ਅਟਾਰੀ–ਵਾਘਾ ਸਰਹੱਦ ’ਤੇ ਸ਼ਨੀਵਾਰ ਨੂੰ ਉਸ ਵੇਲੇ ਭਾਵੁਕ ਤੇ ਸੁਖਦਾਈ ਮਾਹੌਲ ਦੇਖਣ ਨੂੰ ਮਿਲਿਆ, ਜਦੋਂ ਪਾਕਿਸਤਾਨ ਤੋਂ ਰਿਹਾਅ ਹੋ ਕੇ ਸੱਤ ਭਾਰਤੀ ਨਾਗਰਿਕ ਆਪਣੇ ਵਤਨ ਭਾਰਤ ਵਾਪਸ ਪਰਤੇ। ਲੰਬੇ ਸਮੇਂ ਬਾਅਦ ਆਪਣੇ ਅਜ਼ੀਜ਼ਾਂ ਨੂੰ ਸੁਰੱਖਿਅਤ ਵਾਪਸ ਦੇਖ ਕੇ ਪਰਿਵਾਰਕ ਮੈਂਬਰਾਂ ਦੀਆਂ ਅੱਖਾਂ ਖੁਸ਼ੀ ਨਾਲ ਭਰ ਆਈਆਂ। ਇਨ੍ਹਾਂ ਨਾਗਰਿਕਾਂ ਨੂੰ ਲੈਣ ਲਈ ਉਨ੍ਹਾਂ ਦੇ ਪਰਿਜਨ ਵੱਡੀ ਗਿਣਤੀ ਵਿੱਚ ਸਰਹੱਦ ’ਤੇ ਮੌਜੂਦ ਸਨ। ਸਾਲਾਂ ਦੀ ਬੇਚੈਨੀ ਅਤੇ ਉਡੀਕ ਤੋਂ ਬਾਅਦ ਜਿਵੇਂ ਹੀ ਇਹ ਨਾਗਰਿਕ ਭਾਰਤੀ ਸਰਹੱਦ ਵਿੱਚ ਦਾਖਲ ਹੋਏ ਸਾਰੇ ਮਾਹੌਲ ਵਿੱਚ ਖੁਸ਼ੀ ਤੇ ਸੁਕੂਨ ਦੀ ਲਹਿਰ ਦੌੜ ਗਈ।
ਜਾਣਕਾਰੀ ਮੁਤਾਬਕ ਰਿਹਾਅ ਕੀਤੇ ਗਏ ਸੱਤ ਭਾਰਤੀ ਨਾਗਰਿਕਾਂ ਵਿੱਚ ਚਾਰ ਫਿਰੋਜ਼ਪੁਰ ਜ਼ਿਲ੍ਹੇ ਦੇ ਇੱਕ ਜਲੰਧਰ, ਇੱਕ ਲੁਧਿਆਣਾ ਅਤੇ ਇੱਕ ਉੱਤਰ ਪ੍ਰਦੇਸ਼ ਦਾ ਵਸਨੀਕ ਹੈ। ਇਨ੍ਹਾਂ ਵਿੱਚ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਪਰਜਿਆਂ ਬਿਹਾਰੀਪੁਰ ਦੇ ਦੋ ਨੌਜਵਾਨ ਰਤਨਪਾਲ ਸਿੰਘ ਅਤੇ ਹਰਿੰਦਰ ਸਿੰਘ ਵੀ ਸ਼ਾਮਲ ਹਨ, ਜੋ ਕਰੀਬ ਢਾਈ ਸਾਲ ਬਾਅਦ ਆਪਣੇ ਘਰ ਵਾਪਸ ਆਏ ਹਨ। ਦੋਵੇਂ ਨੌਜਵਾਨ ਵਿਆਹੇ ਹੋਏ ਹਨ ਅਤੇ ਦਿਹਾੜੀ ਮਜ਼ਦੂਰੀ ਤੇ ਖੇਤੀਬਾੜੀ ਕਰਕੇ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕਰਦੇ ਸਨ। ਇਸ ਮੌਕੇ ਉਨ੍ਹਾਂ ਦੇ ਬੱਚੇ ਵੀ ਸਰਹੱਦ ’ਤੇ ਮੌਜੂਦ ਸਨ, ਜੋ ਆਪਣੇ ਪਿਤਾ ਨੂੰ ਮੁੜ ਦੇਖ ਕੇ ਭਾਵੁਕ ਹੋ ਗਏ।

