ਭਾਰਤੀ ਹਵਾਈ ਰੱਖਿਆ ਦੇ ਡਾਇਰੈਕਟਰ ਜਨਰਲ ਲੈਫਟੀਨੈਂਟ ਜਨਰਲ ਸੁਮੇਰ ਇਵਾਨ ਡੀ’ਕੁੰਹਾ ਦੇ ਸ੍ਰੀ ਹਰਿਮੰਦਰ ਸਾਹਿਬ ਵਿੱਚ ਇੰਡੀਅਨ ਏਅਰ ਡਿਫੈਂਸ ਤਾਇਨਾਤ ਕਰਨ ਦੀ ਇਜਾਜ਼ਤ ਦੇਣ ਸੰਬੰਧੀ ਬਿਆਨ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰੱਦ ਕੀਤਾ।
SGPC ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਵਧੀਕ ਹੈੱਡ ਗ੍ਰੰਥੀ ਅਮਰਜੀਤ ਸਿੰਘ ਨੇ ਵੀ ਲੈਫਟੀਨੈਂਟ ਜਨਰਲ ਦੇ ਬਿਆਨ ਨੂੰ ਹੈਰਾਨ ਕਰਨ ਵਾਲਾ ਅਤੇ ਝੂਠਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਜਿਹੀ ਕੋਈ ਇਜਾਜ਼ਤ ਨਹੀਂ ਦਿੱਤੀ ਗਈ ਸੀ, ਨਾ ਹੀ ਕੋਈ ਫੌਜੀ ਅਧਿਕਾਰੀ ਸੰਪਰਕ ਵਿੱਚ ਆਇਆ ਸੀ। ਉਨ੍ਹਾਂ ਨੇ ਇਸ ਝੂਠੇ ਬਿਆਨ ‘ਤੇ ਕੇਂਦਰ ਸਰਕਾਰ ਤੋਂ ਸਪੱਸ਼ਟੀਕਰਨ ਦੀ ਮੰਗ ਕੀਤੀ ਹੈ, ਜਿਸ ਮਗਰੋਂ ਇਸ ਮਾਮਲੇ ਵਿਚ ਭਾਰਤੀ ਫੌਜ ਦਾ ਬਿਆਨ ਵੀ ਸਾਹਮਣੇ ਆਇਆ ਹੈ।

ਸ਼੍ਰੋਮਣੀ ਕਮੇਟੀ ਨੇ ਇਸ ਗੱਲ ਤੋਂ ਵੀ ਇਨਕਾਰ ਕੀਤਾ ਹੈ ਕਿ ਪਾਕਿਸਤਾਨੀ ਫੌਜ ਵੱਲੋਂ ਹਰਿਮੰਦਰ ਸਾਹਿਬ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ। ਸ਼੍ਰੋਮਣੀ ਕਮੇਟੀ ਦੇ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਕਿਹਾ ਕਿ ਫੌਜ ਭਾਵੇਂ ਪਾਕਿਸਤਾਨ ਦੀ ਹੋਵੇ ਜਾਂ ਭਾਰਤ ਦੀ, ਕੋਈ ਵੀ ਹਰਿਮੰਦਰ ਸਾਹਿਬ ਨੂੰ ਨਿਸ਼ਾਨਾ ਬਣਾਉਣ ਬਾਰੇ ਸੋਚ ਵੀ ਨਹੀਂ ਸਕਦਾ।
ਫੌਜ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ (ਗੋਲਡਨ ਟੈਂਪਲ) ਦੇ ਅਹਾਤੇ ਵਿੱਚ ਕੋਈ ਏਅਰ ਡਿਫੈਂਸ ਗਨ ਤਾਇਨਾਤ ਨਹੀਂ ਕੀਤੀਆਂ ਗਈਆਂ ਸਨ। ਹਾਲ ਹੀ ਵਿੱਚ ਕੁਝ ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਗੋਲਡਨ ਟੈਂਪਲ ਮੈਨੇਜਮੈਂਟ ਨੇ ਪਾਕਿਸਤਾਨ ਤੋਂ ਡਰੋਨ ਅਤੇ ਮਿਜ਼ਾਈਲ ਖਤਰਿਆਂ ਨਾਲ ਨਜਿੱਠਣ ਲਈ ਫੌਜ ਨੂੰ ਗੋਲਡ ਟੈਂਪਲ ਮੈਨੇਜਮੈਂਟ ਨੇ ਉਥੇ ਏਅਰ ਡਿਫੈਂਸ ਗਨ ਤਾਇਨਾਤ ਕਰਨ ਦੀ ਇਜਾਜ਼ਤ ਦਿੱਤੀ ਹੈ।

ਦੱਸ ਦੇਈਏ ਕਿ ਇੱਕ ਇੰਟਰਵਿਊ ਵਿੱਚ ਡਾਇਰੈਕਟਰ ਜਨਰਲ ਲੈਫਟੀਨੈਂਟ ਜਨਰਲ ਸੁਮੇਰ ਇਵਾਨ ਡੀ’ਕੁੰਹਾ ਨੇ ਕਿਹਾ ਸੀ ਕਿ ਜਦੋਂ ਹਰਿਮੰਦਰ ਸਾਹਿਬ ਪ੍ਰਬੰਧਨ ਨੂੰ ਸੂਚਿਤ ਕੀਤਾ ਗਿਆ ਸੀ ਕਿ ਇੱਕ ਸੰਭਾਵੀ ਖ਼ਤਰਾ ਹੋ ਸਕਦਾ ਹੈ, ਤਾਂ ਉਨ੍ਹਾਂ ਨੇ ਧਾਰਮਿਕ ਸਥਾਨ ਦੀ ਸੁਰੱਖਿਆ ਲਈ ਹਥਿਆਰਾਂ ਦੀ ਤਾਇਨਾਤੀ ਦੀ ਇਜਾਜ਼ਤ ਦੇ ਦਿੱਤੀ। ਇਸ ਲਈ ਹਥਿਆਰ ਤਾਇਨਾਤ ਕੀਤੇ ਗਏ।
ਪੰਜਾਬ ਵਿੱਚ ਤਾਇਨਾਤ ਫੌਜ ਦੇ ਏਅਰ ਡਿਫੈਂਡਰਾਂ ਨੇ ਸੋਮਵਾਰ ਨੂੰ ਦਾਅਵਾ ਕੀਤਾ ਸੀ ਕਿ ਆਪ੍ਰੇਸ਼ਨ ਸਿੰਦੂਰ ਤਹਿਤ ਹਵਾਈ ਹਮਲੇ ਤੋਂ ਬਾਅਦ ਪਾਕਿਸਤਾਨੀ ਫੌਜ ਨੇ ਹਰਿਮੰਦਰ ਸਾਹਿਬ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਜਦੋਂ ਪਾਕਿਸਤਾਨੀ ਫੌਜ ਆਪ੍ਰੇਸ਼ਨ ਸਿੰਦੂਰ ਦੌਰਾਨ ਤਿੰਨ ਦਿਨਾਂ ਤੱਕ ਛਾਉਣੀ ਅਤੇ ਏਅਰਬੇਸ ਨੂੰ ਨਿਸ਼ਾਨਾ ਬਣਾਉਣ ਵਿੱਚ ਅਸਮਰੱਥ ਰਹੀ, ਤਾਂ ਉਨ੍ਹਾਂ ਨੇ ਹਰਿਮੰਦਰ ਸਾਹਿਬ ਵੱਲ ਮਿਜ਼ਾਈਲਾਂ ਦਾਗੀਆਂ। ਹਾਲਾਂਕਿ, ਫੌਜ ਦੇ ਹਵਾਈ ਰੱਖਿਆ ਪ੍ਰਣਾਲੀਆਂ, ਜਿਨ੍ਹਾਂ ਵਿੱਚ ਆਕਾਸ਼ ਮਿਜ਼ਾਈਲ ਪ੍ਰਣਾਲੀ, L-70 ਹਵਾਈ ਰੱਖਿਆ ਤੋਪਾਂ ਸ਼ਾਮਲ ਸਨ, ਨੇ ਉਨ੍ਹਾਂ ਦੀਆਂ ਮਿਜ਼ਾਈਲਾਂ ਨੂੰ ਹਵਾ ਵਿੱਚ ਹੀ ਬੇਅਸਰ ਕਰ ਦਿੱਤਾ। ਮੇਜਰ ਕਾਰਤਿਕ ਸੀ. ਸ਼ੇਸ਼ਾਦਰੀ ਨੇ ਕਿਹਾ ਕਿ ਅਸਫਲ ਹੋਣ ਤੋਂ ਬਾਅਦ, ਪਾਕਿਸਤਾਨੀ ਫੌਜ ਨੇ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ।
ਇਹ ਵੀ ਪੜ੍ਹੋ : ਮੈਕਸੀਕੋ ‘ਚ ਫਸਿਆ ਫਿਰੋਜ਼ਪੁਰ ਦਾ ਮੁੰਡਾ, ਸਹੀ ਤਰੀਕੇ ਅਮਰੀਕਾ ਜਾਣ ਲਈ ਟ੍ਰੈਵਲ ਏਜੰਟ ਨੂੰ ਦਿੱਤੇ ਸਨ 35 ਲੱਖ ਰੁ.
