ਫਾਜ਼ਿਲਕਾ ਵਿਚ ਲੁਟੇਰਿਆਂ ਨੇ ਇਕ ਵਪਾਰੀ ਨੂੰ ਉਸ ਦੇ ਗੋਦਾਮ ਵਿਚ ਬੰਧਕ ਬਣਾ ਕੇ ਰਾਡਾਂ ਨਾਲ ਕੁੱਟਿਆ ਅਤੇ 25 ਹਜ਼ਾਰ ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ। ਆਸ-ਪਾਸ ਦੇ ਲੋਕਾਂ ਨੇ ਉਸ ਨੂੰ ਜ਼ਖਮੀ ਹਾਲਤ ‘ਚ ਹਸਪਤਾਲ ‘ਚ ਭਰਤੀ ਕਰਵਾਇਆ।
ਗੁਲਸ਼ਨ ਕੁਮਾਰ ਵਾਸੀ ਬਾਬਾ ਕਲੋਨੀ, ਅਬੋਹਰ ਬ੍ਰੈੱਡ ਸਪਲਾਈ ਦਾ ਕੰਮ ਕਰਦਾ ਹੈ। ਮੰਗਲਵਾਰ ਰਾਤ ਬਜ਼ਾਰ ‘ਚੋਂ ਉਗਰਾਹੀ ਕਰ ਕੇ ਉਹ ਵਾਪਸ ਫਾਜ਼ਿਲਕਾ ਰੋਡ ਸਥਿਤ ਨਾਗਪਾਲ ਧਰਮਕੰਡਾ ਦੇ ਸਾਹਮਣੇ ਸਥਿਤ ਆਪਣੇ ਗੋਦਾਮ ‘ਚ ਆਇਆ ਤਾਂ ਉਸ ਦੇ ਪਿੱਛੇ ਬਾਈਕ ‘ਤੇ ਆਏ ਦੋ ਨੌਜਵਾਨ ਗੋਦਾਮ ‘ਚ ਦਾਖਲ ਹੋ ਗਏ। ਬਦਮਾਸ਼ ਪਹਿਲਾਂ ਹੀ ਘੇਰਾ ਪਾ ਕੇ ਬੈਠੇ ਸਨ। ਉਨ੍ਹਾਂ ਗੋਦਾਮ ਦਾ ਸ਼ਟਰ ਹੇਠਾਂ ਕਰਕੇ ਗੁਲਸ਼ਨ ਦੇ ਸਿਰ ‘ਤੇ ਰਾਡ ਨਾਲ ਹਮਲਾ ਕਰ ਦਿੱਤਾ ਅਤੇ ਉਸ ਦੀ ਜੇਬ ‘ਚੋਂ 25 ਹਜ਼ਾਰ ਰੁਪਏ ਦੀ ਨਕਦੀ ਕੱਢ ਕੇ ਫਰਾਰ ਹੋ ਗਏ।
ਜ਼ਖਮੀ ਹਾਲਤ ‘ਚ ਗੁਲਸ਼ਨ ਨੇ ਕਿਸੇ ਤਰ੍ਹਾਂ ਸ਼ਟਰ ਚੁੱਕ ਕੇ ਬਾਹਰ ਆ ਕੇ ਰੌਲਾ ਪਾਇਆ ਤਾਂ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਅਤੇ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ। ਘਟਨਾ ਦੀ ਸੂਚਨਾ ਥਾਣਾ ਸਿਟੀ ਵਨ ਦੀ ਪੁਲਿਸ ਨੂੰ ਦਿੱਤੀ ਗਈ।