ਪ੍ਰੋਟੋਕੋਲ ਅਧਿਕਾਰੀ ਅਰੁਣ ਮਾਹਲ ਨੇ ਦੱਸਿਆ ਕਿ ਸਾਲ 2023 ਵਿੱਚ ਆਈ ਭਿਆਨਕ ਬਾੜ ਦੌਰਾਨ ਇਹ ਸਾਰੇ ਨਾਗਰਿਕ ਆਪਣੇ ਰਿਸ਼ਤੇਦਾਰਾਂ, ਜ਼ਮੀਨ ਅਤੇ ਪਸ਼ੂ-ਧਨ ਨੂੰ ਬਚਾਉਣ ਲਈ ਸਰਹੱਦੀ ਇਲਾਕਿਆਂ ਵੱਲ ਗਏ ਸਨ। ਇਸ ਦੌਰਾਨ ਪਾਣੀ ਦੇ ਤੇਜ਼ ਵਹਾਅ ਵਿੱਚ ਬਹਿ ਕੇ ਉਹ ਅਣਜਾਣੇ ਵਿੱਚ ਸਰਹੱਦ ਪਾਰ ਕਰ ਪਾਕਿਸਤਾਨ ਪਹੁੰਚ ਗਏ। ਬਾਅਦ ਵਿੱਚ ਪਾਕਿਸਤਾਨ ਰੇਂਜਰਜ਼ ਵੱਲੋਂ ਭਾਰਤੀ ਬੀਐਸਐਫ ਨਾਲ ਸੰਪਰਕ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਗਈ। ਇਸ ਤੋਂ ਬਾਅਦ ਪਾਕਿਸਤਾਨੀ ਕਾਨੂੰਨੀ ਪ੍ਰਕਿਰਿਆ ਤਹਿਤ ਉਨ੍ਹਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਅਤੇ ਸਜ਼ਾ ਸੁਣਾਈ ਗਈ।
ਰਿਹਾਅ ਹੋ ਕੇ ਵਾਪਸ ਆਏ ਨਾਗਰਿਕਾਂ ਨੇ ਮੀਡੀਆ ਨੂੰ ਦੱਸਿਆ ਕਿ ਪਾਕਿਸਤਾਨ ਦੀ ਅਦਾਲਤ ਨੇ ਉਨ੍ਹਾਂ ਨੂੰ ਇੱਕ ਸਾਲ ਦੀ ਸਜ਼ਾ ਸੁਣਾਈ ਸੀ, ਪਰ ਉਨ੍ਹਾਂ ਨੂੰ ਕਰੀਬ ਢਾਈ ਸਾਲ ਜੇਲ੍ਹ ਵਿੱਚ ਬਿਤਾਉਣੇ ਪਏ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਜੇਲ੍ਹ ਭੇਜਣ ਤੋਂ ਪਹਿਲਾਂ ਉਨ੍ਹਾਂ ਨਾਲ ਮਾਰਪੀਟ ਵੀ ਕੀਤੀ ਗਈ। ਲਾਹੌਰ ਦੀ ਕੋਟ ਲਖਪਤ ਜੇਲ੍ਹ ਵਿੱਚ ਹੋਰ ਭਾਰਤੀ ਕੈਦੀ ਵੀ ਬੰਦ ਸਨ ਅਤੇ ਬਹੁਤ ਮੁਸ਼ਕਲ ਹਾਲਾਤਾਂ ਵਿੱਚ ਦਿਨ ਕਟਾਉਣੇ ਪਏ। ਕਾਫ਼ੀ ਸਮੇਂ ਤੱਕ ਉਨ੍ਹਾਂ ਨੂੰ ਬੈਰਕਾਂ ਵਿੱਚ ਰੱਖਿਆ ਗਿਆ ਅਤੇ ਸੀਮਿਤ ਸਹੂਲਤਾਂ ਦਿੱਤੀਆਂ ਗਈਆਂ।