ਇਸ ਦੇ ਨਾਲ ਹੀ ਭਾਰਤੀ ਫੌਜ ਦੇ ਦਾਅਵੇ ‘ਤੇ ਪਾਕਿਸਤਾਨ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਸੀ – ਅਸੀਂ ਇਨ੍ਹਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਰੱਦ ਕਰਦੇ ਹਾਂ। ਅਸੀਂ ਸਾਰੇ ਧਾਰਮਿਕ ਸਥਾਨਾਂ ਨੂੰ ਸਭ ਤੋਂ ਵੱਧ ਸਤਿਕਾਰ ਦਿੰਦੇ ਹਾਂ, ਅਤੇ ਹਰਿਮੰਦਰ ਸਾਹਿਬ ਵਰਗੇ ਪਵਿੱਤਰ ਸਥਾਨ ਨੂੰ ਨਿਸ਼ਾਨਾ ਬਣਾਉਣ ਦੀ ਕਲਪਨਾ ਵੀ ਨਹੀਂ ਕਰ ਸਕਦੇ। ਇਸ ਦੇ ਉਲਟ, ਭਾਰਤ ਨੇ 6-7 ਮਈ ਦੀ ਰਾਤ ਨੂੰ ਪਾਕਿਸਤਾਨ ਵਿੱਚ ਵੱਖ-ਵੱਖ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਇਆ ਸੀ। ਭਾਰਤੀ ਫੌਜ ਦੇ ਦੋਸ਼ ਇਸ ਅਸਵੀਕਾਰਨਯੋਗ ਕਾਰਵਾਈ ਤੋਂ ਧਿਆਨ ਨਹੀਂ ਹਟਾ ਸਕਦੇ। ਪਾਕਿਸਤਾਨ ਨੇ ਕਿਹਾ- ਅਸੀਂ ਸਿੱਖ ਧਰਮ ਦੇ ਕਈ ਪਵਿੱਤਰ ਸਥਾਨਾਂ ਦੇ ਰਖਵਾਲੇ ਹਾਂ। ਹਰ ਸਾਲ ਅਸੀਂ ਦੁਨੀਆ ਭਰ ਤੋਂ ਹਜ਼ਾਰਾਂ ਸਿੱਖ ਸ਼ਰਧਾਲੂਆਂ ਦਾ ਸਵਾਗਤ ਕਰਦੇ ਹਾਂ। ਪਾਕਿਸਤਾਨ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਸਾਹਿਬ ਕਰਤਾਰਪੁਰ ਤੱਕ ਵੀਜ਼ਾ-ਮੁਕਤ ਪਹੁੰਚ ਦੀ ਇਜਾਜ਼ਤ ਦਿੰਦਾ ਹੈ। ਅਜਿਹੀ ਸਥਿਤੀ ਵਿੱਚ, ਪਾਕਿਸਤਾਨ ਵੱਲੋਂ ਹਰਿਮੰਦਰ ਸਾਹਿਬ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਨਾਲ ਸਬੰਧਤ ਕੋਈ ਵੀ ਦਾਅਵਾ ਪੂਰੀ ਤਰ੍ਹਾਂ ਬੇਬੁਨਿਆਦ ਅਤੇ ਝੂਠਾ ਹੈ।
ਵੀਡੀਓ ਲਈ ਕਲਿੱਕ ਕਰੋ -:
























