ਗੁਜਰਾਤ ਦੇ ਦੋ ਦਿਨਾਂ ਦੌਰੇ ‘ਤੇ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦੂਜਾ ਦਿਨ ਕਈ ਮਾਇਨਿਆਂ ਤੋਂ ਅਹਿਮ ਰਿਹਾ। ਪ੍ਰਧਾਨ ਮੰਤਰੀ ਮੋਦੀ ਨੇ ਐਤਵਾਰ ਨੂੰ ਇੱਥੇ ਦਵਾਰਕਾ ਨੇੜੇ ਅਰਬ ਸਾਗਰ ਵਿੱਚ ਸਕੂਬਾ ਡਾਈਵਿੰਗ ਕੀਤੀ। ਦਵਾਰਕਾਧੀਸ਼ ਦੇ ਦਰਸ਼ਨ ਕਰਨ ਤੋਂ ਬਾਅਦ ਪੀਐਮ ਮੋਦੀ ਜਲ ਸੈਨਾ ਦੇ ਜਵਾਨਾਂ ਨਾਲ ਸਕੂਬਾ ਡਾਈਵ ਕਰਨ ਗਏ। ਉਹ ਗੋਮਤੀ ਘਾਟ ‘ਤੇ ਸਥਿਤ ਸੁਦਾਮਾ ਪੁਲ ਨੂੰ ਪਾਰ ਕਰਨ ਤੋਂ ਬਾਅਦ ਪੰਚਕੁਈ ਬੀਚ ਖੇਤਰ ‘ਤੇ ਪਹੁੰਚੇ। ਉਥੋਂ ਕਰੀਬ 2 ਨੌਟੀਕਲ ਮੀਲ ਦੂਰ ਸਮੁੰਦਰ ਵਿੱਚ ਸਕੂਬਾ ਡਾਈਵਿੰਗ ਲਈ ਗਏ ਸਨ।
ਦਵਾਰਕਾ ਨੂੰ ਧਾਰਮਿਕ ਸ਼ਹਿਰ ਵਜੋਂ ਜਾਣਿਆ ਜਾਂਦਾ ਹੈ ਪਰ ਹੁਣ ਇਹ ਸ਼ਹਿਰ ਸੈਰ-ਸਪਾਟੇ ਦੇ ਖੇਤਰ ਵਿੱਚ ਵੀ ਮਸ਼ਹੂਰ ਹੋ ਰਿਹਾ ਹੈ। ਅਜਿਹੇ ‘ਚ ਦਵਾਰਕਾ ਦੇ ਤੱਟ ‘ਤੇ ਸਕੂਬਾ ਡਾਈਵਿੰਗ ਵੀ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਹੋਵੇਗੀ। ਆਪਣੀ ਸਕੂਬਾ ਡਾਈਵਿੰਗ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਪੀਐਮ ਮੋਦੀ ਨੇ ਲਿਖਿਆ, ‘ਪਾਣੀ ਵਿੱਚ ਡੁੱਬੀ ਦਵਾਰਕਾ ਸ਼ਹਿਰ ਵਿੱਚ ਪ੍ਰਾਰਥਨਾ ਕਰਨਾ ਬਹੁਤ ਦਿੱਵਯ ਅਨੁਭਵ ਸੀ। ਮੈਂ ਅਧਿਆਤਮਿਕ ਸ਼ਾਨ ਅਤੇ ਸਦੀਵੀ ਸ਼ਰਧਾ ਦੇ ਇੱਕ ਪ੍ਰਾਚੀਨ ਯੁੱਗ ਨਾਲ ਜੁੜਿਆ ਮਹਿਸੂਸ ਕੀਤਾ। ਭਗਵਾਨ ਸ਼੍ਰੀ ਕ੍ਰਿਸ਼ਨ ਸਾਨੂੰ ਸਾਰਿਆਂ ਨੂੰ ਅਸ਼ੀਰਵਾਦ ਦੇਣ।’
ਇਸ ਸਾਲ ਦੇ ਸ਼ੁਰੂ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ 5 ਜਨਵਰੀ ਨੂੰ ਲਕਸ਼ਦੀਪ ਵਿੱਚ ਸਮੁੰਦਰ ਵਿੱਚ ਵੀ ਡੁਬਕੀ ਲਾਈ ਸੀ। ਹਾਲਾਂਕਿ ਉਦੋਂ ਉਨ੍ਹਾਂ ਨੇ ਸਨਾਰਕਲਿੰਗ ਕੀਤੀ ਸੀ, ਜਦਕਿ ਇਸ ਵਾਰ ਉਨ੍ਹਾਂ ਨੇ ਸਕੂਬਾ ਡਾਈਵਿੰਗ ਕੀਤੀ ਹੈ।
