ਪਾਕਿਸਤਾਨ ਸਰਹੱਦ ‘ਤੇ ਡੇਰਾ ਬਾਬਾ ਨਾਨਕ ਦੀ ਚੰਦੂ ਵਡਾਲਾ ਚੌਕੀ ਨੇੜੇ ਅੱਜ ਤੜਕੇ ਨਸ਼ਾ ਤਸਕਰਾਂ ਅਤੇ ਬੀਐਸਐਫ ਜਵਾਨਾਂ ਵਿਚਾਲੇ ਮੁਕਾਬਲਾ ਹੋਇਆ। ਇਸ ਘਟਨਾ ਵਿੱਚ ਇੱਕ ਬੀਐਸਐਫ ਜਵਾਨ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਤੜਕੇ ਸਰਹੱਦ ‘ਤੇ ਹਰਕਤ ਨੂੰ ਦੇਖਦੇ ਹੋਏ ਉਥੇ ਤਾਇਨਾਤ ਬੀਐਸਐਫ ਦੇ ਜਵਾਨਾਂ ਨੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਭਾਰਤ ਦੀ ਸਰਹੱਦ ‘ਚ ਦਾਖਲ ਹੋਣ ਵਾਲੇ ਲੋਕਾਂ ਨੂੰ ਰੁਕਣ ਲਈ ਕਿਹਾ। ਇਸ ‘ਤੇ ਘੁਸਪੈਠੀਆਂ ਨੇ ਗੋਲੀਆਂ ਚਲਾ ਦਿੱਤੀਆਂ। ਇਸ ਤੋਂ ਬਾਅਦ ਕਾਫੀ ਦੇਰ ਤੱਕ ਦੋਵਾਂ ਧਿਰਾਂ ਵਿਚਾਲੇ ਮੁੱਠਭੇੜ ਹੁੰਦੀ ਰਹੀ। ਇਸ ਤੋਂ ਬਾਅਦ ਸਰਚ ਆਪਰੇਸ਼ਨ ਜਾਰੀ ਹੈ। ਮੌਕੇ ਤੋਂ 49 ਕਿਲੋ ਹੈਰੋਇਨ ਅਤੇ ਕਈ ਪਿਸਤੌਲ ਅਤੇ ਕਾਰਤੂਸ ਬਰਾਮਦ ਕੀਤੇ ਗਏ ਹਨ।
ਮੁੱਢਲੀ ਜਾਂਚ ‘ਚ ਬੀਐੱਸਐੱਫ ‘ਤੇ ਗੋਲੀ ਚਲਾਉਣ ਵਾਲੇ ਨਸ਼ਾ ਤਸਕਰ ਲੱਗ ਰਹੇ ਸਨ ਪਰ ਜਾਂਚ ਤੋਂ ਬਾਅਦ ਪਤਾ ਲੱਗੇਗਾ ਕਿ ਬੀਐੱਸਐੱਫ ਨਾਲ ਮੁਕਾਬਲਾ ਕਰਨ ਵਾਲੇ ਨਸ਼ਾ ਤਸਕਰ ਸਨ ਜਾਂ ਅੱਤਵਾਦੀ। ਫਿਲਹਾਲ ਡੀਆਈਜੀ ਬੀਐੱਸਐੱਫ ਪ੍ਰਭਾਕਰ ਜੋਸ਼ੀ ਦਾ ਕਹਿਣਾ ਹੈ ਕਿ ਪੂਰੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਥੇ ਤਾਇਨਾਤ ਬੀਐੱਸਐੱਫ ਦੇ ਜਵਾਨਾਂ ਨੇ ਸਰਹੱਦ ‘ਤੇ ਧੁੰਦ ਦੇ ਵਿਚਕਾਰ ਇਹ ਹਰਕਤ ਵੇਖੀ। ਇਸ ‘ਤੇ ਬੀਐੱਸਐੱਫ ਦੇ ਜਵਾਨਾਂ ਨੇ ਚੇਤਾਵਨੀ ਦਿੱਤੀ ਤਾਂ ਦੂਜੇ ਪਾਸਿਓਂ ਗੋਲੀਬਾਰੀ ਸ਼ੁਰੂ ਹੋ ਗਈ। ਇਸ ਤੋਂ ਬਾਅਦ ਬੀਐੱਸਐੱਫ ਦੇ ਜਵਾਨਾਂ ਨੇ ਕਈ ਰਾਉਂਡ ਫਾਇਰਿੰਗ ਵੀ ਕੀਤੀ।
ਡੀਆਈਜੀ ਮੁਤਾਬਕ ਇਹ ਇੱਕ ਵੱਡਾ ਮੁਕਾਬਲਾ ਹੈ। ਗੋਲੀ ਲੱਗਣ ਨਾਲ ਬੀਐੱਸਐੱਫ ਦਾ ਇੱਕ ਜਵਾਨ ਜ਼ਖ਼ਮੀ ਹੋ ਗਿਆ ਹੈ ਅਤੇ ਉਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਦੱਸ ਦੇਈਏ ਕਿ ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ ਡੇਰਾ ਬਾਬਾ ਨਾਨਕ ਵਿੱਚ ਹੀ ਹੈ। ਸ੍ਰੀ ਕਰਤਾਰਪੁਰ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਵੱਡੀ ਗਿਣਤੀ ਵਿੱਚ ਸ਼ਰਧਾਲੂ ਇਸ ਲਾਂਘੇ ਵਿੱਚੋਂ ਲੰਘਦੇ ਹਨ।
ਮੁਕਾਬਲੇ ਤੋਂ ਬਾਅਦ ਬੀਐੱਸਐੱਫ ਅਤੇ ਪੰਜਾਬ ਪੁਲਿਸ ਦੇ ਜਵਾਨਾਂ ਨੇ ਪੂਰੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਤਲਾਸ਼ੀ ਮੁਹਿੰਮ ਦੌਰਾਨ ਹੁਣ ਤੱਕ ਕਰੀਬ 49 ਕਿਲੋ ਹੈਰੋਇਨ ਦੇ ਪੈਕਟ ਬਰਾਮਦ ਕੀਤੇ ਗਏ ਹਨ। ਇਸ ਤੋਂ ਇਲਾਵਾ ਕਈ ਪਿਸਤੌਲ ਅਤੇ ਕਾਰਤੂਸ ਵੀ ਬਰਾਮਦ ਹੋਏ ਹਨ। ਪੂਰੇ ਇਲਾਕੇ ਨੂੰ ਘੇਰ ਲਿਆ ਗਿਆ ਹੈ ਅਤੇ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: