ਯੂਪੀ ਵਿਧਾਨ ਸਭਾ ਚੋਣਾਂ ਲਈ ਪ੍ਰਧਾਨ ਮੰਤਰੀ ਮੋਦੀ ਨੇ ਜਨ ਚੌਪਾਲ ਰਾਹੀਂ ਆਗਰਾ, ਮਥੁਰਾ ਅਤੇ ਬੁਲੰਦਸ਼ਹਿਰ ਦੇ ਲੋਕਾਂ ਨੂੰ ਵਰਚੁਅਲ ਰੈਲੀ ਰਾਹੀਂ ਸੰਬੋਧਨ ਕੀਤਾ, ਇਸ ਦੌਰਾਨ ਉਨ੍ਹਾਂ ਸਪਾ ਪ੍ਰਧਾਨ ਅਖਿਲੇਸ਼ ਯਾਦਵ ‘ਤੇ ਵੱਡਾ ਹਮਲਾ ਬੋਲਿਆ।
ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਦੇਸ਼ ਨੂੰ ਨਵਾਂ ਰਸਤਾ ਵਿਖਾ ਰਿਹਾ ਹੈ, ਰਾਜ ਦੇ ਲੋਕਾਂ ਨੇ ਸਾਫ਼-ਸਾਫ਼ ਕਹਿ ਦਿੱਤਾ ਹੈ ਕਿ ਧਨ-ਦੌਲਤ, ਤਾਕਤ, ਜਾਤੀਵਾਦ, ਪਰਿਵਾਰਵਾਦ ਤੇ ਫਿਰਕਾਪ੍ਰਸਤੀ ਦੇ ਦਮ ‘ਤੇ ਕਿੰਨੀ ਹੀ ਸਿਆਸਤ ਕਰ ਲਓ, ਪਰ ਉਹ ਜਨਤਾ ਦਾ ਪਿਆਰ ਹਾਸਲ ਨਹੀੰ ਕਰ ਸਕਦੇ।
ਨਾਲ ਹੀ ਪੀ.ਐੱਮ. ਮੋਦੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੇ ਲੋਕਾਂ ਨੇ ਫੈਸਲਾ ਕਰ ਲਿਆ ਹੈ ਕਿ ਇਸ ਵਾਰ ਚੋਣਾਂ ਵਿੱਚ ਸਭ ਤੋਂ ਵੱਡਾ ਮੁੱਦਾ ਸਿਰਫ਼ ਇੱਕ ਹੈ ਅਤੇ ਉਹ ਹੈ ਯੂਪੀ ਦਾ ਵਿਕਾਸ। ਪਿਛਲੇ 5 ਸਾਲਾਂ ਵਿੱਚ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਸਰਕਾਰ ਨੇ ਦਿਖਾ ਦਿੱਤਾ ਹੈ ਕਿ ਜੇ ਕੋਈ ਯੂਪੀ ਦਾ ਵਿਕਾਸ ਕਰ ਸਕਦਾ ਹੈ ਤਾਂ ਉਹ ਭਾਜਪਾ ਦੀ ਡਬਲ ਇੰਜਣ ਵਾਲੀ ਸਰਕਾਰ ਹੈ।
ਸਪਾ ਮੁਖੀ ਅਖਿਲੇਸ਼ ਯਾਦਵ ‘ਤੇ ਹਮਲਾ ਕਰਦੇ ਹੋਏ ਪੀ.ਐੱਮ. ਮੋਦੀ ਨੇ ਕਿਹਾ ਕਿ ਚੋਣਾਂ ਦੇਖ ਕੇ ਕ੍ਰਿਸ਼ਣ ਭਗਤੀ ਦਾ ਚੋਲਾ ਪਹਿਨਣ ਵਾਲੇ ਜਦੋਂ ਸਰਕਾਰ ਵਿੱਚ ਸਨ ਤਾਂ ਵ੍ਰਿੰਦਵਨ, ਬਰਸਾਨਾ, ਗੋਵਰਧਨ, ਨੰਦਗਾਂਵ ਨੂੰ ਭੁੱਲ ਹੀ ਗਏ ਸਨ। ਨਾਲ ਹੀ ਪੀ.ਐੱਮ. ਨੇ ਕਿਹਾ ਕਿ ਭਾਜਪਾ ਨੂੰ ਭਾਰੀ ਸਮਰਥਨ ਮਿਲਦਾ ਦੇਖ ਕੇ ਇਹ ਲੋਕ ਹੁਣ ਸੁਪਨਿਆਂ ਵਿੱਚ ਭਗਵਾਨ ਕ੍ਰਿਸ਼ਨ ਨੂੰ ਯਾਦ ਕਰ ਰਹੇ ਹਨ, ਪਰ ਉੱਤਰ ਪ੍ਰਦੇਸ਼ ਦੇ ਲੋਕਾਂ ਨੇ ਫੈਸਲਾ ਕਰ ਲਿਆ ਹੈ ਕਿ ਇਸ ਵਾਰ ਵੀ ਚੋਣਾਂ ਵਿੱਚ ਵਿਕਾਸ ਹੀ ਸਭ ਤੋਂ ਵੱਡਾ ਮੁੱਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉੱਤਰ ਪ੍ਰਦੇਸ਼ ਦੀ ਨਾਰੀ ਸ਼ਕਤੀ ਨੇ ਯੋਗੀ ਆਦਿੱਤਿਆਨਾਥ ਨੂੰ ਇੱਕ ਵਾਰ ਫਿਰ ਮੁੱਖ ਮੰਤਰੀ ਬਣਾਉਣ ਦਾ ਫੈਸਲਾ ਕੀਤਾ ਹੈ।