ਸਨੌਰਕਲਿੰਗ ਵਿੱਚ ਸਮੁੰਦਰ ਦੀ ਸਤ੍ਹਾ ‘ਤੇ ਇੱਕ ਵਿਸ਼ੇਸ਼ ਮਾਸਕ ਪਾ ਕੇ ਤੈਰਾਕੀ ਕੀਤੀ ਜਾਂਦੀ ਹੈ, ਜਦੋਂਕਿ ਸਕੂਬਾ ਡਾਈਵਿੰਗ ਵਿੱਚ ਵਿਅਕਤੀ ਆਕਸੀਜਨ ਸਿਲੰਡਰ ਨਾਲ ਇੱਕ ਵਿਸ਼ੇਸ਼ ਕਿਸਮ ਦਾ ਸੂਟ ਪਹਿਨ ਕੇ ਸਮੁੰਦਰ ਦੀ ਡੂੰਘਾਈ ਵਿੱਚ ਡੁੱਬਕੀ ਲਾਉਂਦਾ ਹੈ।
ਇਸ ਤੋਂ ਪਹਿਲਾਂ ਪੀਐਮ ਮੋਦੀ ਨੇ ਇੱਥੇ ਬੇਅਟ ਦਵਾਰਕਾ ਮੰਦਿਰ ਵਿੱਚ ਪ੍ਰਾਰਥਨਾ ਨਾਲ ਦਿਨ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਓਖਾ ਨੂੰ ਬੇਅਟ ਦਵਾਰਕਾ ਟਾਪੂ ਨਾਲ ਜੋੜਨ ਵਾਲੇ ‘ਸੁਦਰਸ਼ਨ ਸੇਤੂ’ ਦਾ ਉਦਘਾਟਨ ਕੀਤਾ। ਕਰੀਬ 980 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਇਹ 2.32 ਕਿਲੋਮੀਟਰ ਲੰਬਾ ਕੇਬਲ ਬ੍ਰਿਜ ਦੇਸ਼ ਦਾ ਸਭ ਤੋਂ ਵੱਡਾ ਕੇਬਲ ਬ੍ਰਿਜ ਹੈ।
ਇਹ ਵੀ ਪੜ੍ਹੋ : ‘ਪ੍ਰਿਤਪਾਲ ਸਿੰਘ ਨੂੰ ਕੁੱਟਣ ਵਾਲੇ ਦੋਸ਼ੀ ਪੁਲਿਸ ਵਾਲਿਆਂ ‘ਤੇ ਹੋਵੇ ਸਖ਼ਤ ਕਾਰਵਾਈ’- ਕੈਪਟਨ ਦੀ CM ਖੱਟੜ ਨੂੰ ਅਪੀਲ
ਇਸ ਪੁਲ ਵਿਚ ਸਨਾਤਨ ਧਰਮ ਦੀ ਝਲਕ ਦਿਖਾਈ ਦਿੰਦੀ ਹੈ, ਜਿਸ ਦੇ ਦੋਵੇਂ ਪਾਸੇ ਸ਼੍ਰੀਮਦ ਭਗਵਦ ਗੀਤਾ ਦੇ ਸ਼ਲੋਕ ਅਤੇ ਭਗਵਾਨ ਕ੍ਰਿਸ਼ਨ ਦੀਆਂ ਤਸਵੀਰਾਂ ਨਾਲ ਸਜਿਆ ਰਸਤਾ ਹੈ। ਇੱਕ ਅਧਿਕਾਰਤ ਰੀਲੀਜ਼ ਮੁਤਾਬਕ ਪੁਲ ਦੇ ਵਿਚਕਾਰ ਇੱਕ 900 ਮੀਟਰ ਲੰਬਾ ਕੇਬਲ ਆਧਾਰਤ ਹਿੱਸਾ ਹੈ ਅਤੇ ਪੁਲ ਤੱਕ ਪਹੁੰਚਣ ਲਈ 2.45 ਕਿਲੋਮੀਟਰ ਲੰਬਾ ਸੜਕ ਮਾਰਗ ਹੈ।
ਇਸ ਪੁਲ ਨੂੰ ਪਹਿਲਾਂ ‘ਸਿਗਨੇਚਰ ਬ੍ਰਿਜ’ ਵਜੋਂ ਜਾਣਿਆ ਜਾਂਦਾ ਸੀ। ਹਾਲਾਂਕਿ ਬਾਅਦ ‘ਚ ਇਸ ਦਾ ਨਾਂ ਬਦਲ ਕੇ ‘ਸੁਦਰਸ਼ਨ ਸੇਤੂ’ ਕਰ ਦਿੱਤਾ ਗਿਆ ਹੈ। ਇਸ ਫੋਰ ਲੇਨ ਵਾਲੇ 27.20 ਮੀਟਰ ਚੌੜੇ ਪੁਲ ਦੇ ਦੋਵੇਂ ਪਾਸੇ 2.50 ਮੀਟਰ ਚੌੜੇ ਫੁੱਟਪਾਥ ਹਨ।