ਜੰਮੂ-ਕਸ਼ਮੀਰ ਦੇ ਪਹਿਲਗਾਮ ‘ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪੰਜਾਬ ਨਾਲ ਲੱਗਦੀ ਪਾਕਿਸਤਾਨੀ ਸਰਹੱਦ ‘ਤੇ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਸੂਬੇ ਵਿੱਚ ਭਾਰਤ-ਪਾਕਿਸਤਾਨ ਸਰਹੱਦ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਤਰਨਤਾਰਨ, ਫਿਰੋਜ਼ਪੁਰ ਅਤੇ ਫਾਜ਼ਿਲਕਾ ਵਿੱਚ ਹੈ। ਸਾਰੀਆਂ ਥਾਵਾਂ ‘ਤੇ, ਸੀਮਾ ਸੁਰੱਖਿਆ ਬਲ (ਬੀਐਸਐਫ) ਨੇ ਆਪਣੀਆਂ ਕਵਿੱਕ ਰਿਐਕਸ਼ਨ ਟੀਮਾਂ (ਕਿਊਆਰਟੀ) ਨੂੰ ਸਰਗਰਮ ਕਰ ਦਿੱਤਾ ਹੈ।

ਇੱਥੇ ਚੌਕਸੀ ਵਧਾ ਦਿੱਤੀ ਗਈ ਹੈ। ਇਸ ਦੌਰਾਨ ਅੰਮ੍ਰਿਤਸਰ ਦੇ ਅਟਾਰੀ ਬਾਰਡਰ ਰਾਹੀਂ ਪਾਕਿਸਤਾਨੀ ਨਾਗਰਿਕਾਂ ਦੇ ਵਤਨ ਵਾਪਸੀ ਦਾ ਸਿਲਸਿਲਾ ਜਾਰੀ ਹੈ। ਅਟਾਰੀ ਸਰਹੱਦ ਅੱਗੇ ਸਥਾਪਤ ਕੀਤੀ ਚੈੱਕ ਪੋਸਟ ’ਤੇ ਜਾਮ ਲੱਗਾ ਹੋਇਆ ਹੈ। ਬੀਐਸਐਫ ਦੀਆਂ ਟੀਮਾਂ ਲੋਕਾਂ ਨੂੰ ਜਾਂਚ ਕਰਨ ਤੋਂ ਬਾਅਦ ਹੀ ਅੱਗੇ ਵਧਣ ਦੇ ਰਹੀਆਂ ਹਨ। ਸਰਕਾਰ ਨੇ ਵਾਪਸੀ ਲਈ 27 ਅਪ੍ਰੈਲ ਤੱਕ ਦਾ ਸਮਾਂ ਦਿੱਤਾ ਹੈ। ਮੈਡੀਕਲ ਵੀਜ਼ਾ ਵਾਲੇ ਲੋਕਾਂ ਨੂੰ 29 ਅਪ੍ਰੈਲ ਤੱਕ ਦੇਸ਼ ਛੱਡਣ ਲਈ ਕਿਹਾ ਗਿਆ ਹੈ।
ਇਸ ਦੌਰਾਨ ਪਹਿਲਗਾਮ ਅੱਤਵਾਦੀ ਹਮਲੇ ਦੇ ਵਿਰੋਧ ‘ਚ ਅੰਮ੍ਰਿਤਸਰ ‘ਚ ਵਪਾਰੀਆਂ ਨੇ ਬਾਜ਼ਾਰ ਬੰਦ ਰੱਖੇ। ਇਨ੍ਹਾਂ ਵਿੱਚ ਸ਼ਾਸਤਰੀ ਮਾਰਕੀਟ, ਗੱਗੂ ਮੰਡੀ, ਸਰਾਫਾ ਬਾਜ਼ਾਰ, ਕਟੜਾ ਜੈਮਲ ਸਿੰਘ, ਕਟੜਾ ਆਹਲੂਵਾਲੀਆ, ਪ੍ਰਤਾਪ ਬਾਜ਼ਾਰ, ਗੋਇਨਕਾ ਮਾਰਕੀਟ, ਪੁਰਾਣੀ ਮੰਡੀ ਅਤੇ ਫੋਕਲ ਪੁਆਇੰਟ ਸ਼ਾਮਲ ਹਨ। 16 ਮਾਰਕੀਟ ਐਸੋਸੀਏਸ਼ਨਾਂ ਦੇ ਮੈਂਬਰਾਂ ਨੇ ਹਾਲ ਗੇਟ ‘ਤੇ ਪਾਕਿਸਤਾਨ ਦਾ ਪੁਤਲਾ ਫੂਕਿਆ। ਸ਼ਹਿਰ ਵਿਚ ਥਾਂ-ਥਾਂ ‘ਤੇ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ।
