ਖੰਨਾ ਵਿਚ ਇੱਕ 13 ਸਾਲਾਂ ਬੱਚੀ ਨੂੰ ਸੱਪ ਦੇ ਡੰਗਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨਾਲ ਉਸ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਬੱਚੀ ਨੂੰ ਸਵੇਰੇ ਸੁੱਤੀ ਪਈ ਨੂੰ ਸੱਪ ਨੇ ਡੰਗ ਮਾਰਿਆ ਸੀ ਪਰ ਉਸ ਬਾਰੇ ਪਰਿਵਾਰ ਨੂੰ ਪਤਾ ਨਹੀਂ ਲੱਗਾ। ਜਦੋਂ ਬੱਚੀ ਉਠੀ ਤਾਂ ਉਸ ਦੀ ਤਬੀਅਤ ਵਿਗੜਣੀ ਸ਼ੁਰੂ ਹੋ ਗਈ।
ਦੱਸਿਆ ਜਾ ਰਿਹਾ ਹੈ ਕਿ ਡੰਗ ਮਾਰੇ ਬੱਚੀ ਨੂੰ ਕਾਫੀ ਸਮਾਂ ਹੋ ਚੁੱਕਾ ਸੀ, ਜਿਸ ਕਰਕੇ ਜ਼ਹਿਰ ਉਸ ਦੇ ਦਿਮਾਗ ਤੱਕ ਚੜ੍ਹ ਗਿਆ, ਜਿਸ ਕਰਕੇ ਬੱਚੀ ਬੇਸੁੱਧ ਹੋ ਗਈ। ਮਾਪਿਆਂ ਨੂੰ ਨਹੀਂ ਪਤਾ ਸੀ ਕਿ ਬੱਚੀ ਨੂੰ ਕੀ ਹੋ ਰਿਹਾ ਹੈ, ਉਹ ਬੱਚੀ ਨੂੰ ਲੈ ਕੇ ਹਸਪਤਾਲ ਪਹੁੰਚੇ ਜਿਥੇ ਉਸ ਨੇ ਦਮ ਤੋੜ ਦਿੱਤਾ। ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ।

ਬੱਚੀ ਦੇ ਪਿਤਾ ਅਰਮਾਨ ਨੇ ਦੱਸਿਆ ਕਿ ਉਨ੍ਹਾਂ ਦੀ 13 ਸਾਲਾਂ ਬੱਚੀ ਨਿਕਿਤਾ ਨੂੰ ਸਵੇਰੇ 4 ਕੁ ਵਜੇ ਸੱਪ ਨੇ ਡੰਗਿਆ। ਸਾਨੂੰ ਸਵੇਰੇ ਉਠ ਕੇ ਪਤਾ ਲੱਗਾ। ਜਦੋਂ ਬੱਚੀ ਉਠੀ ਤਾਂ ਉਸ ਨੇ ਕਿਹਾ ਕਿ ਮੇਰਾ ਪੇਟ ਦਰਦ ਹੋ ਰਿਹਾ ਹੈ ਤਾਂ ਅਸੀਂ ਉਸ ਨੂੰ ਹਸਪਤਾਲ ਲੈ ਕੇ ਆਏ ਤਾਂ ਬੱਚੀ ਨੇ ਦਮ ਤੋੜ ਦਿੱਤਾ। ਪਰਿਵਾਰ ਨੇ ਦੱਸਿਆ ਕਿ ਸਵੇਰੇ ਬੱਚੀ ਦੀ ਮਾਂ 4 ਕੁ ਵਜੇ ਬਾਥਰੂਮ ਜਾਣ ਲਈ ਉਠੀ ਸੀ ਤਾਂ ਉਸ ਨੇ ਵੇਖਿਆ ਸੀ ਕਿ ਵਿਹੜੇ ਵਿਚ ਸੱਪ ਘੁੰਮ ਰਿਹਾ ਸੀ ਤਾਂ ਬੱਚੀ ਦਾ ਪਿਤਾ ਵੀ ਉਠ ਗਿਆ ਤੇ ਪਰਿਵਾਰ ਨੂੰ ਭਾਜੜਾਂ ਪੈ ਗਈਆਂ। ਪਰ ਉਸ ਵੇਲੇ ਪਰਿਵਾਰ ਨੂੰ ਇਹ ਪਤਾ ਨਹੀਂ ਲੱਗਾ ਸੀ ਕਿ ਬੱਚੀ ਨੂੰ ਸੱਪ ਡੰਗ ਚੁੱਕਾ ਹੈ।
ਪਰਿਵਾਰ ਨੇ ਦੱਸਿਆ ਕਿ ਬੱਚੀ ਨੇ ਉਠਦਿਆਂ ਹੀ ਪੇਟ ਦਰਦ ਦੀ ਸ਼ਿਕਾਇਤ ਕੀਤੀ ਤੇ ਉਸ ਨੂੰ ਉਲਟੀਆਂ ਆ ਰਹੀਆਂ ਸਨ। ਜਦੋਂ ਬੱਚੀ ਨੂੰ ਡਾਕਟਰ ਕੋਲ ਵਿਖਾਉਣ ਤੋਂ ਪਹਿਲਾਂ ਜਦੋਂ ਨਵਾਉਣ ਲੱਗੇ ਤਾਂ ਉਸ ਵੇਲੇ ਸੱਪ ਦੇ ਡੰਗੇ ਦੇ ਨਿਸ਼ਾਨ ਵੇਖੇ। ਉਨ੍ਹਾਂ ਦੱਸਿਆ ਕਿ ਉਹ ਜ਼ਮੀਨ ‘ਤੇ ਬਿਸਤਰਾ ਵਿਛਾ ਕੇ ਸੁੱਤੇ ਹੋਏ ਸਨ। ਉਸ ਵੇਲੇ ਹੀ ਬੱਚੀ ਨੂੰ ਸੱਪ ਡੰਗ ਗਿਆ। ਬੱਚੀ 6ਵੀਂ ਕਲਾਸ ਵਿਚ ਪੜ੍ਹਦੀ ਸੀ।
ਵੀਡੀਓ ਲਈ ਕਲਿੱਕ ਕਰੋ -:
























