ਇਕ ਵਾਰ ਬਾਲ ਗੁਰੂ ਸ੍ਰੀ ਅਰਜਨ ਦੇਵ ਜੀ ਵਿਹੜੇ ‘ਚ ਗੇਂਦ ਨਾਲ ਖੇਡ ਰਹੇ ਸਨ। ਖੇਡਦੇ ਸਮੇਂ ਉਨ੍ਹਾਂ ਦੀ ਗੇਂਦ ਰੁੜ੍ਹਦੀ-ਰੁੜ੍ਹਦੀ ਗੁਰੂ ਅਮਰਦਾਸ ਜੀ ਦੇ ਕਮਰੇ ਅੰਦਰ ਚਲੀ ਗਈ। ਬਾਲ ਅਰਜਨ ਦੇਵ ਵੀ ਗੇਂਦ ਦੇ ਮਗਰ ਰਿੜ੍ਹਦੇ ਹੋਏ ਅੰਦਰ ਜਾ ਵੜੇ। ਬਾਲ ਅਰਜਨ ਦੇਵ ਜੀ ਨੂੰ ਅੰਦਰ ਗੇਂਦ ਨਾ ਦਿਸੀ। ਉਨ੍ਹਾਂ ਸੋਚਿਆ ਗੇਂਦ ਪਲੰਘ ਉੱਪਰ ਹੋਵੇਗੀ। ਪਲੰਘ ਉੱਪਰ ਗੁਰੂ ਅਮਰਦਾਸ ਜੀ ਆਰਾਮ ਕਰ ਰਹੇ ਸਨ।
ਬਾਲ ਅਰਜਨ ਦੇਵ ਪਲੰਘ ‘ਤੇ ਚੜ੍ਹਨ ਲਈ ਪਾਵੇ ਦਾ ਸਹਾਰਾ ਲੈ ਕੇ ਖੜ੍ਹੇ ਹੋਏ ਤੇ ਫਿਰ ਬਾਹੀ ਨਾਲ ਲਟਕ ਕੇ ਉੱਤੇ ਚੜ੍ਹਨ ਦਾ ਯਤਨ ਕਰਨ ਲੱਗੇ। ਇਸ ਨਾਲ ਪਲੰਘ ਹਿੱਲਿਆ ਤੇ ਗੁਰੂ ਅਮਰਦਾਸ ਜੀ ਧਿਆਨ ਅੰਦਰੋਂ ਬੋਲੇ, ‘ਇਹ ਕੌਣ ਵੱਡਾ ਪੁਰਖ ਹੈ, ਜਿਸ ਨੇ ਸਾਡਾ ਪਲੰਘ ਹਿਲਾ ਦਿੱਤਾ!’ ਉਨ੍ਹਾਂ ਦੇਖਿਆ ਤਾਂ ਬਾਲ ਅਰਜਨ ਦੇਵ ਜੀ ਪਲੰਘ ‘ਤੇ ਚੜ੍ਹਨ ਦਾ ਯਤਨ ਕਰ ਰਹੇ ਸਨ। ਨਾਨਾ ਗੁਰੂ ਬਾਲ ਅਰਜਨ ਜੀ ਨੂੰ ਦੇਖ ਕੇ ਮੁਸਕਰਾਏ ਤੇ ਉਨ੍ਹਾਂ ਦੇ ਮੂੰਹੋਂ ਸਹਿਜ ਭਾਅ ਨਿਕਲਿਆ, ”ਕਾਹਲਾ ਨਾ ਪੈ, ਸਮਾਂ ਆਉਣ ‘ਤੇ ਇਸ ਆਸਣ ਦਾ ਵੀ ਮਾਲਕ ਹੋ ਜਾਵੇਂਗਾ।”
ਜਦੋਂ ਬੀਬੀ ਭਾਨੀ ਜੀ ਦੀ ਨਿਗਾਹ ਉਸ ਪਾਸੇ ਗਈ ਤਾਂ ਉਹ ਲਿੱਬੜੇ-ਤਿੱਬੜੇ ਬਾਲ ਅਰਜਨ ਨੂੰ ਫੜਨ ਲਈ ਦੌੜ੍ਹੇ ਤੇ ਉਹ ਪਲੰਘ ‘ਤੇ ਚੜ੍ਹ ਕੇ ਪਿਤਾ ਗੁਰੂ ਦੇ ਵਸਤਰ ਮੈਲੇ ਨਾ ਕਰ ਦੇਣ ਤੇ ਪਿਤਾ ਗੁਰੂ ਦੀ ਨੀਂਦ ਨਾ ਖ਼ਰਾਬ ਹੋ ਜਾਵੇ ਪਰ ਪਿਤਾ ਗੁਰੂ ਨੇ ਬੀਬੀ ਭਾਨੀ ਨੂੰ ਰੋਕ ਦਿੱਤਾ ਤੇ ਖ਼ੁਦ ਬਾਲ ਅਰਜਨ ਨੂੰ ਚੁੱਕਣ ਲਈ ਬਾਹਾਂ ਪਸਾਰੀਆਂ। ਬਾਲ ਅਰਜਨ ਸਰੀਰੋਂ ਭਾਰੇ ਸਨ। ਨਾਨਾ ਗੁਰੂ ਦੇ ਮੁੱਖੋਂ ਫਿਰ ਨਿੱਕਲਿਆ, ‘ਐਨਾ ਗਹੁਰਾ, ਬੋਹਿਥ ਜਿੰਨਾ, ਵੱਡਾ ਹੋ ਬਾਣੀ ਦਾ ਵੀ ਬੋਹਿਥ ਹੋਵੇਗਾ।” ਨਾਨਾ ਗੁਰੂ ਦੇ ਦੋਵੇਂ ਬਚਨ ਪੂਰੇ ਹੋਏ। ਬਾਲ ਅਰਜਨ ਗੁਰੂ ਰਾਮਦਾਸ ਜੀ ਤੋਂ ਬਾਅਦ ਪੰਜਵੇਂ ਗੁਰੂ ਹੋਏ ਤੇ ਬਾਣੀ ਬੋਹਿਥ ਪੱਖੋਂ ਉਨ੍ਹਾਂ ਨੇ ਆਦਿ ਗ੍ਰੰਥ ਜੀ ਦੀ ਸਾਜਨਾ ਹੀ ਨਹੀਂ ਕੀਤੀ ਸਗੋਂ ਇਸ ਅੰਦਰ ਦਰਜ ਬਾਣੀ ਵਿਚ ਉਨ੍ਹਾਂ ਦਾ ਖ਼ੁਦ ਦਾ ਬਾਣੀ ਭਾਗ ਕਰੀਬ 40 ਫ਼ੀਸਦੀ ਹੈ।
ਇਹ ਵੀ ਪੜ੍ਹੋ : ਚੰਗੇ ਬੰਦੇ ਨਾਲ ਕਿਉਂ ਹੁੰਦਾ ਹੈ ਮਾੜਾ ਤੇ ਮਾੜੇ ਨਾਲ ਕਿਉਂ ਹੁੰਦਾ ਹੈ ਚੰਗਾ-ਜਾਣੋ ਗੁਰੂ ਨਾਨਕ ਦੇਵ ਜੀ ਦੀ ਇਸ ਸਾਖੀ ਤੋਂ