ਫਾਜ਼ਿਲਕਾ ਦੇ ਅਰਨੀਵਾਲਾ ਦੇ ਇੱਕ ਕਰੀਬ 15 ਸਾਲਾਂ ਮੁੰਡੇ ਨੂੰ ਉਸ ਦੇ ਗੁਆਂਢ ‘ਚ ਰਹਿੰਦੇ ਮੁੰਡਿਆਂ ਵੱਲੋਂ ਹੀ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ੀਆਂ ਨੇ ਲਾਸ਼ ਖੁਰਦ-ਬੁਰਦ ਕਰਨ ਲਈ ਖੇਤਾਂ ਦੇ ਵਿੱਚ ਬੇਅਬਾਦ ਜਗ੍ਹਾ ‘ਤੇ ਉੱਗੀਆਂ ਝਾੜੀਆਂ ਦੇ ਵਿੱਚ ਸੁੱਟ ਦਿੱਤੀ। ਪੁਲਿਸ ਨੇ ਇਸ ਵਾਰਦਾਤ ਨੂੰ ਸੁਲਝਾਉਂਦੇ ਹੋਏ ਇਸ ਘਟਨਾ ਵਿੱਚ ਸ਼ਾਮਿਲ ਤਿੰਨ ਦੋਸ਼ੀਆਂ ਨੂੰ ਕੁਝ ਘੰਟਿਆਂ ਵਿੱਚ ਹੀ ਕਾਬੂ ਕੀਤਾ ਹੈ, ਜਿਨ੍ਹਾਂ ਵਿੱਚ ਦੋ ਸਕੇ ਭਰਾ ਸ਼ਾਮਿਲ ਹਨ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੀਪਇੰਦਰ ਸਿੰਘ ਡੀਐਸਪੀ (ਡੀ) ਫਾਜਿਲਕਾ ਨੇ ਦੱਸਿਆ ਕਿ ਇਸ ਸਾਰੇ ਮਾਮਲੇ ਨੂੰ ਦੇਖਣ ਦੇ ਲਈ ਪੁਲਿਸ ਥਾਣਾ ਅਰਨੀਵਾਲਾ ਦੇ ਇੰਚਾਰਜ ਪਰਮਜੀਤ ਕੁਮਾਰ ਸਮੇਤ ਪੂਰੀ ਟੀਮ,ਸੀਆਈਏ ਸਟਾਫ ਅਤੇ ਹੋਰ ਟੀਮਾਂ ਪੂਰੀ ਮੁਸ਼ਤੈਦੀ ਨਾਲ ਕੰਮ ਕਰ ਰਹੀਆਂ ਸਨ। ਉਹਨਾਂ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਜਸਕਰਨ ਸਿੰਘ ਉਰਫ ਕਰਨ ਅਤੇ ਸੁਖਚੈਨ ਸਿੰਘ ਉਰਫ ਸੁੱਖੀ ਦੋਵੇਂ ਪੁੱਤਰਾਨ ਭਜਨ ਸਿੰਘ, ਜਤਿਨ ਕੁਮਾਰ ਉਰਫ ਮਾਨੂ ਪੁੱਤਰ ਵਰਿੰਦਰ ਸਿੰਘ ਵਾਸੀ ਅਰਨੀਵਾਲਾ ਨੂੰ ਕਾਬੂ ਕੀਤਾ ਹੈ।

ਪੁਲਿਸ ਨੂੰ ਸੁਖਵਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਉਸ ਦਾ ਬੇਟਾ ਹਰਪ੍ਰੀਤ ਸਿੰਘ ਉਮਰ ਕਰੀਬ 15 ਸਾਲ ਜੋ ਬੀਤੇ ਕੱਲ ਕਰੀਬ 11 ਵਜੇ ਸਾਈਕਲ ‘ਤੇ ਸਵਾਰ ਹੋ ਕੇ ਆਪਣੇ ਗੁਆਂਢ ਦੇ ਵਿੱਚ ਗਿਆ ਸੀ। ਜਦੋਂ ਸ਼ਾਮ ਤੱਕ ਨਹੀਂ ਘਰ ਪਰਤਿਆ ਤਾਂ ਉਸ ਦੇ ਮਾਪਿਆਂ ਵੱਲੋਂ ਭਾਲ ਕੀਤੀ ਗਈ। ਇਸੇ ਦੌਰਾਨ ਸੁਖਚੈਨ ਸਿੰਘ ਉਰਫ ਸੁੱਖੀ ਪੁੱਤਰ ਭਜਨ ਸਿੰਘ ਨੇ ਹਰਪ੍ਰੀਤ ਸਿੰਘ ਦੇ ਮਾਤਾ-ਪਿਤਾ ਕੋਲ ਆ ਕੇ ਹਰਪ੍ਰੀਤ ਦਾ ਸਾਈਕਲ ਦਿੱਤਾ।
