ਭਾਰਤੀ ਮੂਲ ਦੇ 16 ਸਾਲਾ ਵਿਦਿਆਰਥੀ ਕਰਨਵੀਰ ਸਿੰਘ ਸਹੋਤਾ ਦਾ ਕੈਨੇਡਾ ਦੇ ਐਡਮੰਟਨ ਵਿੱਚ ਵਿਦਿਆਰਥੀਆਂ ਦੇ ਇੱਕ ਸਮੂਹ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਹਮਲੇ ਤੋਂ ਬਾਅਦ ਕਰਨਵੀਰ ਨੂੰ ਇੱਕ ਹਫ਼ਤੇ ਤੱਕ ਐਡਮੰਟਨ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਭਾਰਤੀ ਸਮੇਂ ਮੁਤਾਬਕ ਸ਼ਨੀਵਾਰ ਰਾਤ 9 ਵਜੇ ਉਸ ਦੀ ਮੌਤ ਹੋ ਗਈ।
ਮ੍ਰਿਤਕ ਕਰਨਵੀਰ ਦੇ ਪਿਤਾ ਸਤਨਾਮ ਸਿੰਘ ਸਹੋਤਾ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਬੱਸੀਆਂ ਦੇ ਰਹਿਣ ਵਾਲੇ ਹਨ। ਸਹੋਤਾ ਪਰਿਵਾਰ 18 ਸਾਲ ਪਹਿਲਾਂ ਕੈਨੇਡਾ ਜਾ ਕੇ ਵਸਿਆ ਸੀ। ਬੱਸੀਆਂ ਵਿੱਚ ਵਾਪਰੀ ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੂਰਾ ਪਿੰਡ ਸੋਗ ਵਿੱਚ ਡੁੱਬ ਗਿਆ ਹੈ। ਕਰਨਵੀਰ ਦੇ ਦਾਦਾ ਭਾਗ ਸਿੰਘ ਅਤੇ ਦਾਦੀ ਜਸਵਿੰਦਰ ਕੌਰ ਪਿੰਡ ਬੱਸੀਆਂ ਵਿੱਚ ਰਹਿੰਦੇ ਹਨ।
ਭਾਗ ਸਿੰਘ ਅਤੇ ਜਸਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪੋਤੇ ਕਰਨਵੀਰ ‘ਤੇ ਪਿਛਲੇ ਹਫ਼ਤੇ ਸਕੂਲ ਵਿੱਚ ਹੀ ਵਿਦਿਆਰਥੀਆਂ ਦੇ ਇੱਕ ਸਮੂਹ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਸੀ। ਇਹ ਹਮਲਾ ਪਛਾਣ ਨਾ ਹੋਣ ਕਾਰਨ ਕੀਤਾ ਗਿਆ। ਅਸਲ ‘ਚ ਹਮਲਾਵਰ ਕਿਸੇ ਹੋਰ ਵਿਦਿਆਰਥੀ ਨੂੰ ਮਾਰਨ ਲਈ ਆਏ ਸਨ, ਜਿਸ ਦੀ ਦਿੱਖ ਉਨ੍ਹਾਂ ਦੇ ਪੋਤੇ ਕਰਨਵੀਰ ਨਾਲ ਮਿਲਦੀ-ਜੁਲਦੀ ਸੀ। ਹਮਲਾਵਰ ਭਾਰਤੀ ਮੂਲ ਦੇ ਹੀ 7 ਵਿਦਿਆਰਥੀ ਸਨ। ਜਿਨ੍ਹਾਂ ਨੂੰ ਕੈਨੇਡੀਅਨ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਪਰ ਉਨ੍ਹਾਂ ਦੀ ਪਛਾਣ ਜ਼ਾਹਰ ਨਹੀਂ ਕੀਤੀ ਗਈ ਹੈ।
ਮੁਲਜ਼ਮ ਵਿਦਿਆਰਥੀਆਂ ਨੇ ਪੁਲੀਸ ਨੂੰ ਦਿੱਤੇ ਆਪਣੇ ਬਿਆਨ ਵਿੱਚ ਮੰਨਿਆ ਹੈ ਕਿ ਉਨ੍ਹਾਂ ਦਾ ਕਰਨਵੀਰ ਨਾਲ ਕੋਈ ਝਗੜਾ ਨਹੀਂ ਸੀ। ਪਛਾਣ ਨਾ ਹੋਣ ਕਾਰਨ ਕਰਨਵੀਰ ਨਿਸ਼ਾਨਾ ਬਣ ਗਿਆ ਜਦੋਂਕਿ ਉਹ ਕਿਸੇ ਹੋਰ ਵਿਦਿਆਰਥੀ ਨੂੰ ਮਾਰਨ ਲਈ ਆਏ ਸਨ। ਦਾਦਾ ਭਾਗ ਸਿੰਘ ਅਤੇ ਦਾਦੀ ਜਸਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪੋਤਰੇ ਕਰਨਵੀਰ ਦਾ ਜਨਮ ਕੈਨੇਡਾ ਵਿੱਚ ਹੀ ਹੋਇਆ ਹੈ। ਕਰਨਵੀਰ ਪੜ੍ਹਾਈ ਅਤੇ ਖੇਡਾਂ ਦੇ ਖੇਤਰ ਵਿੱਚ ਬਹੁਤ ਅੱਗੇ ਸੀ। ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਕਰਨਵੀਰ ਬਹੁਤ ਹੀ ਸ਼ਾਂਤ ਸੁਭਾਅ ਦਾ ਸੀ। ਇਸ ਘਟਨਾ ਨੂੰ ਲੈ ਕੇ ਕੈਨੇਡਾ ਦੇ ਪੰਜਾਬੀ ਭਾਈਚਾਰੇ ਵਿਚ ਵੀ ਭਾਰੀ ਰੋਸ ਪਾਇਆ ਜਾ ਰਿਹਾ ਹੈ।
p>ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”