ਅਟਾਰੀ ਸਰਹੱਦ ਤੋਂ ਪਾਕਿਸਤਾਨ ਜਾਣ ਵਾਲੇ ਲੋਕਾਂ ਦੀ ਲੰਬੀ ਲਾਈਨ ਲੱਗੀ ਹੋਈ ਹੈ। ਲੋਕ ਟੈਕਸੀ, ਆਟੋ ਅਤੇ ਹੋਰ ਵਾਹਨਾਂ ਰਾਹੀਂ ਅਟਾਰੀ ਸਰਹੱਦ ਪਹੁੰਚ ਰਹੇ ਹਨ। ਬੀਐਸਐਫ ਦੀਆਂ ਟੀਮਾਂ ਲੋਕਾਂ ਨੂੰ ਚੈਕਿੰਗ ਕਰਨ ਤੋਂ ਬਾਅਦ ਅੱਗੇ ਵਧਣ ਦੇ ਰਹੀਆਂ ਹਨ।
ਦੱਸ ਦੇਈਏ ਕਿ ਅੰਮ੍ਰਿਤਸਰ ਵਿਚ ਸ਼ੁੱਕਰਵਾਰ ਸ਼ਾਮ ਨੂੰ ਹੀ ਸਾਰੀਆਂ ਸੰਸਥਾਵਾਂ ਨੇ ਆਪਣੇ ਮੈਂਬਰਾਂ ਨੂੰ ਸ਼ਨੀਵਾਰ ਨੂੰ ਦੁਕਾਨਾਂ ਪੂਰੀ ਤਰ੍ਹਾਂ ਬੰਦ ਰੱਖਣ ਦੇ ਨਿਰਦੇਸ਼ ਦਿੱਤੇ ਸਨ। ਇਸ ਕਾਰਨ ਅੱਜ ਸਵੇਰ ਤੋਂ ਹੀ ਅੰਮ੍ਰਿਤਸਰ ਦੇ ਸਾਰੇ ਬਾਜ਼ਾਰ ਪੂਰੀ ਤਰ੍ਹਾਂ ਬੰਦ ਹਨ। ਬਜ਼ਾਰਾਂ ਵਿੱਚ ਸੰਨਾਟਾ ਛਾਇਆ ਹੋਇਆ ਹੈ।

ਵਪਾਰੀਆਂ ਨੇ ਇਕੱਠੇ ਹੋ ਕੇ ਪਾਕਿਸਤਾਨ ਅਤੇ ਪਾਕਿਸਤਾਨ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਪਾਕਿਸਤਾਨ ਦਾ ਪੁਤਲਾ ਫੂਕ ਕੇ ਆਪਣੇ ਗੁੱਸੇ ਦਾ ਪ੍ਰਗਟਾਵਾ ਕੀਤਾ। ਪ੍ਰਦਰਸ਼ਨਕਾਰੀਆਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਅੱਤਵਾਦੀਆਂ ਅਤੇ ਉਨ੍ਹਾਂ ਦੇ ਸਮਰਥਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ : ਆਂਗਣਵਾੜੀ ਵਰਕਰਾਂ ਨੂੰ ਮੁਹੱਈਆ ਕਰਵਾਏ ਜਾਣਗੇ ਸਮਾਰਟ ਫ਼ੋਨ, ਮਾਨ ਸਰਕਾਰ ਨੇ ਕੀਤਾ ਐਲਾਨ
ਅੰਮ੍ਰਿਤਸਰ ਪੀਸ ਗੁਡਜ਼ ਐਸੋਸੀਏਸ਼ਨ ਦੇ ਪ੍ਰਧਾਨ ਓਪੀ ਬੁਲਾਨੀ ਨੇ ਕਿਹਾ ਕਿ ਸਾਡੇ ਦੇਸ਼ ਦੇ ਸੈਨਿਕਾਂ ਅਤੇ ਨਾਗਰਿਕਾਂ ‘ਤੇ ਲਗਾਤਾਰ ਹਮਲੇ ਹੋ ਰਹੇ ਹਨ। ਅਜਿਹੇ ‘ਚ ਹੁਣ ਸਮਾਂ ਆ ਗਿਆ ਹੈ ਕਿ ਪੂਰਾ ਦੇਸ਼ ਇਕਜੁੱਟ ਹੋ ਕੇ ਅੱਤਵਾਦ ਵਿਰੁੱਧ ਆਵਾਜ਼ ਬੁਲੰਦ ਕਰੇ। ਅੱਜ ਦਾ ਬੰਦ ਸਾਡੇ ਵੱਲੋਂ ਸ਼ਾਂਤਮਈ ਪਰ ਪੱਕੇ ਵਿਰੋਧ ਦਾ ਪ੍ਰਤੀਕ ਹੈ। ਸ਼ਹਿਰ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਪੁਲਿਸ ਨੇ ਹਰ ਪ੍ਰਦਰਸ਼ਨ ਵਾਲੀ ਥਾਂ ‘ਤੇ ਵਾਧੂ ਬਲ ਤਾਇਨਾਤ ਕਰ ਦਿੱਤੇ ਹਨ।
ਵੀਡੀਓ ਲਈ ਕਲਿੱਕ ਕਰੋ -:
























