ਬਸੰਤ ਪੰਚਮੀ ਵਾਲੇ ਦਿਨ ਖੰਨਾ ਵਿੱਚ ਸਾਰਾ ਦਿਨ ਪੈਂਦੀ ਬਾਰਿਸ਼ ਕਰਕੇ ਹਾਲਾਂਕਿ ਪਤੰਗਬਾਜੀ ਲਗਭਗ ਨਾ ਦੇ ਬਰਾਬਰ ਰਹੀ, ਇਸ ਦੇ ਬਾਵਜੂਦ ਚਾਈਨਾ ਡੋਰ ਕਰਕੇ ਇੱਕ ਹੋਰ ਵੱਡਾ ਹਾਦਸਾ ਵਾਪਰਿਆ। ਲਲਹੇੜੀ ਰੋਡ ‘ਤੇ ਚਾਈਨਾ ਡੋਰ ਦੀ ਲਪੇਟ ਵਿਚ ਆਉਣ ਨਾਲ 50 ਸਾਲਾ ਬੰਦਾ ਗੰਭੀਰ ਜ਼ਖਮੀ ਹੋ ਗਿਆ। ਇਸ ਹਾਦਸੇ ਤੋਂ ਬਾਅਦ ਇਲਾਕੇ ਵਿੱਚ ਡਰ ਫੈਲ ਗਿਆ ਹੈ ਅਤੇ ਲੋਕਾਂ ਨੇ ਪ੍ਰਸ਼ਾਸਨ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਰਿਪੋਰਟਾਂ ਮੁਤਾਬਕ ਖੰਨਾ ਦੀ ਜਗਤ ਕਾਲੋਨੀ ਦੀ ਗਲੀ ਨੰਬਰ 2 ਦਾ ਰਹਿਣ ਵਾਲਾ ਸਤਨਾਮ ਸਿੰਘ ਜ਼ਰੂਰੀ ਘਰ ਦ ਸਮਾਨ ਖਰੀਦਣ ਲਈ ਬਾਹਰ ਗਿਆ ਸੀ। ਸੜਕ ‘ਤੇ ਹਵਾ ‘ਚ ਤੈਰਦੀ ਆਈ ਇੱਕ ਚਾਈਨਾ ਡੋਰ ਅਚਾਨਕ ਉਸਦੀ ਗਰਦਨ ਵਿੱਚ ਫਸ ਗਈ। ਡੋਰ ਨੇ ਉਸਦੇ ਬੁੱਲ੍ਹ ਨੂੰ ਬੁਰੀ ਤਰ੍ਹਾਂ ਕੱਟ ਦਿੱਤਾ ਅਤੇ ਉਹ ਡਿੱਗ ਪਿਆ। ਇਸ ਦੌਰਾਨ ਬਹੁਤ ਜ਼ਿਆਦਾ ਖੂਨ ਵਗਿਆ। ਰਾਹਗੀਰਾਂ ਨੇ ਉਸ ਨੂੰ ਤੁਰੰਤ ਖੰਨਾ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਸਨੂੰ ਪਲਾਸਟਿਕ ਸਰਜਰੀ ਲਈ ਇੱਕ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ।

ਜ਼ਖਮੀ ਵਿਅਕਤੀ ਦੀ ਭੈਣ ਜਸਵੀਰ ਕੌਰ ਨੇ ਕਿਹਾ ਕਿ ਉਹ ਆਮ ਤੌਰ ‘ਤੇ ਬਸੰਤ ਪੰਚਮੀ ਵਾਲੇ ਦਿਨ ਆਪਣੇ ਭਰਾ ਨੂੰ ਘਰ ਤੋਂ ਬਾਹਰ ਨਹੀਂ ਜਾਣ ਦਿੰਦੀ ਕਿਉਂਕਿ ਉਸਨੂੰ ਚਾਈਨਾ ਡੋਰ ਨਾਲ ਹਾਦਸੇ ਦਾ ਡਰ ਹੁੰਦਾ ਹੈ। ਉਸ ਨੇ ਕਿਹਾ ਕਿ ਕਿਉਂਕਿ ਅੱਜ ਮੀਂਹ ਪੈ ਰਿਹਾ ਸੀ, ਉਸ ਨੇ ਸੋਚਿਆ ਕਿ ਪਤੰਗਬਾਜ਼ੀ ਕਿਤੇ ਵੀ ਨਹੀਂ ਹੋਵੇਗੀ, ਇਸ ਲਈ ਉਸ ਨੇ ਸਤਨਾਮ ਸਿੰਘ ਨੂੰ ਸਾਮਾਨ ਲੈਣ ਲਈ ਬਾਹਰ ਭੇਜਿਆ। ਉਸ ਨੂੰ ਇਹ ਨਹੀਂ ਪਤਾ ਸੀ ਕਿ ਮੀਂਹ ਦੇ ਬਾਵਜੂਦ ਪਤੰਗਾਂ ਉਡਾਈਆਂ ਜਾ ਰਹੀਆਂ ਸਨ।
ਇਹ ਵੀ ਪੜ੍ਹੋ : ਬਸੰਤ ਪੰਚਮੀ ‘ਤੇ ਪਤੰਗ ਲੁੱਟਣਾ ਪਿਆ ਮਹਿੰਗਾ! 10 ਫੁੱਟ ਡੂੰਘੇ ਟੋਏ ‘ਚ ਡਿੱਗਣ ਨਾਲ 9 ਸਾਲਾਂ ਬੱਚੇ ਦੀ ਮੌਤ
ਦੱਸ ਦੇਈਏ ਕਿ ਇਹ ਪਹਿਲੀ ਘਟਨਾ ਨਹੀਂ ਹੈ। ਤਿੰਨ ਦਿਨ ਪਹਿਲਾਂ, ਰਵੀਕਾਂਤ ਨਾਮ ਦਾ ਇੱਕ ਨੌਜਵਾਨ ਖੰਨਾ ਵਿੱਚ ਚਾਈਨਾ ਡੋਰ ਦੀ ਲਪੇਟ ਵਿਚ ਆ ਗਿਆ ਸੀ। ਡੋਰ ਨੇ ਪਹਿਲਾਂ ਉਸਦੀ ਜੈਕੇਟ ਅਤੇ ਕਮੀਜ਼ ਨੂੰ ਕੱਟ ਦਿੱਤਾ ਅਤੇ ਫਿਰ ਉਸ ਦੀ ਬਾਂਹ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਨੌਜਵਾਨ ਦੀ ਬਾਂਹ ‘ਤੇ ਲਗਭਗ 30 ਟਾਂਕੇ ਲੱਗੇ। ਇਹਨਾਂ ਵਾਰ-ਵਾਰ ਵਾਪਰ ਰਹੀਆਂ ਘਟਨਾਵਾਂ ਕਰਕੇ ਲੋਕਾਂ ਵਿਚ ਰੋਸ ਹੈ। ਸਥਾਨਕ ਨਿਵਾਸੀਆਂ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਭਵਿੱਖ ਵਿੱਚ ਅਜਿਹੇ ਖਤਰਨਾਕ ਹਾਦਸਿਆਂ ਨੂੰ ਰੋਕਣ ਲਈ ਚਾਈਨਾ ਡੋਰ ਦੀ ਵਿਕਰੀ ਅਤੇ ਵਰਤੋਂ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾਏ।
ਵੀਡੀਓ ਲਈ ਕਲਿੱਕ ਕਰੋ -:
