ਜਦੋਂ ਹਰਪ੍ਰੀਤ ਸਿੰਘ ਦੇ ਮਾਤਾ-ਪਿਤਾ ਵੱਲੋਂ ਸੁੱਖੀ ਨੂੰ ਪੁੱਛਿਆ ਗਿਆ ਤਾਂ ਕੋਈ ਤਸੱਲੀਬਖਸ਼ ਜਵਾਬ ਨਾ ਦੇ ਸਕਿਆ। ਅੱਜ ਸਵੇਰੇ ਹਰਪ੍ਰੀਤ ਸਿੰਘ ਦੇ ਮਾਤਾ ਪਿਤਾ ਤੇ ਰਿਸ਼ਤੇਦਾਰ ਉਸ ਦੀ ਭਾਲ ਵਿੱਚ ਪਿੰਡ ਬਾਮ ਨੂੰ ਜਾਂਦੇ ਰਸਤੇ ਰਾਹੀਂ ਜਸਕਰਨ ਸਿੰਘ ਉਰਫ ਕਰਨ ਪੁੱਤਰ ਭਜਨ ਸਿੰਘ ਦੇ ਖੇਤ ਪੁੱਜੇ ਤਾਂ ਹਰਪ੍ਰੀਤ ਸਿੰਘ ਦੀ ਲਾਸ਼ ਜਸਕਰਨ ਸਿੰਘ ਉਰਫ ਕਰਨ ਦੇ ਖੇਤਾਂ ਵਿੱਚ ਖਾਲੀ ਬੇਅਬਾਦ ਉੱਗੀਆਂ ਝਾੜੀਆਂ ਦੇ ਵਿੱਚ ਇਕ ਥੈਲੇ (ਗੱਟੇ) ਵਿੱਚ ਮਿਲੀ, ਜਿਸ ਦੇ ਸਿਰ, ਮੂੰਹ, ਗਲੇ ਤੇ ਸਰੀਰ ਉੱਤੇ ਕਾਫੀ ਸੱਟਾਂ ਵੱਜੀਆਂ ਹੋਈਆਂ ਸਨ।
ਡੀਐਸਪੀ ਡੀ ਦੀਪਇੰਦਰ ਸਿੰਘ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਦੋਸ਼ੀਆਂ ਵੱਲੋਂ ਇਹ ਸਾਰੀ ਘਟਨਾ ਲਾਲਚ ਵਿੱਚ ਕੀਤੀ ਗਈ ਹੈ ਲੜਕੇ ਹਰਪ੍ਰੀਤ ਸਿੰਘ ਦੇ ਗਲ ਵਿੱਚ ਚੈਨੀ ਪਾਈ ਹੋਈ ਸੀ ਜੋ ਚਾਂਦੀ ਦੀ ਸੀ, ਉਸ ਨੂੰ ਲੁੱਟਣ ਵਾਸਤੇ ਉਸ ਦਾ ਕਤਲ ਕਰ ਦਿੱਤਾ। ਪੁਲਿਸ ਨੇ ਇਹ ਵੀ ਦੱਸਿਆ ਕਿ ਉਕਤ ਨਾਬਾਲਗ ਨੌਜਵਾਨ ਦੇ ਸਿਰ, ਮੂੰਹ, ਗਲੇ ‘ਤੇ ਇੱਟਾਂ ਮਾਰ ਕੇ ਉਸ ਦਾ ਕਤਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ‘250 ਤੋਂ ਵੱਧ ਕੰਪਨੀਆਂ ਨੇ ਪੰਜਾਬ ‘ਚ ਨਿਵੇਸ਼ ਦੀ ਹਾਮੀ ਭਰੀ’, ਜਾਪਾਨ ਤੋਂ ਪਰਤੇ CM ਮਾਨ ਵੱਲੋਂ ਪ੍ਰੈੱਸ ਕਾਨਫਰੰਸ
ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਦੋਸ਼ੀਆਂ ਨੂੰ ਮਾਣਯੋਗ ਕੋਰਟ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਇਸ ਮਾਮਲੇ ਵਿੱਚ ਹੋਰ ਪੁਛਗਿੱਛ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਜਸਕਰਨ ਸਿੰਘ ਦੀ ਉਮਰ ਕਰੀਬ 21 ਸਾਲ ਹੈ, ਜੋ ਬਾਰ੍ਹਵੀਂ ਫੇਲ੍ਹ ਹੈ ਅਤੇ ਜਤਿਨ ਕੁਮਾਰ ਦੀ ਉਮਰ 19 ਸਾਲ ਹੈ, ਜੋ ਬਾਰ੍ਹਵੀਂ ਜਮਾਤ ਪਾਸ ਹੈ। ਜਸਕਰਨ ਸਿੰਘ ਅਤੇ ਸੁਖਚੈਨ ਸਿੰਘ ਦੋਵੇਂ ਭਰਾ ਹਨ। ਸੁਖਚੈਨ ਸਿੰਘ ਸਿਰਫ 14 ਸਾਲ ਦਾ ਹੈ।
ਵੀਡੀਓ ਲਈ ਕਲਿੱਕ ਕਰੋ -:
