ਰਿਹਾਈ ਮਗਰੋਂ ਪਾਕਿਸਤਾਨ ਰੇਂਜਰਜ਼ ਨੇ ਸਾਰੇ ਨਾਗਰਿਕਾਂ ਨੂੰ ਅਟਾਰੀ-ਵਾਘਾ ਸਰਹੱਦ ’ਤੇ ਬੀਐਸਐਫ ਦੇ ਹਵਾਲੇ ਕਰ ਦਿੱਤਾ। ਇਸ ਉਪਰੰਤ ਭਾਰਤੀ ਪੱਖ ਵੱਲੋਂ ਕਸਟਮ ਅਤੇ ਇਮੀਗ੍ਰੇਸ਼ਨ ਦੀ ਪੂਰੀ ਪ੍ਰਕਿਰਿਆ ਕਾਨੂੰਨੀ ਤੌਰ ’ਤੇ ਪੂਰੀ ਕੀਤੀ ਗਈ। ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਨਿਰਦੇਸ਼ਾਂ ਮੁਤਾਬਕ ਨਾਇਬ ਤਹਿਸੀਲਦਾਰ ਦੀ ਡਿਊਟੀ ਲਗਾਈ ਗਈ। ਸਾਰੇ ਨਾਗਰਿਕਾਂ ਨੂੰ ਐਂਬੂਲੈਂਸ ਰਾਹੀਂ ਗੁਰੂ ਨਾਨਕ ਦੇਵ ਹਸਪਤਾਲ, ਅੰਮ੍ਰਿਤਸਰ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਮੈਡੀਕਲ ਚੈਕਅੱਪ ਕਰਵਾਇਆ ਗਿਆ। ਇਸ ਦੌਰਾਨ ਪਾਇਲਟ ਗੱਡੀ ਸਮੇਤ ਕੜੀ ਸੁਰੱਖਿਆ ਵਿਵਸਥਾ ਕੀਤੀ ਗਈ ਸੀ।
ਇਹ ਵੀ ਪੜ੍ਹੋ : ਬਜਟ ਵਾਲੇ ਦਿਨ ਮਹਿੰਗਾਈ ਦਾ ਝ.ਟ.ਕਾ! LPG ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਹੋਇਆ ਵਾਧਾ
ਇਸ ਮੌਕੇ ਪਰਿਜਨਾਂ ਅਤੇ ਪਿੰਡ ਦੇ ਸਰਪੰਚ ਵੱਲੋਂ ਕੇਂਦਰ ਅਤੇ ਰਾਜ ਸਰਕਾਰ ਪ੍ਰਸ਼ਾਸਨ ਅਤੇ ਬੀਐਸਐਫ ਦਾ ਧੰਨਵਾਦ ਕੀਤਾ ਗਿਆ। ਰਿਹਾਅ ਹੋਏ ਨਾਗਰਿਕਾਂ ਨੇ ਵੀ ਭਾਰਤ ਸਰਕਾਰ ਦਾ ਸ਼ੁਕਰੀਆ ਅਦਾ ਕਰਦੇ ਹੋਏ ਕਿਹਾ ਕਿ ਸਰਕਾਰੀ ਕੋਸ਼ਿਸ਼ਾਂ ਸਦਕਾ ਹੀ ਅੱਜ ਉਹ ਸੁਰੱਖਿਅਤ ਆਪਣੇ ਵਤਨ ਵਾਪਸ ਆ ਸਕੇ ਹਨ।
ਵੀਡੀਓ ਲਈ ਕਲਿੱਕ ਕਰੋ -:
























