ਅੰਮ੍ਰਿਤਸਰ ਦੇ ਨੌਜਵਾਨ ਨਾਲ ਵਿਆਹ ਕਰਵਾ ਕੇ ਵਿਦੇਸ਼ ਲਿਜਾਣ ਦੇ ਨਾਂ ’ਤੇ ਠੱਗੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਕੁੜੀ ਵਿਆਹ ਦੇ 3 ਮਹੀਨੇ ਮਗਰੋਂ ਕੈਨੇਡਾ ਜਾ ਕੇ ਰਿਸ਼ਤੇ ਤੋਂ ਮੁਕਰ ਗਈ। ਦੱਸਿਆ ਜਾ ਰਿਹਾ ਹੈ ਕਿ ਤਿੰਨ ਸਾਲ ਪਹਿਲਾਂ ਨੌਜਵਾਨ ਤੇ ਕੁੜੀ ਦੀ ਕੋਰਟ ਮੈਰਿਜ ਹੋਈ ਸੀ। ਨੌਜਵਾਨ ਨੇ ਪਤਨੀ ਤੇ ਸਹੁਰਿਆਂ ‘ਤੇ ਧੋਖਾਧੜੀ ਰਚਣ ਦੇ ਇਲਜ਼ਾਮ ਲਾਏ ਹਨ। ਪੁਲਿਸ ਵੱਲੋਂ ਕੁੜੀ ਦੇ ਪਰਿਵਾਰ ਖਿਲਾਫ਼ FIR ਦਰਜ ਕਰ ਲਈ ਗਈ ਹੈ।
ਅੰਮ੍ਰਿਤਸਰ ਦੇ ਸੂਰਜਪਾਲ ਸਿੰਘ ਨਾਲ 2022 ਵਿੱਚ ਕੋਰਟ ਮੈਰਿਜ ਕਰਨ ਵਾਲੀ ਕੁੜੀ ਉਸੇ ਸਾਲ ਕੈਨੇਡਾ ਜਾ ਕੇ ਰਿਸ਼ਤੇ ਤੋਂ ਤਾਂ ਮੁਕਰ ਗਈ ਅਤੇ ਨਾਲ ਹੀ ਲੱਖਾਂ ਰੁਪਏ ਦੀ ਠੱਗੀ ਵੀ ਕਰ ਗਈ। ਨੌਜਵਾਨ ਦਾ ਦਾਅਵਾ ਹੈ ਕਿ ਉਸਦੀ ਪਤਨੀ, ਉਸਦੇ ਸਹੁਰੇ, ਸੱਸ ਤੇ ਸਾਲੀ ਨੇ ਮਿਲ ਕੇ ਧੋਖਾਧੜੀ ਰਚੀ, ਜਿਸ ਵਿੱਚ ਇੱਕ ਪੰਜਾਬ ਪੁਲਿਸ ਦੀ ਕਾਂਸਟੇਬਲ ਸੁਮਨਦੀਪ ਕੌਰ ਅਤੇ ਇੱਕ ਸਰਕਾਰੀ ਟੀਚਰ ਵੀ ਸ਼ਾਮਲ ਹਨ।
ਪਰਿਵਾਰ ਨੇ ਪੁਲਿਸ ਕੋਲ ਕਈ ਵਾਰ ਗੁਹਾਰ ਲਾਈ, ਪਰ ਪੁਲਿਸ ਵੱਲੋਂ ਗਰੀਬ ਪਰਿਵਾਰ ਦੀ ਕੋਈ ਸਾਰ ਨਹੀਂ ਲਈ ਗਈ। ਆਖ਼ਿਰ ਪਰਿਵਾਰ ਨੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਦਾ ਬੂਹਾ ਖਟਖਟਾਇਆ, ਜਿਸ ਤੋਂ ਬਾਅਦ FIR ਦਰਜ ਹੋਈ, ਪਰ FIR ਹੋਣ ਦੇ ਬਾਵਜੂਦ ਅਜੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ।
ਇਹ ਵੀ ਪੜ੍ਹੋ : ਮਸ਼ਹੂਰ ਉਦਯੋਗਪਤੀ ਰਜਿੰਦਰ ਗੁਪਤਾ ਪੰਜਾਬ ਤੋਂ ਨਿਰਵਿਰੋਧ ਚੁਣੇ ਗਏ ਰਾਜ ਸਭਾ ਮੈਂਬਰ
ਨੌਜਵਾਨ ਦਾ ਇਲਜ਼ਾਮ ਹੈ ਕਿ ਸੁਮਨਦੀਪ ਕੌਰ ਦੇ ਪੰਜਾਬ ਪੁਲਿਸ ‘ਚ ਹੋਣ ਕਰਕੇ ਮਾਮਲੇ ‘ਚ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਸੂਰਜਪਾਲ ਸਿੰਘ ਨੇ ਪੁਲਿਸ ਨੂੰ ਸਾਰੇ ਖਾਤਿਆਂ ਦੀਆਂ ਡਿਟੇਲਾਂ ਤੇ ਪੈਸਿਆਂ ਦੇ ਸਬੂਤ ਸੌਂਪੇ ਹਨ ਅਤੇ ਮੰਗ ਕੀਤੀ ਹੈ ਕਿ ਠੱਗੀ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਪਰਿਵਾਰ ਦਾ ਮਿਹਨਤ ਨਾਲ ਕਮਾਇਆ ਪੈਸਾ ਵਾਪਸ ਕੀਤਾ ਜਾਵੇ।
ਇਹ ਮਾਮਲਾ ਸਿਰਫ਼ ਇਕ ਪਰਿਵਾਰ ਦਾ ਨਹੀਂ, ਸਗੋਂ ਉਹਨਾਂ ਸੈਂਕੜਿਆਂ ਪਰਿਵਾਰਾਂ ਦੀ ਆਵਾਜ਼ ਹੈ ਜਿਨ੍ਹਾਂ ਨੂੰ ਵਿਦੇਸ਼ ਭੇਜਣ ਦੇ ਸੁਪਨੇ ਵਿਖਾ ਕੇ ਲੁੱਟਿਆ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:
