ਗੁਲਸ਼ਨ ਕੁਮਾਰ ਨੇ ਦੱਸਿਆ ਕਿ ਇਹ ਘਟਨਾ ਰਾਤ ਕਰੀਬ ਸਾਢੇ ਕੁ ਅੱਠ ਵਜੇ ਵਾਪਰੀ। ਜਿਵੇਂ ਹੀ ਮੈਂ ਦੁਕਾਨ ਦਾ ਸ਼ਟਰ ਚੁੱਕਿਆ ਤੇ ਅੰਦਰ ਗਿਆ ਤਾਂ ਇੱਕ ਮੋਟਰਸਾਈਕਲ ਆ ਕੇ ਰੁਕਿਆ। ਇੱਕ ਮੁੰਡਾ ਅੰਦਰ ਆਇਆ ਦੂਜਾ ਬਾਹਰ ਰੁਕ ਗਿਆ ਤੇ 500 ਦੇ ਖੁੱਲ੍ਹੇ ਮੰਗਣ ਲੱਗਾ। ਇੰਨੇ ਨੂੰ ਦੂਜਾ ਮੁੰਡਾ ਅੰਦਰ ਆ ਗਿਆ ਤੇ ਦੋਵਾਂ ਨੇ ਮਾਰਨਾ-ਕੁੱਟਣਾ ਸ਼ੁਰੂ ਕਰ ਦਿੱਤਾ। ਸਿਰ ਵਿਚ ਰਾਡ ਮਾਰੀ ਤੇ 20-25 ਹਜ਼ਾਰ ਰੁਪਏ ਜੇਬ ਵਿਚੋਂ ਕੱਢ ਕੇ ਲੈ ਗਏ।
ਇਹ ਵੀ ਪੜ੍ਹੋ : ਗਿੱਦੜਬਾਹਾ ਦੇ ਪਿੰਡ ਕੋਟਭਾਈ ‘ਚ ਵਿਅਕਤੀ ਦੀ ਸ਼ੱਕੀ ਹਲਾਤਾਂ ‘ਚ ਹੋਈ ਮੌ.ਤ, ਫੋਰੈਂਸਿਕ ਟੀਮ ਕਰ ਰਹੀ ਜਾਂਚ
ਲੁੱਟ ਦੀ ਘਟਨਾ ਨੂੰ ਲੈ ਕੇ ਦੁਕਾਨਦਾਰਾਂ ਵਿੱਚ ਭਾਰੀ ਰੋਸ ਹੈ। ਲੋਕਾਂ ਨੇ ਦੱਸਿਆ ਕਿ ਅੱਜ ਤੱਕ ਲੋਕ ਮੰਡੀ ਵਿੱਚ ਆਪਣਾ ਕਾਰੋਬਾਰ ਵੀ ਨਹੀਂ ਕਰ ਸਕਦੇ ਅਤੇ ਦਿਨ-ਰਾਤ ਮਿਹਨਤ ਕਰਕੇ ਜੋ ਕੁਝ ਵੀ ਕਮਾਉਂਦੇ ਹਨ ਲੁਟੇਰੇ ਲੁੱਟ ਕੇ ਲੈ ਜਾਂਦੇ ਹਨ। ਜੇਕਰ ਹਾਲਾਤ ਇਸੇ ਤਰ੍ਹਾਂ ਚੱਲਦੇ ਰਹੇ ਤਾਂ ਉਨ੍ਹਾਂ ਨੂੰ ਪੰਜ ਵਜੇ ਤੋਂ ਬਾਅਦ ਘਰਾਂ ਵਿੱਚ ਬੈਠਣਾ ਪਵੇਗਾ। ਸੂਚਨਾ ਮਿਲਦੇ ਹੀ ਏਐਸਆਈ ਕਾਲਾ ਸਿੰਘ ਨੇ ਹਸਪਤਾਲ ਪਹੁੰਚ ਕੇ ਜ਼ਖ਼ਮੀ ਗੁਲਸ਼ਨ ਦੇ ਬਿਆਨ ਦਰਜ ਕੀਤੇ ਅਤੇ ਬੁੱਧਵਾਰ ਨੂੰ ਮੌਕੇ ’ਤੇ ਪਹੁੰਚ ਕੇ ਆਸ-ਪਾਸ ਲੱਗੇ ਕੈਮਰਿਆਂ ਦੀ ਜਾਂਚ ਕੀਤੀ।
ਵੀਡੀਓ ਲਈ ਕਲਿੱਕ ਕਰੋ -:
