਣ ਲੱਗ ਪਏ ਸਨ। ਪਰ ਪੰਜਾਬੀ ਸੱਭਿਅਤਾ ਅਤੇ ਪੰਜਾਬੀ ਲੋਕ ਗਾਇਕੀ ਨੂੰ ਜਿਊਂਦਾ ਰੱਖਣ ਵਾਲੇ ਗੁਰਮੀਤ ਬਾਵਾ ਨੇ ਕਈ ਪੰਜਾਬੀ ਗੀਤਾਂ ਵਿੱਚ ਆਪਣੀ ਆਵਾਜ਼ ਦਿੱਤੀ। ਉਨ੍ਹਾਂ ਦਾ ਜਨਮ 1944 ਵਿੱਚ ਪਿੰਡ ਕੋਠੇ ਗੁਰਦਾਸਪੁਰ ਵਿੱਚ ਹੋਇਆ। ਉਸ ਸਮੇਂ ਪੰਜਾਬ ਵਿੱਚ ਕੁੜੀਆਂ ਨੂੰ ਪੜ੍ਹਨ ਦੀ ਇਜਾਜ਼ਤ ਨਹੀਂ ਸੀ। ਪਰ ਗੁਰਮੀਤ ਨੇ ਵਿਆਹ ਤੋਂ ਬਾਅਦ ਆਪਣੀ ਪੜ੍ਹਾਈ ਪੂਰੀ ਕੀਤੀ। ਗੁਰਮੀਤ ਦਾ ਵਿਆਹ ਕਿਰਪਾਲ ਬਾਵਾ ਨਾਲ ਹੋਇਆ ਸੀ।
ਇਹ ਕਿਰਪਾਲ ਹੀ ਸਨ ਜਿਨ੍ਹਾਂ ਨੇ ਗੁਰਮੀਤ ਨੂੰ ਜੇਬੀਟੀ ਕਰਵਾਈ ਅਤੇ ਫਿਰ ਉਹ ਅਧਿਆਪਕ ਬਣਨ ਵਾਲੀ ਆਪਣੇ ਇਲਾਕੇ ਦੀ ਪਹਿਲੀ ਔਰਤ ਸੀ। ਗੁਰਮੀਤ ਦੀ ਆਵਾਜ਼ ਬਹੁਤ ਸੁਰੀਲੀ ਸੀ। ਵਿਆਹ ਤੋਂ ਬਾਅਦ ਉਨ੍ਹਾਂ ਦੇ ਪਤੀ ਕਿਰਪਾਲ ਬਾਵਾ ਨੇ ਉਨ੍ਹਾਂ ਦੇ ਹੁਨਰ ਨੂੰ ਹੋਰ ਨਿਖਾਰਿਆ। ਉਨ੍ਹਾਂ ਦਾ ਸਾਥ ਦਿੱਤਾ ਅਤੇ ਉਹ ਮੁੰਬਈ ਪਹੁੰਚ ਗਏ। ਪੁਰਾਣੇ ਸਮਿਆਂ ਵਿੱਚ ਬਾਲੀਵੁੱਡ ਅਤੇ ਪੰਜਾਬੀ ਇੰਡਸਟਰੀ ਦੀਆਂ ਫਿਲਮਾਂ ਅਤੇ ਗੀਤਾਂ ਵਿੱਚ ਜਿੰਨੀਆਂ ਬੋਲੀਆਂ ਪਾਈਆਂ ਜਾਂਦੀਆਂ ਸਨ, ਉਨ੍ਹਾਂ ਵਿੱਚ ਵਧੇਰੇ ਗੁਰਮੀਤ ਦੀ ਹੀ ਆਵਾਜ਼ ਹੁੰਦੀ ਸੀ।
ਵੀਡੀਓ ਲਈ ਕਲਿੱਕ ਕਰੋ -:
“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “
ਗੁਰਮੀਤ ਦਾ ਰਿਕਾਰਡ ਅੱਜ ਤੱਕ ਨਹੀਂ ਟੁੱਟਿਆ ਹੈ
ਗੁਰਮੀਤ ਬਾਵਾ ਨੂੰ ਲੰਮੀ ਹੇਕ ਦੀ ਮੱਲਿਕਾ ਵਜੋਂ ਜਾਣਿਆ ਜਾਂਦਾ ਸੀ। ਅੱਜ ਤੱਕ ਕੋਈ ਵੀ ਉਨ੍ਹਾਂ ਦਾ ਰਿਕਾਰਡ ਨਹੀਂ ਤੋੜ ਸਕਿਆ ਹੈ। ਉਹ 45 ਸੈਕੰਡ ਤੱਕ ਹੇਕ ਲਗਾ ਲੈਂਦੇ ਸਨ। ਇੰਨਾ ਲੰਮਾ ਸਮਾਂ ਰੁਕਣਾ ਅੱਜ ਦੇ ਨੌਜਵਾਨਾਂ ਵਿੱਚ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ।
ਗੁਰਮੀਤ ਬਾਵਾ ਦੀਆਂ ਤਿੰਨ ਧੀਆਂ ਹਨ, ਜਿਨ੍ਹਾਂ ਵਿੱਚੋਂ ਇੱਕ ਲਾਚੀ ਬਾਵਾ ਸੀ, ਜਿਸ ਦਾ 2019 ਵਿੱਚ ਦਿਹਾਂਤ ਹੋ ਗਿਆ ਸੀ। ਉਨ੍ਹਾਂ ਤੋਂ ਇਲਾਵਾ ਗਲੋਰੀ ਅਤੇ ਪੋਪੀ ਬਾਵਾ ਦੀਆਂ ਦੋ ਬੇਟੀਆਂ ਵੀ ਹਨ। ਇਹਨਾਂ ਤਿੰਨਾਂ ਨਾਵਾਂ ਨੂੰ ਉਨ੍ਹਾਂ ਨੇ ਪੰਜਾਬੀ ਲੋਕ ਸੰਗੀਤ ਨਾਲ ਜੋੜ ਕੇ ਰੱਖਿਆ। ਗੁਰਮੀਤ ਬਾਵਾ ਅਤੇ ਲਾਚੀ ਬਾਵਾ ਦੀ ਮੌਤ ਤੋਂ ਬਾਅਦ ਗਲੋਰੀ ਬਾਵਾ ਹੁਣ ਪੰਜਾਬੀ ਵਿਰਸੇ ਨੂੰ ਸੰਭਾਲਣ ਦਾ ਕੰਮ ਕਰ ਰਹੀ ਹੈ।