ਪੰਜਾਬ ਦੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਕਸਟਮ ਵਿਭਾਗ ਨੇ ਇਕ ਯਾਤਰੀ ਕੋਲੋਂ 21.29 ਲੱਖ ਰੁਪਏ ਦਾ ਸੋਨਾ ਜ਼ਬਤ ਕੀਤਾ ਹੈ। ਯਾਤਰੀ ਦੁਬਈ ਦੀ ਫਲਾਈਟ ‘ਚ ਪਹੁੰਚਿਆ ਸੀ। ਦਰਅਸਲ ਜਦੋਂ ਏਅਰ ਇੰਟੈਲੀਜੈਂਸ ਯੂਨਿਟ (ਏ.ਆਈ.ਯੂ.) ਦੇ ਅਧਿਕਾਰੀਆਂ ਨੇ ਇਸ ਯਾਤਰੀ ਦੇ ਤੁਰਨ ਦੇ ਢੰਗ ਵਿੱਚ ਕੁਝ ਗੜਬੜੀ ਪਾਈ ਤਾਂ ਜਾਂਚ ਦੌਰਾਨ ਉਸ ਦੇ ਗੁਦਾ ਵਿੱਚੋਂ ਪੇਸਟ ਦੇ ਰੂਪ ਵਿੱਚ 411 ਗ੍ਰਾਮ ਸੋਨਾ ਬਰਾਮਦ ਹੋਇਆ।
ਇਸ ਯਾਤਰੀ ਕੋਲੋਂ ਬਰਾਮਦ ਹੋਇਆ ਸੋਨਾ ਕਬਜ਼ੇ ‘ਚ ਲੈ ਕੇ ਅਧਿਕਾਰੀਆਂ ਨੇ ਉਸ ਕੋਲੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਕਸਟਮ ਅਧਿਕਾਰੀਆਂ ਮੁਤਾਬਕ ਸਪਾਈਸ ਜੈੱਟ ਦੀ ਉਡਾਣ ਦੁਬਈ ਤੋਂ ਉਡਾਣ ਭਰਨ ਤੋਂ ਬਾਅਦ ਵੀਰਵਾਰ ਰਾਤ ਨੂੰ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚੀ। ਜਹਾਜ਼ ਦੇ ਲੈਂਡ ਹੋਣ ਤੋਂ ਬਾਅਦ ਸਾਰੇ ਯਾਤਰੀ ਹਵਾਈ ਅੱਡੇ ਦੇ ਸੁਰੱਖਿਅਤ ਘੇਰੇ ਵਿੱਚ ਪਹੁੰਚੇ ਅਤੇ ਆਪਣੇ ਸਾਮਾਨ ਦੀ ਜਾਂਚ ਕਰਵਾਉਣ ਲੱਗੇ। ਇਸ ਦੌਰਾਨ ਕਸਟਮ ਅਧਿਕਾਰੀਆਂ ਨੂੰ ਇਕ ਯਾਤਰੀ ਦੀ ਹਰਕਤ ‘ਤੇ ਕੁਝ ਸ਼ੱਕ ਹੋਇਆ ਤਾਂ ਉਸ ਨੂੰ ਫੜ ਕੇ ਪੁੱਛਗਿੱਛ ਕੀਤੀ।
ਇਹ ਵੀ ਪੜ੍ਹੋ : ਅੰਮ੍ਰਿਤਸਰ : ਗੋਲਡਨ ਟੈਂਪਲ ਦੇ ਮਾਡਲ ਦੀ ਬੇਅਦਬੀ, ਦੁਕਾਨਦਾਰ ਨੇ ਭੁੰਜੇ ਸੁੱਟ ਕੇ ਮਾਰੀਆਂ ਠੋਕਰਾਂ
ਅਫਸਰਾਂ ਨੇ ਪੁੱਛਿਆ ਕਿ ਉਹ ਕਿਉਂ ਲੜਖੜਾ ਕੇ ਚੱਲ ਰਿਹਾ ਹੈ, ਕੀ ਉਸਦੀ ਸਿਹਤ ਠੀਕ ਨਹੀਂ ਹੈ। ਇਸ ‘ਤੇ ਇਸ ਯਾਤਰੀ ਨੇ ਹਾਂ ਦੇ ਅੰਦਾਜ਼ ‘ਚ ਸਿਰ ਹਿਲਾਇਆ ਅਤੇ ਅੱਗੇ ਵਧਣ ਲੱਗਾ ਤਾਂ ਅਧਿਕਾਰੀਆਂ ਨੇ ਉਸ ਨੂੰ ਰੋਕ ਕੇ ਪੁੱਛਗਿੱਛ ਕੀਤੀ। ਇਸ ਦੌਰਾਨ ਜਾਂਚ ‘ਚ ਸਾਹਮਣੇ ਆਇਆ ਕਿ ਯਾਤਰੀ ਦੁਬਈ ਤੋਂ ਸੋਨਾ ਆਪਣੇ ਗੁਦਾ ‘ਚ ਲੁਕਾ ਕੇ ਲਿਆਇਆ ਸੀ। ਕਸਟਮ ਕਮਿਸ਼ਨਰ ਰਾਹੁਲ ਨਾਨਾਗਰੇ ਨੇ ਦੱਸਿਆ ਕਿ ਦੁਬਈ ਤੋਂ ਲਿਆਂਦਾ ਗੈਰ-ਕਾਨੂੰਨੀ ਸੋਨਾ ਜ਼ਬਤ ਕਰ ਲਿਆ ਗਿਆ ਹੈ। ਪੇਸਟ ਦਾ ਵਜ਼ਨ 497 ਗ੍ਰਾਮ ਹੈ, ਜਦਕਿ ਅਸਲੀ ਸੋਨੇ ਦਾ ਵਜ਼ਨ 411 ਗ੍ਰਾਮ ਪਾਇਆ ਗਿਆ, ਜਿਸ ਦੀ ਕੀਮਤ 21 ਲੱਖ 29 ਹਜ਼ਾਰ ਰੁਪਏ ਬਣਦੀ ਹੈ।
ਵੀਡੀਓ ਲਈ ਕਲਿੱਕ ਕਰੋ -: