ਅਮਰੀਕਾ ਤੋਂ ਡਿਪੋਰਟ ਕੀਤੇ ਗਏ 104 ਭਾਰਤੀਆਂ ਵਿੱਚ ਪੰਜਾਬ ਦੇ ਮੁਹਾਲੀ ਜ਼ਿਲ੍ਹੇ ਦਾ ਇੱਕ ਨੌਜਵਾਨ ਵੀ ਸ਼ਾਮਲ ਹੈ। ਅਮਰੀਕਾ ਵੱਲੋਂ ਚੁੱਕੇ ਗਏ ਇਸ ਕਦਮ ਨਾਲ ਜਿਥੇ ਪੰਜਾਬੀਆਂ ਸਣੇ ਕਈ ਭਾਰਤੀਆਂ ਦੇ ਸੁਪਨੇ ਟੁੱਟ ਗਏ ਉਥੇ ਹੀ ਕਈ ਪਰਿਵਾਰ ਕਰਜ਼ੇ ਹੇਠਾਂ ਦਬ ਗਏ, ਜਿਨ੍ਹਾਂ ਨੇ ਗਰੀਬੀ ਦੇ ਹਾਲਾਤਾਂ ਦੇ ਬਾਵਜੂਦ ਚੰਗੇ ਭਵਿੱਖ ਲਈ ਆਪਣੇ ਬੱਚੇ ਨੂੰ ਕਰਜ਼ਾ ਚੁੱਕ ਕੇ ਅਮਰੀਕਾ ਭੇਜਿਆ ਸੀ। ਇਨ੍ਹਾਂ ਵਿਚੋਂ ਇੱਕ ਨੌਜਵਾਨ ਹੈ ਮੋਹਾਲੀ ਦੇ ਲਾਲੜੂ ਦੇ ਪਿੰਡ ਜੜੌਤ ਦਾ ਰਹਿਣ ਵਾਲਾ 23 ਸਾਲਾਂ ਪ੍ਰਦੀਪ, ਜਿਸ ਦੇ ਪਰਿਵਾਰ ਨੇ ਨੌਜਵਾਨ ਨੂੰ ਵਿਦੇਸ਼ ਭੇਜਣ ਲਈ ਕਰਜ਼ਾ ਲਿਆ ਸੀ। ਹਾਲਾਂਕਿ ਉਹ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਗਿਆ ਸੀ, ਉਹ ਵੀ ਹੁਣ ਅਮਰੀਕਾ ਤੋਂ ਡਿਪੋਰਟ ਹੋ ਕੇ ਵਾਪਸ ਆ ਗਿਆ ਹੈ।
ਪ੍ਰਦੀਪ ਦੇ ਅਮਰੀਕਾ ਤੋਂ ਵਾਪਸ ਆਉਣ ਤੋਂ ਬਾਅਦ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਡਿੱਗ ਪਿਆ ਹੈ। ਪਰਿਵਾਰਕ ਮੈਂਬਰ ਮੂੰਹ ‘ਤੇ ਚਿੰਤਾ ਦੀਆਂ ਲਕੀਰਾਂ ਸਾਫ ਦਿਸ ਰਹੀਆਂ ਹਨ। ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ, ਘਰ ਦੀ ਹਾਲਤ ਵੇਖ ਕੇ ਸਾਫ ਪਤਾ ਲੱਗਦਾ ਹੈ ਕਿ ਪਰਿਵਾਰ ਦੀ ਆਰਥਿਕ ਹਾਲਤ ਕਿਹੋ ਜਿਹੀ ਹੈ। ਜਿਥੇ ਉਹ ਆਪਣੇ ਪੁੱਤਰ ਦੇ ਘਰ ਪਰਤਣ ਦੀ ਉਡੀਕ ਕਰ ਰਹੇ ਹਨ, ਉੱਥੇ ਹੀ ਉਨ੍ਹਾਂ ਨੂੰ ਆਪਣੇ ਸਿਰ ‘ਤੇ ਚੜ੍ਹੇ ਕਰਜ਼ੇ ਦਾ ਫਿਕਰ ਵੀ ਹੈ।
ਪ੍ਰਦੀਪ ਦੀ ਦਾਦੀ ਗੁਰਮੀਤ ਕੌਰ, ਮਾਤਾ ਨਰਿੰਦਰ ਕੌਰ ਉਰਫ ਰਾਣੀ, ਪਿਤਾ ਕੁਲਬੀਰ ਨੇ ਦੱਸਿਆ ਕਿ 6 ਮਹੀਨੇ ਪਹਿਲਾਂ ਉਨ੍ਹਾਂ ਨੇ ਜ਼ਮੀਨ ਵੇਚ ਕੇ ਅਤੇ ਕਰਜ਼ਾ ਲੈ ਕੇ 40-41 ਲੱਖ ਰੁਪਏ ਖਰਚ ਕੇ ਆਪਣੇ ਪੁੱਤਰ ਪ੍ਰਦੀਪ ਨੂੰ ਅਮਰੀਕਾ ਭੇਜ ਦਿੱਤਾ ਸੀ। ਉਹ ਡੌਂਕੀ ਰਾਹੀਂ ਰਾਹੀਂ ਅਮਰੀਕਾ ਵਿਚ ਦਾਖਲ ਹੋਇਆ ਸੀ, ਜਿਥੇ ਪਹੁੰਚਣ ਵਿਚ ਉਸ ਨੂੰ 6-7 ਮਹੀਨੇ ਲੱਗ ਗਏ, ਉਹ 15 ਦਿਨ ਪਹਿਲਾਂ ਹੀ ਅਮਰੀਕਾ ਪਹੁੰਚਿਆ ਸੀ, ਉਥੇ ਬਾਰਡਰ ਪੁਲਿਸ ਨੇ ਉਸ ਨੂੰ ਫੜ ਲਿਆ।
ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਲੱਖਾਂ ਰੁਪਏ ਖਰਚ ਕੇ ਪ੍ਰਦੀਪ ਨੂੰ ਅਮਰੀਕਾ ਭੇਜਿਆ ਸੀ ਤਾਂ ਜੋ ਉਹ ਵਿਦੇਸ਼ ਵਿਚ ਕਮਾਈ ਕਰਕੇ ਕਰਜ਼ਾ ਚੁਕਾ ਸਕੇ ਅਤੇ ਆਪਣੀ ਜ਼ਿੰਦਗੀ ਵੀ ਸੁਧਾਰ ਸਕੇ ਪਰ ਹੁਣ ਉਸ ਨੂੰ ਉਥੋਂ ਡਿਪੋਰਟ ਕਰ ਦਿੱਤਾ ਗਿਆ ਹੈ। ਕਰਜ਼ਾ ਲਾਉਣ ਲਈ ਉਨ੍ਹਾਂ ਦੀ ਉਮੀਦ ਪ੍ਰਦੀਪ ਦਾ ਅਮਰੀਕਾ ਵਿਚ ਰਹਿ ਕੇ ਕਮਾਈ ਕਰਨਾ ਸੀ, ਉਹ ਵੀ ਹੁਣ ਟੁੱਟ ਚੁੱਕੀ ਹੈ।
ਇਹ ਵੀ ਪੜ੍ਹੋ : ਪੰਜਾਬ ਤੋਂ ਅਯੁੱਧਿਆ ਤੱਕ ਦੌੜਣ ਵਾਲੇ ਬੱਚੇ ਦਾ ਪੰਜਾਬ ਪੁਲਿਸ ਨੇ ਕੀਤਾ ਸਨਮਾਨ, UKG ‘ਚ ਪੜ੍ਹਦਾ ਏ ਮੁਹੱਬਤ
ਕਰਜ਼ਾਈ ਪਰਿਵਾਰ ਨੇ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਹੈ। ਪ੍ਰਦੀਪ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ ਪੁੱਤਰ ਲਈ ਲਏ ਪੈਸੇ ਵਾਪਸ ਦਿਵਾਉਣ ਅਤੇ ਉਨ੍ਹਾਂ ਦੇ ਪੁੱਤਰ ਨੂੰ ਦੇਸ਼ ਜਾਂ ਸੂਬੇ ਵਿਚ ਹੀ ਰੁਜ਼ਗਾਰ ਦਿਵਾਉਣ ਵਿਚ ਉਨ੍ਹਾਂ ਦੀ ਮਦਦ ਕੀਤੀ ਜਾਣੀ ਚਾਹੀਦੀ ਹੈ। ਤਾਂ ਜੋ ਗਰੀਬ ਪਰਿਵਾਰਾਂ ਨੂੰ ਆਰਥਿਕ ਮਦਦ ਮਿਲ ਸਕੇ।
ਅਮਰੀਕਾ ਤੋਂ ਡਿਪੋਰਟ ਹੋਣ ਤੋਂ ਬਾਅਦ ਵਾਪਸ ਆਏ ਪ੍ਰਦੀਪ ਦਾ ਪਰਿਵਾਰ ਆਰਥਿਕ ਤੌਰ ‘ਤੇ ਕਮਜ਼ੋਰ ਹੈ। ਉਨ੍ਹਾਂ ਦੇ ਘਰ ਦੀ ਛੱਤ ਵੀ ਕੱਚੀ ਹੈ। ਘਰ ਦੀ ਛੱਤ ਲੱਕੜ ਦੀ ਬਣੀ ਹੋਈ ਹੈ। ਅਜਿਹੇ ‘ਚ ਪੁੱਤਰ ਦੇ ਵਿਦੇਸ਼ ਤੋਂ ਖਾਲੀ ਹੱਥ ਪਰਤਣ ਕਾਰਨ ਪਰਿਵਾਰ ਨੂੰ ਝਟਕਾ ਲੱਗਾ ਹੈ। ਕਿਉਂਕਿ ਪਰਿਵਾਰ ਨੇ ਪ੍ਰਦੀਪ ਨੂੰ ਵਿਦੇਸ਼ ਭੇਜਣ ਲਈ ਕਰਜ਼ਾ ਲਿਆ ਸੀ ਅਤੇ ਉਸ ਕਰਜ਼ੇ ਨੂੰ ਮੋੜਨ ਲਈ ਉਨ੍ਹਾਂ ਕੋਲ ਕੋਈ ਚਾਰਾ ਨਹੀਂ ਬਚਿਆ। ਇਸ ਲਈ ਪਰਿਵਾਰ ਨੇ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -:
